ਨੈਚੁਲਰ ਬਾਡੀ ਬਿਲਡਿੰਗ ਯੂਨੀਅਨ ਇੰਟਰਨੈਸ਼ਨਲ ਦਾ ਜੱਜ ਬਣਿਆ ਪਹਿਲਾ ਪੰਜਾਬੀ ਪਰਮਿੰਦਰ ਕੈਂਥ
Thursday, Jun 08, 2023 - 01:08 AM (IST)
ਰੋਮ (ਦਲਵੀਰ ਕੈਂਥ, ਟੇਕ ਚੰਦ ਜਗਤਪੁਰੀ) : ਇਟਲੀ 'ਚ ਭਾਰਤੀ ਨੌਜਵਾਨਾਂ ਵੱਲੋਂ ਨਿਰੰਤਰ ਆਪਣੀ ਕਾਬਲੀਅਲ ਦੇ ਝੰਡੇ ਵੱਖ-ਵੱਖ ਖੇਤਰਾਂ ਵਿੱਚ ਗੱਡਦਿਆਂ ਮਾਪਿਆਂ ਸਮੇਤ ਸਮੁੱਚੇ ਭਾਰਤੀ ਭਾਈਚਾਰੇ ਦਾ ਮਾਣ-ਸਨਮਾਨ ਚੋਖਾ ਕੀਤਾ ਜਾ ਰਿਹਾ ਹੈ। ਇਨ੍ਹਾਂ 'ਚੋਂ ਇਕ ਨੌਜਵਾਨ ਪੰਜਾਬ ਦੇ ਇਤਿਹਾਸਕ ਪਿੰਡ ਬਿਲਗਾ (ਜਲੰਧਰ) ਦਾ ਜੰਮਪਲ ਪਰਮਿੰਦਰ ਰਾਮ ਕੈਂਥ ਉਰਫ਼ ਸੰਨੀ (30) ਹੈ। ਗੁੰਦਵੇਂ ਸਰੀਰ ਵਾਲਾ ਇਹ ਪੰਜਾਬੀ ਗੱਭਰੂ ਬਹੁਪੱਖੀ ਸ਼ਖ਼ਸੀਅਤ ਹੋਣ ਦੇ ਨਾਲ-ਨਾਲ ਜ਼ਿੰਦਾ ਦਿਲ ਇਨਸਾਨ ਵੀ ਹੈ, ਜਿਸ ਦਾ ਮਕਸਦ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਕਰਨਾ ਹੈ। ਪਿਤਾ ਸੁਖਵੀਰ ਰਾਮ ਕੈਂਥ ਤੇ ਮਾਤਾ ਕੁਲਵਿੰਦਰ ਕੌਰ ਕੈਂਥ ਦੀ ਬਦੌਲਤ ਪੜ੍ਹਾਈ-ਲਿਖਾਈ ਪੂਰੀ ਕਰਨ ਉਪਰੰਤ ਇਸ ਗੱਭਰੂ ਨੇ ਇਟਲੀ ਵਿੱਚ ਡਰਾਈਵਰ ਬਣਨ ਦਾ ਮਨ ਬਣਾਇਆ ਤੇ ਇਟਲੀ ਦੇ ਸਾਰੇ ਲਾਇਸੈਂਸ ਏ, ਐੱਮ ਤੋਂ ਡੀ, ਈ, ਤੱਕ ਹਾਸਲ ਕਰ ਲਏ।
ਇਹ ਵੀ ਪੜ੍ਹੋ : ...ਜਦੋਂ ਇਕ MP ਆਪਣੇ ਨੰਨ੍ਹੇ-ਮੁੰਨੇ ਬੱਚੇ ਨਾਲ ਸੰਸਦ ਮੈਂਬਰ ਦੇ ਚੈਂਬਰ 'ਚ ਹੋਈ ਦਾਖਲ
ਇਟਾਲੀਅਨ ਭਾਸ਼ਾ ਸੌਖੀ ਨਾ ਹੋਣ ਕਾਰਨ ਬਹੁਤ ਸਾਰੇ ਭਾਰਤੀ ਲੋਕ ਇਟਲੀ ਵਿੱਚ ਬੀ ਲਾਇਸੈਂਸ ਵੀ ਹਾਸਲ ਕਰ ਨਹੀਂ ਪਾਉਂਦੇ ਪਰ ਇਸ ਨੌਜਵਾਨ ਨੇ 17 ਲਾਇਸੈਂਸ ਹਾਸਲ ਕਰਕੇ ਭਾਰਤੀ ਲੋਕਾਂ ਦਾ ਇਟਲੀ ਵਿੱਚ ਕੱਦ ਪਹਿਲਾਂ ਨਾਲੋਂ ਵੀ ਹੋਰ ਉੱਚਾ ਕਰ ਦਿੱਤਾ ਹੈ। ਕੁਝ ਹੋਰ ਵੱਖਰਾ ਕਰਨ ਲਈ ਜਿੰਮ ਦੀਆਂ ਮਸ਼ੀਨਾਂ ਨਾਲ ਜਾ ਘੋਲ ਕਰਨ ਲੱਗਾ। ਪਰਮਿੰਦਰ ਰਾਮ ਕੈਂਥ ਨੇ ਆਪਣੇ ਸਰੀਰ ਨੂੰ ਫੌਲਾਦੀ ਬਣਾ ਕੇ ਇਟਲੀ ਭਰ ਦਾ ਕੋਈ ਬਾਡੀ ਬਿਲਡਿੰਗ ਮੁਕਾਬਲਾ ਨਹੀਂ ਛੱਡਿਆ। ਇਟਲੀ ਦੇ ਬਾਡੀ ਬਿਲਡਰਾਂ ਵਿੱਚ ਨੌਜਵਾਨ ਦੀ ਤੂਤੀ ਸਿਰ ਚੜ੍ਹ ਬੋਲ ਰਹੀ ਹੈ, ਜਿਸ ਦੇ ਚੱਲਦਿਆਂ ਕਾਬਲੀਅਤ ਦੀ ਪਾਰਖੂ ਨੈਚੁਲਰ ਬਾਡੀ ਬਿਲਡਿੰਗ ਯੂਨੀਅਨ ਇੰਟਰਨੈਸ਼ਨਲ ਨੇ ਉਸ ਨੂੰ ਆਪਣੇ ਜੱਜਾਂ ਦੀ ਵਿਸ਼ੇਸ਼ ਟੀਮ ਵਿੱਚ ਸ਼ਾਮਲ ਕਰਕੇ ਭਾਰਤੀਆਂ ਦੀ ਬੱਲੇ-ਬੱਲੇ ਕਰਵਾ ਦਿੱਤੀ ਹੈ। ਪਰਮਿੰਦਰ ਪਹਿਲਾ ਅਜਿਹਾ ਪੰਜਾਬੀ ਹੈ, ਜਿਸ ਨੂੰ ਜੱਜ ਬਣਨ ਦਾ ਮਾਣ ਮਿਲ ਰਿਹਾ ਹੈ, ਜਿਸ ਲਈ ਉਹ ਯੂਨੀਅਨ ਦਾ ਤਹਿ-ਦਿਲੋਂ ਧੰਨਵਾਦੀ ਹੈ।
ਇਹ ਵੀ ਪੜ੍ਹੋ : ਸ਼ਾਪਿੰਗ ਮਾਲ 'ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਬੁੱਤ ਲਾਉਣ 'ਤੇ ਐਡਵੋਕੇਟ ਧਾਮੀ ਨੇ ਕੀਤੀ ਨਿੰਦਾ, ਕਹੀ ਇਹ ਗੱਲ
ਨੈਚੁਲਰ ਬਾਡੀ ਬਿਲਡਿੰਗ ਯੂਨੀਅਨ ਇੰਟਰਨੈਸ਼ਨਲ ਵੱਲੋਂ ਦੇਸ਼-ਵਿਦੇਸ਼ 'ਚ ਕਰਵਾਏ ਜਾਂਦੇ ਬਾਡੀ ਬਿਲਡਿੰਗ ਮੁਕਾਬਲਿਆਂ ਦੇ ਪ੍ਰਤੀਯੋਗੀਆਂ ਨੂੰ ਹੁਣ ਪੰਜਾਬੀ ਗੱਭਰੂ ਚੁਣਨ ਲੱਗਾ ਹੈ ਕਿ ਕਿਸ ਨੌਜਵਾਨ ਦਾ ਸਰੀਰ ਸਭ ਤੋਂ ਵੱਧ ਫਿੱਟ ਹੈ। ਇਸ ਕਾਰਵਾਈ ਵਿੱਚ ਹੀ ਪਰਮਿੰਦਰ ਰਾਜਧਾਨੀ ਰੋਮ ਵਿਖੇ 8 ਜੁਲਾਈ ਨੂੰ ਯੂਨੀਅਨ ਵੱਲੋਂ ਕਰਵਾਏ ਜਾ ਰਹੇ ਬਾਡੀ ਬਿਲਡਿੰਗ ਮੁਕਾਬਲਿਆਂ ਵਿੱਚ ਜੱਜ ਬਣ ਕੇ ਸ਼ਿਰਕਤ ਕਰਨ ਆ ਰਿਹਾ ਹੈ। ਜ਼ਿਕਰਯੋਗ ਹੈ ਕਿ ਪਰਮਿੰਦਰ ਰਾਮ ਕੈਂਥ ਸਾਲ 2015 ਤੋਂ ਬਾਰੀ ਸ਼ਹਿਰ ਨੇੜੇ ਇਟਾਲੀਅਨ ਦੋਸਤ ਰੋਬੈਰਤੋ ਨਾਲ ਪਾਰਟਨਰਸ਼ਿਪ ਵਿੱਚ ਜਿੰਮ ਸੈਂਟਰ ਵੀ ਚਲਾ ਰਿਹਾ ਹੈ ਤੇ ਇਕ ਵਿਸ਼ੇਸ਼ ਸੁਰੱਖਿਆ ਏਜੰਸੀ ਵੀ, ਜਿਸ ਵਿੱਚ ਉਹ ਭਾਰਤ ਤੋਂ ਆਉਣ ਵਾਲੀਆਂ ਵੀਆਈਪੀ ਸ਼ਖ਼ਸੀਅਤਾਂ ਨੂੰ ਵਿਸ਼ੇਸ਼ ਸੁਰੱਖਿਆ ਪ੍ਰਦਾਨ ਕਰਦਾ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।