ਭਾਰਤ ਤੋਂ ਨੇਪਾਲ ਪਹੁੰਚੀ ਪਹਿਲੀ ਨਿੱਜੀ ਕਾਰਗੋ ਟਰੇਨ

Thursday, Sep 16, 2021 - 03:19 PM (IST)

ਭਾਰਤ ਤੋਂ ਨੇਪਾਲ ਪਹੁੰਚੀ ਪਹਿਲੀ ਨਿੱਜੀ ਕਾਰਗੋ ਟਰੇਨ

ਕਾਠਮੰਡੂ- ਨੇਪਾਲ-ਭਾਰਤ ਰੇਲਵੇ ਸੇਵਾ ਸਮਝੌਤੇ 'ਚ ਸੋਧ ਦੇ ਦੋ ਮਹੀਨੇ ਬਾਅਦ ਨਿੱਜੀ ਖੇਤਰ ਦੀ ਮਾਲਗੱਡੀ ਭਾਰਤ ਤੋਂ ਪਹਿਲੀ ਵਾਰ ਬੁੱਧਵਾਰ ਨੂੰ ਨੇਪਾਲ ਪਹੁੰਚੀ। 9 ਜੁਲਾਈ ਨੂੰ ਨੇਪਾਲ ਅਤੇ ਭਾਰਤ ਦੇ ਵਿਚਕਾਰ ਰੇਲ ਸੇਵਾ ਸਮਝੌਤੇ 'ਚ ਸੋਧ ਦੇ ਬਾਅਦ 17 ਸਾਲ ਦੇ ਅੰਤਰਾਲ ਤੋਂ ਬਾਅਦ ਭਾਰਤੀ ਕੰਟੇਨਰਾਂ ਦਾ ਏਕਾਧਿਕਾਰ ਟੁੱਟ ਗਿਆ ਹੈ। ਨੇਪਾਲ ਇੰਟਰਮਾਡਲ ਟ੍ਰਾਂਸਪੋਰਟ ਡਿਵੈਲਪਮੈਂਟ ਕਮੇਟੀ ਮੁਤਾਬਕ ਹਿੰਦ ਟਰਮੀਨਲ ਪ੍ਰਾਈਵੇਟ ਲਿਮਟਿਡ ਦੀ ਇਕ ਰੈਕ ਕਾਰਗੋ ਟ੍ਰੇਨ ਸਵੇਰੇ 10 ਵਜੇ ਬੀਰਗੰਜ ਸਥਿਤ ਡਰਾਈ ਪੋਰਟ 'ਤੇ ਪਹੁੰਚੀ। 17 ਸਾਲ ਪੁਰਾਣੇ ਰੇਲ ਸੇਵਾ ਸਮਝੌਤੇ 'ਚ ਸੋਧ ਨੇ ਉਨ੍ਹਾਂ ਰੁਕਾਵਟਾਂ ਨੂੰ ਦੂਰ ਕਰ ਦਿੱਤਾ ਹੈ ਜਿਨ੍ਹਾਂ ਦਾ ਨੇਪਾਲ ਲੰਬੇ ਸਮੇਂ ਤੋਂ ਸਾਹਮਣਾ ਕਰ ਰਿਹਾ ਸੀ। ਖਾਸ ਕਰਕੇ ਇਸ ਨੂੰ ਭਾਰਤੀ ਰੇਲਵੇ ਮਾਲ ਸੇਵਾਵਾਂ ਦੇ ਮਾਧਿਅਮ ਨਾਲ ਮਾਲ ਦੇ ਆਯਾਤ ਅਤੇ ਨਿਰਯਾਤ ਨੂੰ ਲੈ ਕੇ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਦੱਸ ਦੇਈਏ ਕਿ ਭਾਰਤ ਅਤੇ ਨੇਪਾਲ ਦੇ ਵਿਚਾਲੇ ਰੇਲ ਸੰਪਰਕ ਨੂੰ ਵਾਧਾ ਦੇਣ ਨੂੰ ਲੈ ਕੇ ਨਵੇਂ ਸਮਝੌਤੇ 'ਤੇ ਦਸਤਖਤ ਹੋਏ ਹਨ। 
ਇਸ ਸਮਝੌਤੇ ਦੇ ਤਹਿਤ ਦੋਵਾਂ ਦੇਸ਼ਾਂ ਦੇ ਨਿੱਜੀ ਕਾਰਗੋ ਟਰੇਨ ਆਪਰੇਟਰ ਹੁਣ ਇਕ-ਦੂਜੇ ਦੇ ਰੇਲ ਨੈੱਟਵਰਕ ਦੀ ਵਰਤੋਂ ਕਰ ਸਕਣਗੇ। ਹਾਲੇ ਤੱਕ ਇਹ ਕਾਰਜ ਸਿਰਫ ਸਰਕਾਰੀ ਕੰਪਨੀ ਕੋਨਕੋਰ ਹੀ ਕਰਦੀ ਸੀ। ਸਮਝੌਤੇ ਦੇ ਤਹਿਤ ਦੋਵੇਂ ਦੇਸ਼ ਕਿਸੇ ਤੀਜੇ ਦੇਸ਼ 'ਚ ਮਾਲ ਦੇ ਨਿਰਯਾਤ ਅਤੇ ਆਯਾਤ ਲਈ ਵੀ ਰੇਲ ਨੈੱਟਵਰਕ ਦੀ ਵਰਤੋਂ ਕਰ ਸਕਣਗੇ।
ਨੇਪਾਲ ਦੇ ਨਿਰਯਾਤਕ ਨਿੱਜੀ ਟਰੇਨ ਦੇ ਰਾਹੀਂ ਆਪਣਾ ਮਾਲ ਭਾਰਤੀ ਬੰਦਰਗਾਹਾਂ ਤੱਕ ਪਹੁੰਚਾ ਸਕਣਗੇ। ਭਾਰਤ ਅਤੇ ਨੇਪਾਲ ਦੇ ਵਿਚਾਲੇ ਰੇਲ ਸੰਪਰਕ ਸਮਝੌਤਾ 2004 'ਚ ਹੋਇਆ ਸੀ ਪਰ ਉਸ ਤੋਂ ਬਾਅਦ ਕਈ ਮੌਕਿਆਂ 'ਤੇ ਇਸ 'ਚ ਸੋਧ ਹੁੰਦਾ ਰਿਹਾ ਹੈ। ਸਮਝੌਤੇ 'ਚ ਹਰ ਪੰਜ ਸਾਲ 'ਚ ਸਮੀਖਿਆ ਦਾ ਪ੍ਰਬੰਧ ਹੈ ਤਾਂ ਜੋ ਉਸ 'ਚ ਜ਼ਰੂਰਤ ਮੁਤਾਬਕ ਬਦਲਾਅ ਕੀਤੇ ਜਾ ਸਕਣ। ਉਮੀਦ ਜਤਾਈ ਜਾ ਰਹੀ ਹੈ ਕਿ ਤਾਜ਼ਾ ਸਮਝੌਤੇ ਨਾਲ ਦੋਵਾਂ ਦੇਸ਼ਾਂ ਦੇ ਰੇਲ ਨੈੱਟਵਰਕ ਦੇ ਵਿਕਾਸ 'ਚ ਮਦਦ ਮਿਲੇਗੀ ਅਤੇ ਉਸ 'ਚ ਨਿੱਜੀ ਖੇਤਰ ਦੀ ਹਿੱਸੇਦਾਰੀ ਵੀ ਹੋਵੇਗੀ।


author

Aarti dhillon

Content Editor

Related News