ਕੈਨੇਡੀਅਨ ਲੋਕਾਂ ਨੂੰ ਸਮਾਜਿਕ ਸਹਾਇਤਾ ਵਜੋਂ ਮਿਲਣਗੇ 17 ਹਜ਼ਾਰ ਡਾਲਰ
Thursday, Feb 14, 2019 - 12:56 AM (IST)
ਟੋਰਾਂਟੋ—ਕੈਨੇਡੀਅਨ ਲੋਕਾਂ ਨੂੰ ਮਿਲ ਰਹੀਆਂ ਸਹੂਲਤਾਂ 'ਚ ਫੈਡਰਲ ਸਰਕਾਰ ਛੇਤੀ ਹੀ ਹੋਰ ਵਾਧਾ ਕਰਨ ਜਾ ਰਹੀ ਹੈ ਜਿਨ੍ਹਾਂ ਤਹਿਤ ਘੱਟ ਆਮਦਨ ਵਾਲੇ ਪਰਿਵਾਰਾਂ ਨੂੰ 17 ਹਜ਼ਾਰ ਡਾਲਰ ਸਾਲਾਨਾ ਮੁਹੱਈਆ ਕਰਵਾਉਣ ਦਾ ਟੀਚਾ ਤੈਅ ਕੀਤਾ ਗਿਆ ਹੈ। ਇਹ ਐਲਾਨ ਕੈਨੇਡਾ ਦੇ ਪਰਿਵਾਰ, ਬਾਲ ਭਲਾਈ ਅਤੇ ਸਮਾਜਿਕ ਵਿਕਾਸ ਮੰਤਰੀ ਜੀਨ-ਈਵ ਡਕਲੌਸ ਨੇ ਮਿਸੀਸਾਗਾ ਵਿਖੇ ਇਕ ਸਮਾਗਮ ਦੌਰਾਨ ਕੀਤਾ। ਫੈਡਰਲ ਮੰਤਰੀ ਨੇ ਦੱਸਿਆ ਕਿ ਚਾਈਲਡ ਬੈਨੇਫਿਟ, ਕੈਨੇਡਾ ਵਰਕਰਜ਼ ਬੈਨੇਫਿਟ ਅਤੇ ਕੈਨੇਡਾ ਹਾਊਸਿੰਗ ਬੈਨੇਫਿਟ ਦੇ ਰੂਪ 'ਚ ਮੁਲਕ ਦੇ ਲੋਕਾਂ ਨੂੰ ਤਿੰਨ ਲਾਭ ਮੁਹੱਈਆ ਕਰਵਾਏ ਜਾਣਗੇ। ਜਸਟਿਸ ਟਰੂਡੋ ਦੀ ਅਗਵਾਈ ਵਾਲੀ ਸਰਕਾਰ ਨੇ ਕੈਨੇਡਾ ਚਾਈਲਡ ਬੈਨੇਫਿਟ ਦੀ ਨਵੇਂ ਰੂਪ 'ਚ ਸ਼ੁਰੂਆਤ ਜੁਲਾਈ 2016 ਤੋਂ ਕਰ ਦਿੱਤੀ ਸੀ ਜਦਕਿ ਕੈਨੇਡਾ ਵਰਕਰਜ਼ ਬੈਨੇਫਿਟ ਦੀ ਸਹੂਲਤ ਇਸੇ ਸਾਲ ਸ਼ੁਰੂ ਕੀਤੀ ਗਈ ਹੈ। ਇਸੇ ਤਰ੍ਹਾਂ ਕੈਨੇਡਾ ਹਾਊਸਿੰਗ ਬੈਨੇਫਿਟ ਦੀ ਸ਼ੁਰੂਆਤ 2020 'ਚ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਇਨ੍ਹਾਂ ਸਹੂਲਤਾਂ ਰਾਹੀਂ ਦੇ ਬੱਚਿਆਂ ਵਾਲੇ ਘੱਟ ਆਮਦਨ ਵਾਲੇ ਪਰਿਵਾਰ ਨੂੰ 17 ਹਜ਼ਾਰ ਡਾਲਰ ਪ੍ਰਤੀ ਸਾਲ ਮੁਹੱਈਆ ਕਰਵਾਏ ਜਾਣਗੇ। ਇਹ ਰਕਮ ਅਤੀਤ 'ਚ ਦਿੱਤੀ ਜਾ ਰਹੀ ਸਮਾਜਿਕ ਸਹਾਇਤ ਤੋਂ 5 ਹਜ਼ਾਰ ਡਾਲਰ ਜ਼ਿਆਦਾ ਹੋਵੇਗੀ। ਇਕ ਰਿਪੋਰਟ ਮੁਤਾਬਕ ਮਹਿੰਗਾਈ ਦਰ ਨਾਲ ਜਮ੍ਹਾ-ਘਟਾਉ ਕਰਨ ਮਗਰੋਂ 2019-2020 ਦੇ ਲਾਭ ਵਰ੍ਹੇ ਦੌਰਾਨ 600 ਡਾਲਰ ਵੱਖ ਮਿਲਣਗੇ। ਕੈਨੇਡਾ ਵਰਕਰਜ਼ ਬੈਨੇਫਿਟ ਦੇ ਨਵੇਂ ਸਰੂਪ ਤਹਿਤ ਬਗੈਰ ਔਲਾਨ ਵਾਲੇ ਇਕ ਕੈਨੇਡੀਅਨ ਨੂੰ 1300 ਡਾਲਰ ਤੱਕ ਦੀ ਰਕਮ ਮਿਲੇਗੀ ਜਦਕਿ ਪਰਿਵਾਰਾਂ ਦੇ ਤੌਰ 'ਤੇ ਇਹ ਰਕਮ ਵਧ ਕੇ 2300 ਡਾਲਰ ਤੱਕ ਜਾ ਸਕਦੀ ਹੈ। ਨਵੰਬਰ 2017 'ਚ ਐਲਾਨਿਆ ਗਿਆ ਕਿ ਕੈਨੇਡਾ ਹਾਊਸਿੰਗ ਬੈਨੇਫਿਟ ਹੁਣ 2020 ਤੋਂ ਸ਼ੁਰੂ ਕੀਤੇ ਜਾਣ ਦੀ ਯੋਜਨਾ ਹੈ ਜਿਸ ਰਾਹੀਂ ਘਰ ਸਬੰਧੀ ਜ਼ਰੂਰਤਾਂ ਲਈ ਕੈਨੇਡੀਅਨ ਲੋਕਾਂ ਨੂੰ ਔਸਤ ਆਧਾਰ 'ਤੇ 2500 ਡਾਲਰ ਮਿਲਣਗੇ। ਇਸ ਯੋਜਨਾ ਦਾ ਤਿੰਨ ਲੱਕ ਤੋਂ ਵਧ ਪਰਿਵਾਰਾਂ ਨੂੰ ਫਾਇਦਾ ਹੋਣ ਦਾ ਅਨੁਮਾਨ ਹੈ ਜੋ ਕਿਫਾਇਤੀ ਰਿਹਾਇਸ਼ ਦੀ ਸਹੂਲਤ ਨਾਲ ਜੂਝ ਰਹੇ ਹਨ।
