ਫਿਲਪੀਨ ਤੂਫਾਨ ਕਾਰਨ ਮ੍ਰਿਤਕਾਂ ਦੀ ਗਿਣਤੀ 43 ਹੋਈ
Tuesday, Dec 19, 2017 - 03:38 PM (IST)

ਮਨੀਲਾ (ਏ.ਐਫ.ਪੀ.)- ਮੱਧ ਫਿਲਪੀਨ ਵਿਚ ਤਬਾਹੀ ਮਚਾਉਣ ਵਾਲੇ ਟ੍ਰੋਪੀਕਲ ਤੂਫਾਨ ਵਿਚ ਮਰਨ ਵਾਲਿਆਂ ਦੀ ਗਿਣਤੀ 43 ਹੋ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਤੂਫਾਨ ਦੌਰਾਨ ਹੋਈ ਬਾਰਿਸ਼ ਕਾਰਨ ਜ਼ਮੀਨ ਖਿਸਕਣ ਕਰਕੇ ਕਈ ਲੋਕ ਲਾਪਤਾ ਹੋਏ ਅਤੇ ਲਾਪਤਾ ਲੋਕਾਂ ਦੀ ਭਾਲ ਦੀ ਉਮੀਦ ਵੀ ਹੌਲੀ-ਹੌਲੀ ਘੱਟਦੀ ਜਾ ਰਹੀ ਹੈ। ਮੱਧਮ ਗਤੀ ਨਾਲ ਅੱਗੇ ਵੱਧ ਰਿਹਾ ਕਾਈ-ਟਕ ਤੂਫਾਨ ਸੋਮਵਾਰ ਨੂੰ ਇਥੋਂ ਦੱਖਣੀ ਚੀਨੀ ਸਮੁੰਦਰ ਵੱਲ ਵੱਧ ਗਿਆ। ਤੂਫਾਨ ਕਾਰਨ ਇਥੇ ਕਈ ਦਿਨਾਂ ਤੱਕ ਭਾਰੀ ਬਾਰਿਸ਼ ਹੋਈ, ਜਿਸ ਨਾਲ ਭਿਆਨਕ ਹੜ੍ਹ ਅਤੇ ਜ਼ਮੀਨ ਖਿਸਕਣ ਦੀਆਂ ਖਬਰਾਂ ਸਾਹਮਣੇ ਆਈਆਂ ਹਨ। ਸਰਕਾਰ ਦੀ ਐਮਰਜੈਂਸੀ ਨਿਰੀਖਕ ਏਜੰਸੀ ਨੇ ਤਾਜ਼ਾ ਅੰਕੜਿਆਂ ਵਿਚ ਮਰਨ ਵਾਲਿਆਂ ਦੀ ਗਿਣਤੀ 43 ਦੱਸੀ ਹੈ ਅਤੇ ਕਿਹਾ ਹੈ ਕਿ 45 ਹੋਰ ਲੋਕ ਅਜੇ ਵੀ ਲਾਪਤਾ ਹਨ। ਇਨ੍ਹਾਂ ਵਿਚ ਕਈਆਂ ਦੇ ਮਿੱਟੀ ਦੇ ਢੇਰ ਹੇਠਾਂ ਦੱਬੇ ਹੋਣ ਦਾ ਖਦਸ਼ਾ ਪ੍ਰਗਟਾਇਆ ਹੈ। ਐਮਰਜੈਂਸੀ ਨਿਰੀਖਕ ਅਧਿਕਾਰੀ ਸੋਫਰੋਨੀਓ ਡਾਸਿਲੋ ਨੇ ਏ.ਐਫ.ਪੀ. ਨੂੰ ਫੋਨ ’ਤੇ ਦੱਸਿਆ ਕਿ ਬਚਾਅ ਕਾਰਜ ਅਜੇ ਵੀ ਜਾਰੀ ਹਨ ਪਰ ਸਾਨੂੰ ਕੋਈ ਵੀ ਵਿਅਕਤੀ ਜੀਵਤ ਨਹੀਂ ਮਿਲ ਰਿਹਾ ਹੈ। ਸਾਨੂੰ ਸਿਰਫ ਲਾਸ਼ਾਂ ਹੀ ਮਿਲ ਰਹੀਆਂ ਹਨ। ਫਿਲਪੀਨ ਔਸਤਨ ਹਰ ਸਾਲ 20 ਵੱਡੇ ਤੂਫਾਨਾਂ ਕਾਰਨ ਪ੍ਰਭਾਵਿਤ ਹੁੰਦਾ ਹੈ, ਜਿਸ ਵਿਚ ਜ਼ਿਆਦਾਤਰ ਤੂਫਾਨ ਖਤਰਨਾਕ ਹੁੰਦੇ ਹਨ।