FBI ਨਿਊ ਮੈਕਸੀਕੋ ''ਚ ਭਾਰਤੀ ਰੈਸਟੋਰੈਂਟ ''ਤੇ ਹਮਲੇ ਦੀ ਕਰੇਗੀ ਜਾਂਚ
Tuesday, Oct 19, 2021 - 04:27 PM (IST)
ਵਾਸ਼ਿੰਗਟਨ (ਪੀ.ਟੀ.ਆਈ.): ਦੱਖਣੀ-ਅਮਰੀਕੀ ਰਾਜ ਨਿਊ ਮੈਕਸੀਕੋ ਦੀ ਰਾਜਧਾਨੀ ਸੈਂਟਾ ਫੇ ਵਿਚ ਇਕ ਮਸ਼ਹੂਰ ਭਾਰਤੀ ਰੈਸਟੋਰੈਂਟ 'ਤੇ ਪਿਛਲੇ ਸਾਲ ਹੋਏ ਹਮਲੇ ਦੀ ਜਾਂਚ ਹੁਣ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐਫ.ਬੀ.ਆਈ.) ਕਰੇਗੀ। ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਜੂਨ 2020 ਵਿੱਚ ਇਕ ਸਿੱਖ ਵਿਅਕਤੀ ਦੇ 'ਇੰਡੀਆ ਪੈਲੇਸ' ਨਾਂ ਦੇ ਰੈਸਟੋਰੈਂਟ ਵਿਚ ਅਣਪਛਾਤੇ ਬਦਮਾਸ਼ਾਂ ਨੇ ਭੰਨ-ਤੋੜ ਕੀਤੀ ਸੀ ਅਤੇ ਰਸੋਈ, ਖਾਣੇ ਦੇ ਕਮਰੇ ਤੇ ਸਟੋਰ ਨੂੰ ਨੁਕਸਾਨ ਪਹੁੰਚਾਇਆ। ਇਸ ਦੇ ਨਾਲ ਹੀ ਬਦਮਾਸ਼ਾਂ ਨੇ ਅਹਾਤੇ ਦੀਆਂ ਕੰਧਾਂ ਨੂੰ 'ਟਰੰਪ 2020' ਅਤੇ ਨਸਲਵਾਦੀ ਨਾਲ ਨਫ਼ਰਤ ਭਰੇ ਸੰਦੇਸ਼ ਟਿੱਪਣੀਆਂ ਸਮੇਤ ਸਪਰੇਅ ਪੇਂਟ ਨਾਲ ਰੰਗ ਦਿੱਤਾ। ਰਿਪੋਰਟਾਂ ਮੁਤਾਬਕ, ਰੈਸਟੋਰੈਂਟ ਦੇ ਮਾਲਕ ਨੂੰ ਲਗਭਗ ਇੱਕ ਲੱਖ ਅਮਰੀਕੀ ਡਾਲਰ ਦਾ ਨੁਕਸਾਨ ਹੋਇਆ ਸੀ।
ਇੱਕ ਸਥਾਨਕ ਨਿਊਜ਼ ਵੈਬਸਾਈਟ ਮੁਤਾਬਕ, ਇਸ ਰੈਸਟੋਰੈਂਟ ਨੂੰ ਬਲਜੀਤ ਸਿੰਘ ਨੇ 2013 ਵਿੱਚ ਖਰੀਦਿਆ ਸੀ ਅਤੇ ਇਸ ਨੂੰ ਉਸਦੇ ਬੇਟੇ ਬਲਜੋਤ ਦੁਆਰਾ ਚਲਾਇਆ ਜਾ ਰਿਹਾ ਹੈ। ਸੈਂਟਾ ਫੇ ਪੁਲਸ ਨੇ ਇਸ ਘਟਨਾ ਨੂੰ ਨੇੜਲੇ ਇਲਾਕੇ ਵਿੱਚ ਰਹਿਣ ਵਾਲੇ ਭਾਰਤੀ ਭਾਈਚਾਰੇ ਪ੍ਰਤੀ ਨਿਰਦੇਸ਼ਿਤ ਨਫ਼ਰਤ ਅਪਰਾਧ ਦੱਸਿਆ ਸੀ। ਘਟਨਾ ਦੇ 16 ਮਹੀਨਿਆਂ ਬਾਅਦ ਵੀ ਦੋਸ਼ ਤੈਅ ਕੀਤੇ ਜਾਣੇ ਬਾਕੀ ਹਨ। ਪਿਛਲੇ ਹਫ਼ਤੇ, ਐਫ.ਬੀ.ਆਈ. ਨੇ ਕਿਹਾ ਸੀ ਕਿ ਉਹ ਇੰਡੀਆ ਪੈਲੇਸ ਰੈਸਟੋਰੈਂਟ ਤੇ ਹਮਲੇ ਦੇ ਦੋਸ਼ੀਆਂ ਨੂੰ ਨਿਆਂ ਦੇ ਦਾਇਰੇ ਵਿੱਚ ਲਿਆਉਣ ਲਈ ਵਚਨਬੱਧ ਹੈ।
