106 ਸਾਲਾਂ 'ਚ ਪਹਿਲੀ ਵਾਰ ਬ੍ਰਿਟੇਨ 'ਚ ਨਰਸਿੰਗ ਵਰਕਰ ਹੜਤਾਲ 'ਤੇ, PM ਸੁਨਕ ਲਿਆਉਣਗੇ ਕਾਨੂੰਨ

Friday, Dec 16, 2022 - 10:57 AM (IST)

106 ਸਾਲਾਂ 'ਚ ਪਹਿਲੀ ਵਾਰ ਬ੍ਰਿਟੇਨ 'ਚ ਨਰਸਿੰਗ ਵਰਕਰ ਹੜਤਾਲ 'ਤੇ, PM ਸੁਨਕ ਲਿਆਉਣਗੇ ਕਾਨੂੰਨ

ਲੰਡਨ (ਬਿਊਰੋ): ਬ੍ਰਿਟੇਨ ਦੀ ਨੈਸ਼ਨਲ ਹੈਲਥ ਸਰਵਿਸ (ਐੱਨ.ਐੱਚ.ਐੱਸ.) ਨਾਲ ਜੁੜੇ ਇਕ ਲੱਖ ਤੋਂ ਜ਼ਿਆਦਾ ਨਰਸਿੰਗ ਵਰਕਰ ਹੜਤਾਲ 'ਤੇ ਚਲੇ ਗਏ ਹਨ। ਐੱਨ.ਐੱਚ.ਐੱਸ. ਦੇ 74 ਸਾਲਾਂ ਦੇ ਇਤਿਹਾਸ ਅਤੇ ਬ੍ਰਿਟਿਸ਼ ਨਰਸਿੰਗ ਯੂਨੀਅਨ ਦੇ 106 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਇੰਨੀ ਵੱਡੀ ਹੜਤਾਲ ਹੋਈ ਹੈ। ਹੜਤਾਲ ਦੀ ਅਗਵਾਈ ਕਰ ਰਹੇ ਰਾਇਲ ਕਾਲਜ ਆਫ ਨਰਸਿੰਗ ਦੇ ਮੁਖੀ ਪੈਟ ਕੁਲੇਨ ਨੇ ਕਿਹਾ ਕਿ ਇਹ ਦੁਖਦਾਈ ਦਿਨ ਹੈ। ਕੋਈ ਵੀ ਨਰਸਿੰਗ ਵਰਕਰ ਹੜਤਾਲ 'ਤੇ ਨਹੀਂ ਜਾਣਾ ਚਾਹੁੰਦਾ। ਸਰਕਾਰ ਨੇ ਉਨ੍ਹਾਂ ਨੂੰ ਅਜਿਹਾ ਕਰਨ ਲਈ ਮਜਬੂਰ ਕੀਤਾ ਹੈ। ਇਸ ਦੇ ਨਾਲ ਹੀ ਬ੍ਰਿਟੇਨ ਦੇ ਪੀ.ਐੱਮ ਸੁਨਕ ਹੜਤਾਲ ਖ਼ਿਲਾਫ਼ ਕਾਨੂੰਨ ਲਿਆਉਣ ਦੀ ਤਿਆਰੀ ਕਰ ਰਹੇ ਹਨ।

ਕੁਲੇਨ ਦੇ ਅਨੁਸਾਰ ਇਕ ਦਹਾਕੇ ਵਿਚ ਨਰਸਿੰਗ ਵਰਕਰਾਂ ਦੀਆਂ ਤਨਖਾਹਾਂ ਵਿੱਚ ਦਹਾਕੇ ਵਿੱਚ ਵਾਧਾ ਕਰਨ ਦੀ ਬਜਾਏ ਕਟੌਤੀ ਕੀਤੀ ਗਈ ਹੈ।ਟੈਕਸ ਅਤੇ ਮਹਿੰਗਾਈ ਦੇ ਬੋਝ ਹੇਠ ਜਿਊਣਾ ਨਰਸਿੰਗ ਵਰਕਰਾਂ ਲਈ ਚੁਣੌਤੀ ਬਣ ਗਿਆ ਹੈ। ਨਰਸਿੰਗ ਵਰਕਰ 19 ਫੀਸਦੀ ਤਨਖਾਹ ਵਾਧੇ ਦੀ ਮੰਗ ਕਰ ਰਹੇ ਹਨ। ਸਰਕਾਰ ਸਿਰਫ 5% 'ਤੇ ਅੜੀ ਹੋਈ ਹੈ। ਹੜਤਾਲ ਕਾਰਨ 76 ਤੋਂ ਵੱਧ ਹਸਪਤਾਲਾਂ ਵਿੱਚ 70 ਹਜ਼ਾਰ ਤੋਂ ਵੱਧ ਮਰੀਜ਼ਾਂ ਦੀ ਡਾਕਟਰ ਨਾਲ ਮਿਲਣ ਦਾ ਸਮਾਂ ਰੱਦ ਕਰ ਦਿੱਤਾ ਗਿਆ ਹੈ। ਸਿਹਤ ਮੰਤਰੀ ਸਟੀਵ ਬਾਰਕਲੇ ਨੇ ਕਿਹਾ ਕਿ ਹੜਤਾਲ ਗ਼ਲਤ ਹੈ। ਗੱਲਬਾਤ ਲਈ ਦਰਵਾਜ਼ਾ ਹਮੇਸ਼ਾ ਖੁੱਲ੍ਹਾ ਹੈ। ਉਨ੍ਹਾਂ ਕਿਹਾ ਕਿ ਉਹ ਸਰਕਾਰ, ਫ਼ੌਜ ਅਤੇ ਹੋਰ ਅਦਾਰਿਆਂ ਨਾਲ ਲਗਾਤਾਰ ਸੰਪਰਕ ਵਿੱਚ ਹਨ, ਤਾਂ ਜੋ ਇਸ ਨੂੰ ਜਲਦੀ ਤੋਂ ਜਲਦੀ ਹੱਲ ਕੀਤਾ ਜਾ ਸਕੇ।

ਪੜ੍ਹੋ ਇਹ ਅਹਿਮ ਖ਼ਬਰ-ਮਾਣ ਦੀ ਗੱਲ, ਬ੍ਰਿਟੇਨ 'ਚ ਭਾਰਤੀ ਮੂਲ ਦੇ 7 ਲੋਕ 'ਯੰਗ ਡੈਂਟਿਸਟ ਅਵਾਰਡ' ਨਾਲ ਸਨਮਾਨਿਤ

ਰੇਲਵੇ ਅਤੇ ਡਾਕ ਕਰਮਚਾਰੀ ਵੀ ਹੜਤਾਲ 'ਤੇ 

ਬ੍ਰਿਟਿਸ਼ ਸਰਕਾਰ ਇੱਕੋ ਸਮੇਂ ਕਈ ਹੜਤਾਲਾਂ ਨਾਲ ਜੂਝ ਰਹੀ ਹੈ। ਨਰਸਿੰਗ ਵਰਕਰਾਂ ਤੋਂ ਪਹਿਲਾਂ ਰੇਲਵੇ ਅਤੇ ਡਾਕ ਕਰਮਚਾਰੀ ਵੀ ਹੜਤਾਲ 'ਤੇ ਹਨ। ਬ੍ਰਿਟੇਨ ਵਿਚ ਸਿਰਫ ਇਕ ਸਾਲ ਵਿਚ ਮਹਿੰਗਾਈ 10% ਤੋਂ ਵੱਧ ਵਧੀ ਹੈ, ਪਰ ਤਨਖਾਹ ਵਿਚ ਵਾਧਾ ਸਿਰਫ 4% ਜਾਂ ਘੱਟ ਹੋਇਆ ਹੈ। ਇਸੇ ਕਾਰਨ ਮੁਲਾਜ਼ਮਾਂ ਤੇ ਮਾਲਕਾਂ ਵਿਚਾਲੇ ਤਕਰਾਰ ਦਾ ਮਾਹੌਲ ਬਣਿਆ ਹੋਇਆ ਹੈ।

