FATF ਦੀ ਸੂਚੀ ''ਚ ਮੁੜ ਸ਼ਾਮਲ ਹੋਵੇਗਾ ਪਾਕਿਸਤਾਨ! ਭਾਰਤ ਨੇ ਕਰ ਲਈ ਪੂਰੀ ਤਿਆਰੀ
Monday, May 19, 2025 - 02:16 PM (IST)

ਇੰਟਰਨੈਸ਼ਨਲ ਡੈਸਕ- ਭਾਰਤ ਨੇ ਗੁਆਂਢੀ ਦੇਸ਼ ਪਾਕਿਸਤਾਨ ਨੂੰ ਸਬਕ ਸਿਖਾਉਣ ਦੀ ਤਿਆਰੀ ਕਰ ਲਈ ਹੈ। ਭਾਰਤ ਪਾਕਿਸਤਾਨ ਵਿੱਚ ਸਰਗਰਮ ਅੱਤਵਾਦੀ ਢਾਂਚੇ ਬਾਰੇ ਵਿੱਤੀ ਐਕਸ਼ਨ ਟਾਸਕ ਫੋਰਸ (FATF) ਨੂੰ ਨਵੀਂ ਖੁਫੀਆ ਜਾਣਕਾਰੀ ਸੌਂਪਣ ਦੀ ਯੋਜਨਾ ਬਣਾ ਰਿਹਾ ਹੈ। FATF ਇੱਕ ਗਲੋਬਲ ਸੰਸਥਾ ਹੈ ਜੋ ਮਨੀ ਲਾਂਡਰਿੰਗ ਅਤੇ ਅੱਤਵਾਦ ਵਿੱਤ ਪੋਸ਼ਣ ਦੀ ਨਿਗਰਾਨੀ ਕਰਦੀ ਹੈ, ਜਿਸਨੇ ਕੁਝ ਸਾਲ ਪਹਿਲਾਂ ਤੱਕ ਪਾਕਿਸਤਾਨ ਨੂੰ ਅੱਤਵਾਦ ਦਾ ਸਮਰਥਨ ਕਰਨ ਲਈ ਗ੍ਰੇ ਸੂਚੀ ਵਿੱਚ ਰੱਖਿਆ ਸੀ। ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਨੇ ਆਪ੍ਰੇਸ਼ਨ ਸਿੰਦੂਰ ਤਹਿਤ ਪਾਕਿਸਤਾਨ ਅਤੇ ਪੀ.ਓ.ਕੇ ਵਿੱਚ 9 ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਅਤੇ ਪੂਰੀ ਦੁਨੀਆ ਨੂੰ ਦਿਖਾਇਆ ਕਿ ਕਿਵੇਂ ਪਾਕਿਸਤਾਨ ਅੱਤਵਾਦ ਦੇ ਬੁਨਿਆਦੀ ਢਾਂਚੇ ਦਾ ਸਮਰਥਨ ਕਰ ਰਿਹਾ ਹੈ।
ਭਾਰਤ ਪਹਿਲਾਂ ਹੀ ਅੰਤਰਰਾਸ਼ਟਰੀ ਮੁਦਰਾ ਫੰਡ ਅਤੇ ਆਈ.ਐਮ.ਐਫ ਸਮੇਤ ਦੁਨੀਆ ਦੇ ਵਿੱਤੀ ਸੰਸਥਾਨਾਂ ਨੂੰ ਪਾਕਿਸਤਾਨ ਨੂੰ ਆਰਥਿਕ ਸਹਾਇਤਾ ਬੰਦ ਕਰਨ ਦੀ ਅਪੀਲ ਕਰ ਚੁੱਕਾ ਹੈ। ਭਾਰਤ ਦਾ ਕਹਿਣਾ ਹੈ ਕਿ ਪਾਕਿਸਤਾਨ ਇਸ ਪੈਸੇ ਦੀ ਵਰਤੋਂ ਅੱਤਵਾਦ ਲਈ ਕਰ ਰਿਹਾ ਹੈ। ਭਾਰਤ ਇਸ ਮੁੱਦੇ ਨੂੰ ਅੰਤਰਰਾਸ਼ਟਰੀ ਮੰਚ 'ਤੇ ਉਠਾਉਣ ਬਾਰੇ ਸੋਚ ਰਿਹਾ ਹੈ। ਭਾਰਤ ਨਵੇਂ ਸਬੂਤ ਦਿਖਾਉਣ ਜਾ ਰਿਹਾ ਹੈ ਜੋ ਇਹ ਸਪੱਸ਼ਟ ਕਰਦੇ ਹਨ ਕਿ ਪਾਕਿਸਤਾਨ ਦੀ ਸਰਕਾਰੀ ਮਸ਼ੀਨਰੀ ਅੱਤਵਾਦੀ ਸਮੂਹਾਂ ਨੂੰ ਲਗਾਤਾਰ ਸੁਰੱਖਿਆ ਪ੍ਰਦਾਨ ਕਰ ਰਹੀ ਹੈ। ਅਜਿਹੀ ਸਥਿਤੀ ਵਿੱਚ ਪਾਕਿਸਤਾਨ ਇੱਕ ਵਾਰ ਫਿਰ FATF ਦੀ ਗ੍ਰੇ ਲਿਸਟ ਵਿੱਚ ਜਾ ਸਕਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ-ਆਪ੍ਰੇਸ਼ਨ ਸਿੰਦੂਰ ਅਜੇ ਖਤਮ ਨਹੀਂ ਹੋਇਆ... ਪੁਰਤਗਾਲ 'ਚ ਭਾਰਤੀ ਮਿਸ਼ਨ ਨੇ ਪਾਕਿ ਦੰਗਾਕਾਰੀਆਂ ਨੂੰ ਸਿਖਾਇਆ ਸਬਕ
FATF ਦੀ ਗ੍ਰੇ ਲਿਸਟ ਨਾਲ ਪਾਕਿਸਤਾਨ ਦਾ ਪੁਰਾਣਾ ਰਿਸ਼ਤਾ
ਪਾਕਿਸਤਾਨ ਨੂੰ ਪਹਿਲਾਂ ਵੀ ਕਈ ਵਾਰ FATF ਦੀ ਗ੍ਰੇ ਸੂਚੀ 'ਚੋਂ ਸ਼ਾਮਲ ਅਤੇ ਹਟਾਇਆ ਜਾ ਚੁੱਕਾ ਹੈ। ਪਾਕਿਸਤਾਨ ਨੂੰ ਪਹਿਲੀ ਵਾਰ 2008 ਵਿੱਚ ਗ੍ਰੇ ਸੂਚੀ ਵਿੱਚ ਪਾਇਆ ਗਿਆ ਸੀ ਅਤੇ 2009 ਵਿੱਚ ਹਟਾ ਦਿੱਤਾ ਗਿਆ ਸੀ। ਪਾਕਿਸਤਾਨ 2012 ਤੋਂ 2015 ਦਰਮਿਆਨ FATF ਦੀ ਗ੍ਰੇ ਸੂਚੀ ਵਿੱਚ ਸੀ। FATF, ਜੋ ਅੱਤਵਾਦ ਅਤੇ ਅੱਤਵਾਦੀ ਫੰਡਿੰਗ 'ਤੇ ਨਜ਼ਰ ਰੱਖਦਾ ਹੈ, ਨੇ ਜੂਨ 2018 'ਚ ਪਾਕਿਸਤਾਨ ਨੂੰ ਗ੍ਰੇ ਸੂਚੀ 'ਚ ਪਾ ਦਿੱਤਾ ਸੀ। ਪਰ ਅਕਤੂਬਰ 2022 ਵਿੱਚ ਸੂਚੀ ਵਿੱਚੋਂ ਹਟਾ ਦਿੱਤਾ।
ਭਾਰਤ ਨੇ ਪਾਕਿਸਤਾਨ ਦੇ ਅੱਤਵਾਦੀ ਢਾਂਚੇ ਨੂੰ ਬਣਾਇਆ ਨਿਸ਼ਾਨਾ
22 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਦੀ ਬੈਸਰਨ ਘਾਟੀ 'ਚ ਪਾਕਿਸਤਾਨ ਸਪਾਂਸਰਡ ਅੱਤਵਾਦੀਆਂ ਨੇ ਹਮਲਾ ਕੀਤਾ ਸੀ, ਜਿਸ 'ਚ 26 ਲੋਕ ਮਾਰੇ ਗਏ ਸਨ ਅਤੇ 17 ਹੋਰ ਜ਼ਖਮੀ ਹੋ ਗਏ ਸਨ। ਭਾਰਤ ਨੇ ਇਸ ਹਮਲੇ ਲਈ ਪਾਕਿਸਤਾਨ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ 6-7 ਅਕਤੂਬਰ ਨੂੰ ਪਾਕਿਸਤਾਨ ਅਤੇ ਪਾਕਿਸਤਾਨ ਦੇ ਗੈਰ-ਕਾਨੂੰਨੀ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ) ਵਿੱਚ 9 ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਹਵਾਈ ਹਮਲੇ ਕੀਤੇ। ਭਾਰਤੀ ਹਮਲੇ 'ਚ ਘੱਟੋ-ਘੱਟ 100 ਅੱਤਵਾਦੀ ਮਾਰੇ ਗਏ ਸਨ। ਭਾਰਤ ਦੀ ਕਾਰਵਾਈ ਦੇ ਜਵਾਬ ਵਿੱਚ ਪਾਕਿਸਤਾਨ ਨੇ ਫੌਜੀ ਅਤੇ ਨਾਗਰਿਕ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਨਾਕਾਮ ਕਰ ਦਿੱਤਾ ਗਿਆ। ਦੋਵਂ ਦੇਸ਼ਾਂ ਵਿਚਾਲੇ ਕਰੀਬ 4 ਦਿਨਾਂ ਦੀ ਲੜਾਈ ਮਗਰੋਂ ਜੰਗਬੰਦੀ ਹੋਈ। ਹਾਲਾਂਕਿ ਭਾਰਤ ਨੇ ਸਾਫ ਕਿਹਾ ਹੈ ਕਿ ਭਵਿੱਖ ਵਿਚ ਕਿਸੇ ਵੀ ਅੱਤਵਾਦੀ ਕਾਰਵਾਈ ਨੂੰ ਯੁੱਧ ਦੀ ਕਾਰਵਾਈ ਮੰਨਿਆ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।