ਪੜ੍ਹੋ ਇਹ ਅਹਿਮ ਖਬਰ -ਜਲਵਾਯੂ ਤਬਦੀਲੀ ਮਾਮਲਾ : ਭਾਰਤੀ ਮੂਲ ਦੀ ਅੰਜਲੀ ਸ਼ਰਮਾ ਨੇ ਆਸਟ੍ਰੇਲੀਆ ਦੀ ਸਰਕਾਰ ਖ਼ਿਲਾਫ਼ ਜਿੱਤਿਆ ਕੇਸ
ਅਲਬੂਕਰਕ ਐਫ.ਬੀ.ਆਈ. ਡਿਵੀਜ਼ਨ ਦੇ ਇੰਚਾਰਜ ਸਪੈਸ਼ਲ ਏਜੰਟ ਰਾਉਲ ਬੁਜਾਂਡਾ ਨੇ ਕਿਹਾ,“ਇਸ ਘਟਨਾ ਦੀ ਗੂੰਜ ਰਾਸ਼ਟਰੀ ਅਤੇ ਸਥਾਨਕ ਪੱਧਰ 'ਤੇ ਹੋਈ। ਮੈਂ ਸੈਂਟਾ ਫੇ ਪੁਲਸ ਵਿਭਾਗ ਦਾ ਉਨ੍ਹਾਂ ਸਾਰੇ ਕੰਮਾਂ ਲਈ ਧੰਨਵਾਦ ਕਰਨਾ ਚਾਹੁੰਦਾ ਹਾਂ ਜੋ ਉਨ੍ਹਾਂ ਨੇ ਇਸ ਮਾਮਲੇ ਵਿੱਚ ਕੀਤੇ ਹਨ। ਅਸੀਂ ਇੰਡੀਆ ਪੈਲੇਸ ਵਿਖੇ ਇਸ ਘਟਨਾ ਲਈ ਜ਼ਿੰਮੇਵਾਰ ਲੋਕਾਂ ਨੂੰ ਲੱਭਣ ਅਤੇ ਉਨ੍ਹਾਂ ਨੂੰ ਨਿਆਂ ਦੇ ਘੇਰੇ ਵਿੱਚ ਲਿਆਉਣ ਲਈ ਵਚਨਬੱਧ ਹਾਂ।” ਡਿਪਟੀ ਚੀਫ ਪਾਲ ਜੋਏ ਨੇ ਕਿਹਾ,“ਇਸ ਜਾਂਚ ਦੌਰਾਨ ਸਾਨੂੰ ਐਫ.ਬੀ.ਆਈ. ਤੋਂ ਮਿਲੀ ਸਹਾਇਤਾ ਲਈ ਸੈਂਟਾ ਫੇ ਪੁਲਸ ਵਿਭਾਗ ਉਹਨਾਂ ਦਾ ਧੰਨਵਾਦੀ ਹੈ। ਅਸੀਂ ਐਫ.ਬੀ.ਆਈ. ਦੇ ਨਾਲ ਆਪਣਾ ਕੰਮ ਜਾਰੀ ਰੱਖਣ ਅਤੇ ਇਹ ਯਕੀਨੀ ਬਣਾਉਣ ਲਈ ਵਚਨਬੱਧ ਹਾਂ ਕਿ ਇਸ ਭੰਨਤੋੜ ਲਈ ਜ਼ਿੰਮੇਵਾਰ ਵਿਅਕਤੀ ਜਾਂ ਵਿਅਕਤੀਆਂ ਨੂੰ ਨਿਆਂ ਦੇ ਦਾਇਰੇ ਵਿੱਚ ਲਿਆਂਦਾ ਜਾਵੇ।”
ਪੜ੍ਹੋ ਇਹ ਅਹਿਮ ਖਬਰ- ਨਿਊਯਾਰਕ 'ਚ ਲੁੱਟ ਖੋਹ ਦੌਰਾਨ ਇਕ ਬੰਗਲਾਦੇਸ਼ੀ ਦਾ ਚਾਕੂ ਮਾਰ ਕੇ ਕਤਲ
ਐਫ.ਬੀ.ਆਈ. ਨੇ ਇੱਕ ਨਿਊਜ਼ ਰਿਲੀਜ਼ ਵਿੱਚ ਕਿਹਾ ਕਿ ਜਾਂਚ ਦੌਰਾਨ ਇਕੱਠੀ ਕੀਤੀ ਗਈ ਜਾਣਕਾਰੀ ਦੇ ਅਧਾਰ 'ਤੇ, ਸਾਂਟਾ ਫੇ ਪੁਲਸ ਨੇ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਕਿ ਹੋ ਸਕਦਾ ਹੈ ਕਿ ਰੈਸਟੋਰੈਂਟ ਨਾਲ ਜੁੜੇ ਲੋਕ ਇਸ ਘਟਨਾ ਵਿੱਚ ਸ਼ਾਮਲ ਹੋਏ ਹੋਣ। ਪੂਰੇ ਅਮਰੀਕਾ ਵਿੱਚ ਇਸ ਘਟਨਾ ਦੀ ਵਿਆਪਕ ਨਿੰਦਾ ਕੀਤੀ ਗਈ ਸੀ। ਇਸ ਤੋਂ ਬਾਅਦ, ਪਿਛਲੇ ਸਾਲ ਦੇਸ਼ ਵਿੱਚ ਨਸਲੀ ਹਮਲਿਆਂ ਅਤੇ ਵਿਰੋਧ ਪ੍ਰਦਰਸ਼ਨਾਂ ਵਿੱਚ ਤੇਜ਼ੀ ਆਈ ਅਤੇ ਜਾਰਜ ਫਲਾਇਡ, ਇੱਕ ਕਾਲੇ ਆਦਮੀ ਦੀ ਮਿਨੀਆਪੋਲਿਸ ਵਿੱਚ ਪੁਲਸ ਹਿਰਾਸਤ ਵਿੱਚ ਮੌਤ ਹੋ ਗਈ।