ਭਾਰਤੀਆਂ ਲਈ 833 ਦਿਨ ਦਾ ਇੰਤਜ਼ਾਰ ਤੇ ਚੀਨੀਆਂ ਨੂੰ 2 ਦਿਨ 'ਚ ਵੀਜ਼ਾ? ਸਵਾਲਾਂ ਦੇ ਘੇਰੇ 'ਚ ਬਾਈਡੇਨ ਸਰਕਾਰ
Friday, Sep 30, 2022 - 01:53 PM (IST)
ਇੰਟਰਨੈਸ਼ਨਲ ਡੈਸਕ (ਬਿਊਰੋ): ਭਾਰਤ ਨਾਲ ਦੋਸਤੀ ਦਾ ਦਾਅਵਾ ਕਰਨ ਵਾਲਾ ਅਮਰੀਕਾ ਭਾਰਤੀ ਨਾਗਰਿਕਾਂ ਨੂੰ ਵੀਜ਼ਾ ਦੇਣ ਵਿਚ ਦੇਰੀ ਕਰ ਰਿਹਾ ਹੈ। ਜਿੱਥੇ ਭਾਰਤ ਵਿੱਚ ਅਮਰੀਕਾ ਦੇ ਵੀਜ਼ੇ ਦੀ ਉਡੀਕ ਸੂਚੀ 833 ਦਿਨਾਂ ਤੱਕ ਪਹੁੰਚ ਗਈ ਹੈ, ਉੱਥੇ ਚੀਨ ਵਿੱਚ ਇਹ ਵੀਜ਼ਾ ਸਿਰਫ਼ 2 ਦਿਨਾਂ ਵਿੱਚ ਮਿਲ ਰਿਹਾ ਹੈ। ਅਮਰੀਕਾ ਦੀ ਇਸ ਵੇਟਿੰਗ ਲਿਸਟ ਕਾਰਨ ਸੋਸ਼ਲ ਮੀਡੀਆ 'ਤੇ ਭਾਰਤੀਆਂ ਵਿਚ ਗੁੱਸਾ ਹੈ। ਵੀਜ਼ਿਆਂ ਦੀ ਇਸ ਉਡੀਕ ਸੂਚੀ ਦਾ ਮੁੱਦਾ ਭਾਰਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਆਪਣੀ ਅਮਰੀਕਾ ਫੇਰੀ ਦੌਰਾਨ ਵੀ ਉਠਾਇਆ ਸੀ। ਇਸ ਤੋਂ ਬਾਅਦ ਅਮਰੀਕੀ ਦੂਤਘਰ ਦੇ ਅਧਿਕਾਰੀ ਹਰਕਤ 'ਚ ਆਏ ਹਨ ਪਰ ਅਜੇ ਤੱਕ ਮਸਲਾ ਹੱਲ ਨਹੀਂ ਹੋਇਆ ਹੈ।
ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਮੁਤਾਬਕ ਨਵੀਂ ਦਿੱਲੀ ਵਿੱਚ ਅਮਰੀਕਾ ਦੇ B-1 ਅਤੇ B-2 ਵੀਜ਼ਾ ਲਈ ਬਿਨੈਕਾਰਾਂ ਨੂੰ 833 ਦਿਨ ਉਡੀਕ ਕਰਨੀ ਪਵੇਗੀ, ਜੋ ਕਿ ਦੋ ਸਾਲਾਂ ਤੋਂ ਵੱਧ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਇੰਟਰਵਿਊ ਦਾ ਮੌਕਾ ਮਿਲੇਗਾ। ਇਹ ਅੰਕੜਾ ਅਮਰੀਕੀ ਵਿਦੇਸ਼ ਵਿਭਾਗ ਦੀ ਤਾਜ਼ਾ ਸਥਿਤੀ 'ਤੇ ਆਧਾਰਿਤ ਹੈ। ਇਸ ਦਾ ਮਤਲਬ ਹੈ ਕਿ ਜੇਕਰ ਕੋਈ ਵਿਅਕਤੀ ਹੁਣ ਵਿਜ਼ਟਰ ਵੀਜ਼ਾ ਲਈ ਅਪਲਾਈ ਕਰਦਾ ਹੈ ਤਾਂ ਉਸ ਨੂੰ ਜਨਵਰੀ 2025 ਤੱਕ ਉਡੀਕ ਕਰਨੀ ਪਵੇਗੀ। ਦੂਜੇ ਪਾਸੇ ਜੇਕਰ ਅਸੀਂ ਕੋਲਕਾਤਾ ਸਥਿਤ ਕੌਂਸਲੇਟ ਜਨਰਲ ਦੀ ਗੱਲ ਕਰੀਏ, ਤਾਂ ਇਹ ਉਡੀਕ ਸੂਚੀ 767 ਦਿਨਾਂ ਦੀ ਹੈ।ਇਸ ਦੇ ਨਾਲ ਹੀ ਮੁੰਬਈ ਸਥਿਤ ਅਮਰੀਕੀ ਵਣਜ ਦੂਤਘਰ 'ਚ ਸਥਿਤੀ ਹੋਰ ਵੀ ਖਰਾਬ ਹੈ। ਇੱਥੇ ਉਡੀਕ ਸੂਚੀ 848 ਦਿਨਾਂ ਦੀ ਹੈ।
