25,000 ਫੁੱਟ ਦੀ ਉਚਾਈ ''ਤੇ ਪਾਇਲਟ ਨੂੰ ਪਿਆ ਮਿਰਗੀ ਦਾ ਦੌਰਾ, ਵਾਲ-ਵਾਲ ਬਚੇ ਯਾਤਰੀ

Friday, Jun 15, 2018 - 01:10 PM (IST)

25,000 ਫੁੱਟ ਦੀ ਉਚਾਈ ''ਤੇ ਪਾਇਲਟ ਨੂੰ ਪਿਆ ਮਿਰਗੀ ਦਾ ਦੌਰਾ, ਵਾਲ-ਵਾਲ ਬਚੇ ਯਾਤਰੀ

ਸਕਾਟਲੈਂਡ— ਮੰਜ਼ਿਲ 'ਤੇ ਪਹੁੰਚਣ ਤੋਂ ਪਹਿਲਾਂ ਹੀ ਇਕ ਫਲਾਈਟ ਵਿਚ ਸਫਰ ਕਰ ਰਹੇ ਯਾਤਰੀਆਂ ਅਤੇ ਕੈਬਿਨ ਕਰੂ ਦੀ ਜਾਨ ਉਸ ਸਮੇਂ ਖਤਰੇ ਵਿਚ ਪੈ ਗਈ ਜਦੋਂ ਜਹਾਜ਼ ਦੇ ਕੋ-ਪਾਇਲਟ ਨੂੰ ਅਚਾਨਕ ਮਿਰਗੀ ਦਾ ਦੌਰਾ ਪੈ ਗਿਆ। ਹਾਲਾਂਕਿ ਜਹਾਜ਼ ਕਮਾਂਡਰ ਅਤੇ ਸੀਨੀਅਰ ਕੈਬਿਨ ਸਹਾਇਕ ਦੀ ਸੂਝ-ਬੂਝ ਨਾਲ ਸਥਿਤੀ ਨੂੰ ਸਮਾਂ ਰਹਿੰਦੇ ਹੀ ਕਾਬੂ ਵਿਚ ਕਰ ਲਿਆ ਗਿਆ ਅਤੇ ਜਹਾਜ਼ ਦੀ ਸੁਰੱਖਿਅਤ ਲੈਂਡਿੰਗ ਕਰਵਾਈ ਗਈ, ਜਿਸ ਤੋਂ ਬਾਅਦ ਕੋ-ਪਾਇਲਟ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ 3 ਘੰਟੇ ਬਾਅਦ ਛੁੱਟੀ ਦੇ ਦਿੱਤੀ ਗਈ।
ਇਕ ਖਬਰ ਮੁਤਾਬਕ ਇਹ ਪੂਰੀ ਘਟਨਾ ਪਿਛਲੇ ਸਾਲ 5 ਅਗਸਤ ਦੀ ਹੈ। ਇਸ ਘਟਨਾ ਨਾਲ ਸਬੰਧਤ ਰਿਪੋਰਟ ਹੁਣ ਜਾਰੀ ਕੀਤੀ ਗਈ ਹੈ। ਰਿਪੋਰਟ ਮੁਤਾਬਕ ਘਟਨਾ ਵਾਲੇ ਦਿਨ ਫਲਾਈਬੇ ਦੀ ਫਲਾਈਟ ਯਾਤਰੀਆਂ ਨੂੰ ਲੈ ਕੇ ਸਕਾਟਲੈਂਡ ਦੇ ਇਨਵਰਨੈੱਸ ਵੱਲ ਜਾ ਰਹੀ ਸੀ। ਉਦੋਂ ਅਚਾਨਕ ਹੀ ਜਹਾਜ਼ ਨੂੰ ਆਪਰੇਟ ਕਰ ਰਹੇ ਕੋ-ਪਾਇਲਟ ਦਾ ਸਰੀਰ ਆਕੜ ਗਿਆ ਅਤੇ ਜਹਾਜ਼ 'ਤੇ ਉਨ੍ਹਾਂ ਦਾ ਕੰਟਰੋਲ ਨਹੀਂ ਰਿਹਾ, ਜਿਸ ਕਾਰਨ ਜਹਾਜ਼ ਬੁਰੀ ਤਰ੍ਹਾਂ ਝਟਕੇ ਖਾਣ ਲੱਗ ਗਿਆ। ਤੁਹਾਨੂੰ ਦੱਸ ਦੇਈਏ ਕਿ ਉਸ ਸਮੇਂ ਜਹਾਜ਼ 25,000 ਫੁੱਟ ਦੀ ਉਚਾਈ 'ਤੇ ਸੀ।