ਪੀ.ਐੱਮ. ਸੁਨਕ ਲਿਆਉਣਗੇ ਕਾਨੂੰਨ

ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਕਿਹਾ ਕਿ ਉਹ ਐਮਰਜੈਂਸੀ ਸੇਵਾਵਾਂ ਦੇ ਕਰਮਚਾਰੀਆਂ ਲਈ ਹੜਤਾਲ ਵਿਰੋਧੀ ਕਾਨੂੰਨ ਪੇਸ਼ ਕਰਨ 'ਤੇ ਵਿਚਾਰ ਕਰ ਰਹੇ ਹਨ। ਉਮੀਦ ਹੈ ਕਿ ਯੂਨੀਅਨ ਆਗੂ ਸਮਝਣਗੇ ਕਿ ਕ੍ਰਿਸਮਿਸ ਤੋਂ ਠੀਕ ਪਹਿਲਾਂ ਅਜਿਹਾ ਹੰਗਾਮਾ ਕਰਨਾ ਗ਼ਲਤ ਹੈ, ਜਦਕਿ ਸਰਕਾਰ ਉਨ੍ਹਾਂ ਦੀਆਂ ਮੰਗਾਂ ਨੂੰ ਨਿਰਪੱਖ ਢੰਗ ਨਾਲ ਮੰਨਣ ਲਈ ਤਿਆਰ ਹੈ।

ਸਰਕਾਰ ਨੇ ਕਹੀ ਇਹ ਗੱਲ

ਸਰਕਾਰ ਨੇ ਕਿਹਾ ਹੈ ਕਿ ਸਰਕਾਰ ਤਨਖਾਹਾਂ ਵਿੱਚ ਇੰਨੇ ਵੱਡੇ ਵਾਧੇ ਦਾ ਬੋਝ ਨਹੀਂ ਝੱਲ ਸਕਦੀ। ਸਰਕਾਰ ਨੇ ਮਾਮੂਲੀ ਵਾਧੇ ਦੀ ਪੇਸ਼ਕਸ਼ ਕੀਤੀ ਹੈ। ਰਾਇਲ ਕਾਲਜ ਆਫ ਨਰਸਿੰਗ ਦੇ ਜਨਰਲ ਸਕੱਤਰ ਪੈਟ ਕਲੇਨ ਨੇ ਹੜਤਾਲ ਤੋਂ ਪਹਿਲਾਂ ਇੱਕ ਵੀਡੀਓ ਵਿੱਚ ਕਿਹਾ ਸੀ ਕਿ ਅਸੀਂ ਮਰੀਜ਼ਾਂ ਦੀ ਸੇਵਾ ਕਰਨ ਲਈ ਹਮੇਸ਼ਾ ਵਚਨਬੱਧ ਹਾਂ ਅਤੇ ਰਹਾਂਗੇ। ਯੂਨੀਅਨ ਨੇ ਆਪਣੇ 300,000 ਤੋਂ ਵੱਧ ਮੈਂਬਰਾਂ ਦੀ ਵੋਟ ਤੋਂ ਬਾਅਦ ਹੜਤਾਲ ਕਰਨ ਦਾ ਫ਼ੈਸਲਾ ਕੀਤਾ, ਜੋ ਕਿ ਸਿਹਤ ਸੰਭਾਲ ਕਰਮਚਾਰੀਆਂ ਦਾ ਲਗਭਗ ਤੀਜਾ ਹਿੱਸਾ ਬਣਦਾ ਹੈ। ਨਰਸਾਂ 20 ਦਸੰਬਰ ਨੂੰ ਦੁਬਾਰਾ ਹੜਤਾਲ ਕਰਨ ਦੀ ਯੋਜਨਾ ਬਣਾ ਰਹੀਆਂ ਹਨ, ਜਦੋਂ ਕਿ ਐਂਬੂਲੈਂਸ ਸੇਵਾ 21 ਦਸੰਬਰ ਅਤੇ 28 ਦਸੰਬਰ ਨੂੰ ਬੰਦ ਰਹੇਗੀ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News