ਪੜ੍ਹੋ ਇਹ ਅਹਿਮ ਖ਼ਬਰ-ਇਟਲੀ : ਨਵੀਂ ਸਰਕਾਰ ਬਣਨ ਤੋਂ ਪਹਿਲਾਂ ਹੀ ਗੱਠਜੋੜ 'ਚ ਖੜਕੀ, ਮੰਤਰੀ ਮੰਡਲ ਨੂੰ ਲੈ ਕੇ ਵੀ ਖਿੱਚੋਤਾਣ
ਬੀਜਿੰਗ ਵਿੱਚ ਅਮਰੀਕੀ ਵੀਜ਼ਾ ਲਈ ਇੰਟਰਵਿਊ ਸਿਰਫ਼ 2 ਦਿਨਾਂ ਵਿੱਚ
ਇਸ ਦੇ ਉਲਟ ਜੇਕਰ ਚੀਨੀ ਸ਼ਹਿਰਾਂ ਬੀਜਿੰਗ, ਸ਼ੰਘਾਈ ਅਤੇ ਗੁਆਂਗਜ਼ੂ ਦੀ ਗੱਲ ਕਰੀਏ ਤਾਂ ਇੱਥੇ ਭਾਰਤੀ ਸ਼ਹਿਰਾਂ ਦੇ ਮੁਕਾਬਲੇ ਉਡੀਕ ਸੂਚੀ ਬਹੁਤ ਘੱਟ ਹੈ। ਚੀਨ ਦੀ ਰਾਜਧਾਨੀ ਬੀਜਿੰਗ 'ਚ ਅਮਰੀਕਾ ਦੇ ਵੀਜ਼ਾ ਲਈ ਇੰਟਰਵਿਊ ਦਾ ਸਮਾਂ ਸਿਰਫ 2 ਦਿਨਾਂ 'ਚ ਮਿਲ ਰਿਹਾ ਹੈ। ਇਸ ਦੌਰਾਨ ਵਿਦੇਸ਼ ਮੰਤਰੀ ਜੈਸ਼ੰਕਰ ਵੱਲੋਂ ਅਮਰੀਕੀ ਵਿਦੇਸ਼ ਮੰਤਰੀ ਕੋਲ ਇਹ ਮੁੱਦਾ ਉਠਾਉਣ ਤੋਂ ਬਾਅਦ ਅਮਰੀਕੀ ਦੂਤਘਰ ਨੇ ਮੰਗਲਵਾਰ ਨੂੰ ਘੋਸ਼ਣਾ ਕੀਤੀ ਕਿ ਉਸਨੇ ਸਾਰੀਆਂ ਸ਼੍ਰੇਣੀਆਂ ਲਈ ਵੀਜ਼ਾ ਮੁਲਾਕਾਤਾਂ ਖੋਲ੍ਹ ਦਿੱਤੀਆਂ ਹਨ।
ਅਮਰੀਕੀ ਦੂਤਘਰ ਨੇ ਕਿਹਾ ਕਿ ਵੀਜ਼ਿਆਂ ਦੀ ਮੰਗ ਜ਼ਿਆਦਾ ਹੋਣ ਕਾਰਨ ਇਹ ਉਡੀਕ ਸੂਚੀ ਬਹੁਤ ਲੰਬੀ ਹੈ। ਇਸ ਦਾ ਇੱਕ ਵੱਡਾ ਕਾਰਨ ਇਹ ਹੈ ਕਿ ਕੋਰੋਨਾ ਮਹਾਮਾਰੀ ਕਾਰਨ ਮਾਰਚ 2020 ਵਿੱਚ ਕਰਮਚਾਰੀਆਂ ਦੀ ਗਿਣਤੀ ਘਟਾਈ ਗਈ ਸੀ। ਹੋਰ ਵੀ ਸਮੱਸਿਆਵਾਂ ਆ ਰਹੀਆਂ ਹਨ। ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਭਾਰਤੀ ਵਿਦੇਸ਼ ਮੰਤਰੀ ਜੈਸ਼ੰਕਰ ਨੂੰ ਮੁੜ ਭਰੋਸਾ ਦਿਵਾਇਆ ਸੀ ਕਿ ਅਮਰੀਕਾ ਇਨ੍ਹਾਂ ਸਮੱਸਿਆਵਾਂ ਨੂੰ ਜਲਦੀ ਹੱਲ ਕਰੇਗਾ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।