ਜਹਾਜ਼ ਕਮਾਂਡਰ ਅਤੇ ਸੀਨੀਅਰ ਸਟਾਫ ਨੇ ਸੰਭਾਲੀ ਸਥਿਤੀ—
ਇਸ ਸਥਿਤੀ ਨੂੰ ਦੇਖਦੇ ਹੋਏ ਜਹਾਜ਼ ਕਮਾਂਡਰ ਨੇ ਤੁਰੰਤ ਜਹਾਜ਼ ਨੂੰ ਕਾਬੂ ਵਿਚ ਕੀਤਾ। ਹਾਲਾਂਕਿ ਜਹਾਜ਼ ਦੇ ਝਟਕੇ ਖਾਣ ਨਾਲ ਇਕ ਕਰੂ ਮੈਂਬਰ ਨੂੰ ਸੱਟ ਵੀ ਲੱਗ ਗਈ। ਇਸ ਦੌਰਾਨ ਸੀਨੀਅਰ ਕੈਬਿਨ ਸਹਾਇਕ ਤੁਰੰਤ ਕਾਕਪਿੱਟ ਵੱਲ ਗਈ। ਉਨ੍ਹਾਂ ਨੂੰ ਹਾਲਾਤ ਸਮਝਣ ਵਿਚ ਦੇਰ ਨਹੀਂ ਲੱਗੀ। ਉਨ੍ਹਾਂ ਨੇ ਤੁਰੰਤ ਕੋ-ਪਾਇਲਟ ਨੂੰ ਕੰਟਰੋਲ ਪੈਨਲ ਤੋਂ ਦੂਰ ਕੀਤਾ ਅਤੇ ਉਨ੍ਹਾਂ ਦੇ ਹੱਥ-ਪੈਰ ਫੜ ਲਏ। ਇਸ ਤੋਂ ਬਾਅਦ ਕੋ-ਪਾਇਲਟ ਨੂੰ ਦੂਜਾ ਦੌਰਾ ਪਿਆ ਜੋ ਜ਼ਿਆਦਾ ਤੇਜ਼ ਸੀ। ਜਹਾਜ਼ ਵਿਚ ਪੈਦਾ ਹੋਈ ਸਥਿਤੀ ਨੂੰ ਦੇਖਦੇ ਹੋਏ ਜਹਾਜ਼ ਕਮਾਂਡਰ ਨੇ ਤੁਰੰਤ ਮੈਨਚੈਸਟਰ ਹਵਾਈਅੱਡੇ 'ਤੇ ਇਸ ਦੀ ਜਾਣਕਾਰੀ ਦਿੱਤੀ ਅਤੇ ਲੈਂਡਿੰਗ ਦੀ ਇਜਾਜ਼ਤ ਮੰਗੀ। ਇਸ ਤੋਂ ਬਾਅਦ ਜਹਾਜ਼ ਨੂੰ ਮੈਨਚੈਸਟਰ ਹਵਾਈਅੱਡੇ 'ਤੇ ਉਤਾਰਿਆ ਗਿਆ, ਜਿੱਥੋਂ ਕੋ-ਪਾਇਲਟ ਨੂੰ ਹਸਪਤਾਲ ਲਿਜਾਇਆ ਗਿਆ।
ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਸਟਾਫ ਅਤੇ ਪਾਇਲਟ ਦੀ ਸੂਝ-ਬੂਝ ਹੀ ਅਣਹੋਣੀ ਨੂੰ ਟਾਲਣ ਵਿਚ ਸਫਲਤਾ ਮਿਲ ਸਕੀ। ਇਹੀ ਵਜ੍ਹਾ ਸੀ ਜਿਸ ਨਾਲ ਕਿਸੇ ਵੀ ਯਾਤਰੀ ਨੂੰ ਇਸ ਘਟਨਾ ਦੌਰਾਨ ਕੋਈ ਸੱਟ ਨਹੀਂ ਲੱਗੀ।


Related News