ਮਾਹਰਾਂ ਦੀ ਚਿਤਾਵਨੀ, ਕੋਰੋਨਾ ਮਹਾਮਾਰੀ ਵਾਰ-ਵਾਰ ਆਵੇਗੀ, ਕੋਵਿਡ-26 ਅਤੇ ਕੋਵਿਡ-32 ਦੇ ਵੀ ਚਾਂਸ!

Tuesday, Jun 01, 2021 - 09:02 AM (IST)

ਵਾਸ਼ਿੰਗਟਨ (ਇੰਟ)– ਭਾਰਤ ਸਮੇਤ ਪੂਰੀ ਦੁਨੀਆ ਕੋਰੋਨਾ ਮਹਾਮਾਰੀ ਦੀ ਲਪੇਟ ਵਿਚ ਹੈ। ਹੁਣ ਤੱਕ ਲੱਖਾਂ ਲੋਕਾਂ ਦੀ ਜਾਨ ਜਾ ਚੁੱਕੀ ਅਤੇ ਕੋਰੋੜਾਂ ਇਸ ਤੋਂ ਪ੍ਰਭਾਵਿਤ ਹੋ ਚੁੱਕੇ ਹਨ। ਲੋਕ ਛੇਤੀ ਤੋਂ ਛੇਤੀ ਇਸ ਮਹਾਮਾਰੀ ਤੋਂ ਮੁਕਤੀ ਦੀ ਉਮੀਦ ਕਰ ਰਹੇ ਹਨ ਪਰ ਇਸੇ ਦੌਰਾਨ ਅਮਰੀਕਾ ਦੇ 2 ਹੋਰ ਵਾਇਰਸ ਰੋਗ ਮਾਹਰਾਂ ਨੇ ਗੰਭੀਰ ਚਿਤਾਵਨੀ ਦਿੱਤੀ ਹੈ। ਕੋਰੋਨਾ ਮਹਾਮਾਰੀ ਕਦੋਂ ਜਾਵੇਗੀ ਇਹ ਕਹਿਣਾ ਤਾਂ ਮੁਸ਼ਕਲ ਹੈ ਪਰ ਇਨ੍ਹਾਂ ਮੁਤਾਬਕ ਇਹ ਜ਼ਰੂਰ ਹੈ ਕਿ ਇਹ ਵਾਰ-ਵਾਰ ਆਵੇਗੀ ਅਤੇ ਉਦੋਂ ਤੱਕ ਆਉਂਦੀ ਰਹੇਗੀ, ਜਦੋਂ ਤੱਕ ਮੌਜੂਦਾ ਮਹਾਮਾਰੀ ਦੀ ਉਤਪਤੀ ਦਾ ਪਤਾ ਨਹੀਂ ਲਗਾ ਲਿਆ ਜਾਂਦਾ।

ਟੈਕਸਾਨ ਚਿਲਡਰਨ ਹਸਪਤਾਲ ਸੈਂਟਰ ਫਾਰ ਵੈਕਸੀਨ ਡਿਵੈਲਪਮੈਂਟ ਦੇ ਸਹਿ-ਨਿਰਦੇਸ਼ਕ ਪੀਟਰ ਹੋਟੇਜ ਨੇ ਐੱਨ. ਬੀ. ਸੀ. ਦੇ ‘ਮੀਟ ਦਿ ਪ੍ਰੈੱਸ’ ਪ੍ਰੋਗਰਾਮ ਵਿਚ ਕਿਹਾ ਕਿ ਜਦੋਂ ਤੱਕ ਅਸੀਂ ਕੋਵਿਡ-19 ਦੀ ਉਤਪਤੀ ਨੂੰ ਪੂਰੀ ਤਰ੍ਹਾਂ ਸਮਝ ਨਹੀਂ ਲੈਂਦੇ ਹਾਂ, ਉਦੋਂ ਤੱਕ ਕੋਵਿਡ-26 ਅਤੇ ਕੋਵਿਡ-32 ਹੁੰਦੇ ਰਹਿਣਗੇ। ਕੋਰੋਨਾ ਵਾਇਰਸ ਨੂੰ ਸਾਹਮਣੇ ਆਏ ਲਗਭਗ ਡੇਢ ਸਾਲ ਹੋ ਗਿਆ ਹੈ ਪਰ ਅਜੇ ਤੱਕ ਇਸ ਦੀ ਉਤਪਤੀ ਦਾ ਪਤਾ ਨਹੀਂ ਲੱਗ ਸਕਿਆ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਖੁਫੀਆ ਏਜੰਸੀਆਂ ਨੂੰ 3 ਮਹੀਨੇ ਦੇ ਅੰਦਰ ਇਸਦਾ ਪਤਾ ਲਗਾਉਣ ਦਾ ਹੁਕਮ ਦੇ ਚੁੱਕੇ ਹਨ।

ਕੋਰੋਨਾ ਵਾਇਰਸ ਦੀ ਉਤਪਤੀ ਨੂੰ ਲੈ ਕੇ 2 ਤਰ੍ਹਾਂ ਦੀਆਂ ਸੰਭਾਵਨਾਵਾਂ
ਕੋਰੋਨਾ ਵਾਇਰਸ ਦੀ ਉਤਪਤੀ ਨੂੰ ਲੈ ਕੇ ਦੁਨੀਆ ਵਿਚ 2 ਤਰ੍ਹਾਂ ਦੀਆਂ ਸੰਭਾਵਨਾਵਾਂ ’ਤੇ ਬਹਿਸ ਚੱਲ ਰਹੀ ਹੈ। ਇਕ ਇਹ ਕਿ ਜਾਨਵਰਾਂ ਤੋਂ ਇਨਸਾਨ ਵਿਚ ਆਇਆ ਅਤੇ ਦੂਜਾ ਇਸ ਨੂੰ ਚੀਨ ਦੀ ਵੁਹਾਨ ਲੈਬ ਵਿਚ ਤਿਆਰ ਕੀਤਾ ਗਿਆ। ਟਰੰਪ ਸਰਕਾਰ ਵਿਚ ਖ਼ੁਰਾਕ ਅਤੇ ਦਵਾਈ ਪ੍ਰਸ਼ਾਸਨ (ਐੱਫ. ਡੀ. ਏ.) ਵਿਚ ਕਮਿਸ਼ਨਰ ਰਹਿ ਚੁੱਕੇ ਅਤੇ ਹੁਣ ਅਮਰੀਕੀ ਦਵਾਈ ਕੰਪਨੀ ਫਾਈਜ਼ਰ ਇੰਕ ਦੇ ਬੋਰਡ ਦੇ ਮੈਂਬਰ ਸਕਾਟ ਗੋਟਲੀਬ ਦਾ ਕਹਿਣਾ ਹੈ ਕਿ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਉਹ ਕੋਰੋਨਾ ਵਾਇਰਸ ਦੇ ਚੀਨ ਦੀ ਲੈਬ ਵਿਚ ਬਣਾਏ ਜਾਣ ਦੀ ਸੰਭਾਵਨਾ ਨੂੰ ਮਜ਼ਬੂਤ ਕਰਦੀ ਹੈ।

ਨੋਟ : ਅਮਰੀਕੀ ਮਾਹਰਾਂ ਵੱਲੋਂ ਦਿੱਤੀ ਗਈ ਇਸ ਚਿਤਾਵਨੀ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News