ਫਰਿਜ਼ਨੋ ਵਿਖੇ ਭਾਰਤ ਸਰਕਾਰ ਵੱਲੋਂ ਪਾਸ ਕੀਤੇ ਕਿਸਾਨ ਵਿਰੋਧੀ ