ਫਲੋਰੀਡਾ ਦੇ ਮਾਲ ''ਚ ਗੋਲੀਬਾਰੀ, 3 ਲੋਕ ਜ਼ਖਮੀ
Monday, May 10, 2021 - 12:48 AM (IST)
ਮਿਆਮੀ - ਸਾਊਥ ਫਲੋਰੀਡਾ ਦੇ ਇਕ ਮਾਲ ਵਿਚ ਲੋਕਾਂ ਦੇ 2 ਸਮੂਹਾਂ ਵਿਚਾਲੇ ਲੜਾਈ ਤੋਂ ਬਾਅਦ ਹੋਈ ਗੋਲੀਬਾਰੀ ਵਿਚ 3 ਲੋਕ ਜ਼ਖਮੀ ਹੋ ਗਏ। ਇਸ ਵਿਚਾਲੇ ਵਰਜੀਨੀਆ ਦੇ ਇਕ ਰੈਸਤੋਰੈਂਟ ਵਿਚ ਇਕ ਵਿਅਕਤੀ ਨੇ 2 ਏਸ਼ੀਆਈ-ਅਮਰੀਕੀ ਕਰਮੀਆਂ ਖਿਲਾਫ ਨਸਲੀ ਟਿੱਪਣੀਆਂ ਕੀਤੀਆਂ ਅਤੇ ਉਨ੍ਹਾਂ ਵਿਚੋਂ ਇਕ 'ਤੇ ਹਮਲਾ ਕੀਤਾ। ਪੁਲਸ ਇਸ ਵਿਅਕਤੀ ਦੀ ਭਾਲ ਕਰ ਰਹੀ ਹੈ।
ਇਕ ਨਿਊਜ਼ ਚੈਨਲ ਦੀ ਫੁਟੇਜ਼ ਵਿਚ ਫਲੋਰੀਡਾ ਦੇ ਅਵੇਂਚੁਰਾ ਮਾਲ ਵਿਚ ਗੋਲੀਬਾਰੀ ਦੀ ਸੂਚਨਾ ਤੋਂ ਬਾਅਦ ਲੋਕ ਉਥੋਂ ਭੱਜਦੇ ਦਿੱਖ ਰਹੇ ਹਨ। ਅਵੈਂਚੁਰਾ ਪੁਲਸ ਨੇ ਦੱਸਿਆ ਕਿ ਮਾਲ ਵਿਚ ਲੋਕਾਂ ਦੇ 2 ਸਮੂਹਾਂ ਵਿਚਾਲੇ ਲੜਾਈ ਹੋ ਗਈ ਸੀ ਅਤੇ ਉਸ ਤੋਂ ਬਾਅਦ ਗੋਲੀਬਾਰੀ ਹੋਈ। ਪੁਲਸ ਨੇ ਦੱਸਿਆ ਕਿ ਇਸ ਗੋਲੀਬਾਰੀ ਵਿਚ ਜ਼ਖਮੀ ਹੋਏ 3 ਲੋਕਾਂ ਦਾ ਹਸਪਤਾਲਾਂ ਵਿਚ ਇਲਾਜ ਚੱਲ ਰਿਹਾ ਹੈ ਅਤੇ ਉਨ੍ਹਾਂ ਦੀ ਜਾਨ ਨੂੰ ਖਤਰਾ ਨਹੀਂ ਹੈ। ਪੁਲਸ ਨੇ ਬਾਅਦ ਵਿਚ ਟਵੀਟ ਕੀਤਾ ਕਿ ਉਸ ਨੇ ਕਈ ਸ਼ੱਕੀਆਂ ਨੂੰ ਹਿਰਾਸਤ ਵਿਚ ਲਿਆ ਹੈ, ਜਿਨ੍ਹਾਂ ਕੋਲੋਂ ਪੁੱਛਗਿਛ ਕੀਤੀ ਜਾ ਰਹੀ ਹੈ।
ਇਸ ਵਿਚਾਲੇ ਅਰਲਿਗਟਨ ਕਾਉਂਟੀ ਪੁਲਸ ਨੇ ਇਕ ਬਿਆਨ ਵਿਚ ਸ਼ਨੀਵਾਰ ਦੱਸਿਆ ਕਿ ਵਰਜੀਨੀਆ ਦੇ ਰੈਸਤੋਰੈਂਟ ਵਿਚ ਸ਼ੱਕੀ ਬਿੱਲ ਦਾ ਭੁਗਤਾਨ ਕੀਤੇ ਬਿਨਾਂ ਚਲਾ ਗਿਆ, ਜਿਸ ਤੋਂ ਬਾਅਦ 2 ਕਰਮੀਆਂ ਨੇ ਰੈਸਤੋਰੈਂਟ ਦੇ ਬਾਹਰ ਉਸ ਨੂੰ ਰੋਕਿਆ ਅਤੇ ਉਸ ਨੂੰ ਭੁਗਤਾਨ ਕਰਨ ਲਈ ਕਿਹਾ। ਪੁਲਸ ਨੇ ਦੱਸਿਆ ਕਿ ਜਦ ਸ਼ੱਕੀ ਨਾ ਰੁਕਿਆ ਤਾਂ ਇਕ ਕਰਮੀ ਨੇ ਉਸ ਨੂੰ ਰਿਕਾਰਡ ਕਰਨਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਸ਼ੱਕੀ ਨੇ ਹੋਰ ਕਰਮੀ ਨੂੰ ਧੱਕਾ ਦਿੱਤਾ ਅਤੇ ਭੱਜ ਗਿਆ। ਜਾਂਚ ਅਧਿਕਾਰੀਆਂ ਨੂੰ ਦੱਸਿਆ ਗਿਆ ਕਿ ਸ਼ੱਕੀ ਨੇ ਇਨ੍ਹਾਂ ਕਰਮੀਆਂ ਖਿਲਾਫ ਨਸਲੀ ਟਿੱਪਣੀਆਂ ਵੀ ਕੀਤੀਆਂ ਸਨ। ਪੁਲਸ ਸ਼ੱਕੀ ਦੀ ਭਾਲ ਕਰ ਰਹੀ ਹੈ।