ਨਿਊਯਾਰਕ 'ਚ ਦਹਾਕੇ ਬਾਅਦ ਪੋਲੀਓ ਦੇ ਪਹਿਲੇ ਕੇਸ ਦੀ ਹੋਈ ਪੁਸ਼ਟੀ, 20 ਸਾਲਾ ਨੌਜਵਾਨ 'ਚ ਮਿਲੇ ਲੱਛਣ

07/23/2022 1:33:15 PM

ਵਾਸ਼ਿੰਗਟਨ (ਏਜੰਸੀ) - 10 ਸਾਲ ਪਹਿਲਾਂ ਅਮਰੀਕਾ ਨੂੰ ਪੋਲੀਓ ਮੁਕਤ ਘੋਸ਼ਿਤ ਕੀਤਾ ਗਿਆ ਸੀ। ਹੁਣ 10 ਸਾਲਾਂ ਬਾਅਦ ਨਿਊਯਾਰਕ ਦੇ ਰੌਕਲੈਂਡ ਕਾਉਂਟੀ ਵਿੱਚ ਰਹਿਣ ਵਾਲੇ ਇੱਕ ਨੌਜਵਾਨ ਵਿੱਚ ਪੋਲੀਓ ਦਾ ਵਾਇਰਸ ਪਾਇਆ ਗਿਆ ਹੈ। ਸਥਾਨਕ ਸਿਹਤ ਅਧਿਕਾਰੀਆਂ ਨੇ ਵੀਰਵਾਰ, 21 ਜੁਲਾਈ ਨੂੰ ਜਾਂਚ ਤੋਂ ਬਾਅਦ ਇਹ ਜਾਣਕਾਰੀ ਦਿੱਤੀ। ਅਮਰੀਕਾ ਨੂੰ ਪੋਲੀਓ ਮੁਕਤ ਐਲਾਨੇ ਜਾਣ ਤੋਂ 10 ਸਾਲਾਂ ਬਾਅਦ ਇਹ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ‘ਦਿ ਵਾਸ਼ਿੰਗਟਨ ਪੋਸਟ’ ਦੀ ਰਿਪੋਰਟ ਮੁਤਾਬਕ ਇਸ 20 ਸਾਲਾ ਨੌਜਵਾਨ ਨੂੰ ਜੂਨ ਵਿੱਚ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਜਿੱਥੇ ਕਰੀਬ ਇੱਕ ਮਹੀਨੇ ਤੱਕ ਉਸ ਦੀ ਜਾਂਚ ਕੀਤੀ ਗਈ। ਸਿਹਤ ਅਧਿਕਾਰੀ ਨੇ ਦੱਸਿਆ ਕਿ ਪੋਲੀਓ ਇੱਕ ਵਾਇਰਲ ਬਿਮਾਰੀ ਹੈ, ਜੋ ਕਿਸੇ ਵਿਅਕਤੀ ਦੀ ਦਿਮਾਗੀ ਪ੍ਰਣਾਲੀ ਨੂੰ ਪ੍ਰਭਾਵਿਤ ਕਰ ਸਕਦੀ ਹੈ, ਜਿਸ ਕਾਰਨ ਮਾਸਪੇਸ਼ੀਆਂ ਵਿਚ ਕਮਜ਼ੋਰੀ ਅਤੇ ਕੁਝ ਮਾਮਲਿਆਂ ਵਿੱਚ ਮੌਤ ਵੀ ਹੋ ਸਕਦੀ ਹੈ।

ਇਹ ਵੀ ਪੜ੍ਹੋ: ਪਾਰਟੀ ਇੰਜੁਆਏ ਕਰ ਰਹੇ ਵਿਅਕਤੀ ਨੂੰ ਅਚਾਨਕ ਨਿਗਲ ਗਿਆ ਸਵਿਮਿੰਗ ਪੂਲ, ਦੇਖੋ ਖੌਫ਼ਨਾਕ ਵੀਡੀਓ

