FBI ਨੇ ਕਤਰ ਲਾਬਿੰਗ ਮਾਮਲੇ ’ਚ ਸੇਵਾ-ਮੁਕਤ ਜਨਰਲ ਤੋਂ ਸਬੰਧਤ ਦਸਤਾਵੇਜ਼ ਕੀਤੇ ਜ਼ਬਤ
Thursday, Jun 09, 2022 - 06:04 PM (IST)
ਇੰਟਰਨੈਸ਼ਨਲ ਡੈਸਕ—ਅਮਰੀਕੀ ਜਾਂਚ ਏਜੰਸੀ (ਐੱਫ. ਬੀ. ਆਈ.) ਨੇ ਖਾੜੀ ਦੇਸ਼ ਲਈ ਗੈਰ-ਕਾਨੂੰਨੀ ਤਰੀਕੇ ਨਾਲ ਲਾਬਿੰਗ ਮੁਹਿੰਮ ਚਲਾਉਣ ਦੇ ਮਾਮਲੇ ’ਚ ਚੱਲ ਰਹੀ ਜਾਂਚ ਦੇ ਸੰਬੰਧ ’ਚ ਦੋਸ਼ੀ ਸੇਵਾਮੁਕਤ ਜਨਰਲ ਦੀ ‘ਅਪਰਾਧ ’ਚ ਸ਼ਮੂਲੀਅਤ’ ਨਾਲ ਜੁੜੇ ਦਸਤਾਵੇਜ਼ ਜ਼ਬਤ ਕੀਤੇ ਹਨ, ਅਧਿਕਾਰੀ ’ਤੇ ਅਧਿਕਾਰੀ ਦੀ ਵਰਤੋਂ ਕਰ ਝੂਠਾ ਬਿਆਨ ਦੇਣ ਦਾ ਵੀ ਦੋਸ਼ ਹੈ। ਸੰਘੀ ਅਦਾਲਤ ’ਚ ਜਮ੍ਹਾ ਦਸਤਾਵੇਜ਼ਾਂ ਮੁਤਾਬਕ ਸਾਬਕਾ ਮਰੀਨ ਜਨਰਲ ਜੌਨ ਆਰ. ਐਲਨ ਦੇ ਖ਼ਿਲਾਫ਼ ਸੰਭਾਵੀ ਤੌਰ ’ਤੇ ਅਪਰਾਧਿਕ ਮੁਕੱਦਮਾ ਚਲਾਇਆ ਜਾ ਸਕਦਾ ਹੈ। ਇਹ ਦਸਤਾਵੇਜ਼ ਮੰਗਲਵਾਰ ਨੂੰ ਜਨਤਕ ਕੀਤੇ ਗਏ। ਵਰਣਨਯੋਗ ਹੈ ਕਿ ਸਾਲ 2017 ’ਚ ਪ੍ਰਭਾਵਸ਼ਾਲੀ ਬਰੁਕਲਿਨ ਇੰਸਟੀਚਿਊਟ ਦੇ ਟੇਪ ਲੀਕ ਹੋਣ ਤੋਂ ਪਹਿਲਾਂ ਐਲਨ ਅਫ਼ਗਾਨਿਸਤਾਨ ’ਚ ਅਮਰੀਕੀ ਅਤੇ ਨਾਟੋ ਫ਼ੌਜ ਦੀ ਅਗਵਾਈ ਕਰ ਰਹੇ ਸਨ।
ਇਸ ਜਾਂਚ ਦੇ ਅਨੁਸਾਰ ਸੰਯੁਕਤ ਅਰਬ ਅਮੀਰਾਤ ਅਤੇ ਪਾਕਿਸਤਾਨ ’ਚ ਅਮਰੀਕਾ ਦੇ ਸਾਬਕਾ ਰਾਜਦੂਤ ਰਿਚਰਡ ਜੀ ਓਲਸਨ ਨੂੰ ਲਾਲਚ ਦਿੱਤਾ ਗਿਆ, ਜਿਨ੍ਹਾਂ ਨੂੰ ਪਿਛਲੇ ਹਫ਼ਤੇ ਮਾਮਲੇ ’ਚ ਦੋਸ਼ੀ ਠਹਿਰਾਇਆ ਗਿਆ। ਇਸ ਦੇ ਨਾਲ ਹੀ ਸਿਆਸੀ ਦਾਨੀ ਇਮਾਦ ਜ਼ੁਬੇਰੀ ਨੂੰ ਵੀ ਇਸ ਮਾਮਲੇ ’ਚ ਦੋਸ਼ੀ ਠਹਿਰਾਉਂਦਿਆਂ 12 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਜਾਂਚ ਵਜੋਂ ਕਾਂਗਰਸ ਦੇ ਕਈ ਮੈਂਬਰਾਂ ਤੋਂ ਵੀ ਪੁੱਛਗਿੱਛ ਕੀਤੀ ਗਈ। ਅਦਾਲਤ ਦੇ ਦਸਤਾਵੇਜ਼ਾਂ ਅਨੁਸਾਰ ਐਲਨ ਪਰਦੇ ਦੇ ਪਿੱਛੇ ਤੋਂ ਸਾਲ 2017 ’ਚ ਅਮਰੀਕਾ ਦੀਆਂ ਨੀਤੀਆਂ ਨੂੰ ਪ੍ਰਭਾਵਿਤ ਕਰਨ ਲਈ ਮਦਦ ਕਰ ਰਹੇ ਸਨ। ਉਦੋਂ ਕਤਰ ਦੇ ਸ਼ਾਹੀ ਪਰਿਵਾਰ ਅਤੇ ਖਾੜੀ ਦੇ ਹੋਰ ਦੇਸ਼ਾਂ ਵਿਚਕਾਰ ਕੂਟਨੀਤਕ ਸੰਕਟ ਪੈਦਾ ਹੋ ਗਿਆ ਸੀ। ਐੱਫ.ਬੀ.ਆਈ. ਦੇ ਏਜੰਟ ਬਬਾਕ ਅਦੀਬ ਨੇ ਵਿਦੇਸ਼ੀ ਏਜੰਟ ਰਜਿਸਟ੍ਰੇਸ਼ਨ ਐਕਟ ਦੇ ਤਹਿਤ ਜਾਰੀ ਕੀਤੇ ਗਏ ਸਰਚ ਵਾਰੰਟ ’ਤੇ ਲਿਖਿਆ, ‘‘ਇਨ੍ਹਾਂ ਨਿਯਮਾਂ ਦੀ ਜਾਣਬੁੱਝ ਉਲੰਘਣਾ ਕਰਨ ਦੇ ਮਜ਼ਬੂਤ ਸਬੂਤ ਹਨ।’’