ਸਿਹਤ ਵਿਭਾਗ ਵੱਲੋਂ ਜਾਰੀ ਪ੍ਰੈਸ ਬਿਆਨ ਵਿੱਚ ਕਿਹਾ ਗਿਆ ਹੈ, 'ਨਿਊਯਾਰਕ ਸਟੇਟ ਡਿਪਾਰਟਮੈਂਟ ਆਫ ਹੈਲਥ ਨਾਲ ਸਾਂਝੇਦਾਰੀ ਵਿਚ ਰੌਕਲੈਂਡ ਕਾਉਂਟੀ ਵਿੱਚ ਪੋਲੀਓ ਦੇ ਇੱਕ ਕੇਸ ਦੀ ਪੁਸ਼ਟੀ ਕੀਤੀ ਗਈ ਹੈ।' ਇਸ ਵਿਚ ਇਹ ਵੀ ਕਿਹਾ ਗਿਆ ਕਿ 95 ਫ਼ੀਸਦੀ ਲੋਕਾਂ ਵਿੱਚ ਪੋਲੀਓ ਦੇ ਕੋਈ ਲੱਛਣ ਨਹੀਂ ਹਨ, ਫਿਰ ਵੀ ਉਹ ਇਹ ਵਾਇਰਸ ਫੈਲਾ ਸਕਦੇ ਹਨ। ਕਾਉਂਟੀ ਹੈਲਥ ਕਮਿਸ਼ਨਰ ਡਾ. ਪੈਟਰੀਸ਼ੀਆ ਸ਼ਨੈਬੇਲ ਰੂਪਰਟ ਨੇ ਕਿਹਾ, "ਅਸੀਂ ਸਥਿਤੀ 'ਤੇ ਨੇੜਿਓਂ ਨਜ਼ਰ ਰੱਖ ਰਹੇ ਹਾਂ। ਅਸੀਂ ਸਥਿਤੀ ਨਾਲ ਨਜਿੱਠਣ ਲਈ ਨਿਊਯਾਰਕ ਰਾਜ ਦੇ ਸਿਹਤ ਵਿਭਾਗ ਅਤੇ ਰੋਕਥਾਮ ਕੇਂਦਰਾਂ ਨਾਲ ਮਿਲ ਕੇ ਕੰਮ ਕਰ ਰਹੇ ਹਾਂ।" ‘ਦਿ ਵਾਸ਼ਿੰਗਟਨ ਪੋਸਟ’ ਦੀ ਰਿਪੋਰਟ ਮੁਤਾਬਕ ਮਰੀਜ਼ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਅਤੇ ਉਹ ਆਪਣੀ ਪਤਨੀ ਅਤੇ ਬੱਚਿਆਂ ਨਾਲ ਘਰ ਵਿੱਚ ਰਹਿ ਰਿਹਾ ਹੈ। ਰਿਪੋਰਟ ਮੁਤਾਬਕ ਮਰੀਜ਼ ਨੂੰ ਖੜ੍ਹੇ ਹੋਣ 'ਚ ਕੋਈ ਸਮੱਸਿਆ ਨਹੀਂ ਆ ਰਹੀ ਹੈ ਪਰ ਉਸ ਮਰੀਜ਼ ਨੂੰ ਤੁਰਨ-ਫਿਰਨ ਵਿਚ ਦਿੱਕਤ ਆ ਰਹੀ ਹੈ।

ਇਹ ਵੀ ਪੜ੍ਹੋ: ਨਦੀ ਪਾਰ ਕਰ ਰਹੀ ਟਰੇਨ ਨੂੰ ਲੱਗੀ ਭਿਆਨਕ ਅੱਗ, ਲੋਕਾਂ ਨੇ ਖਿੜਕੀਆਂ ਰਾਹੀਂ ਮਾਰੀਆਂ ਛਾਲਾਂ (ਵੀਡੀਓ)

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News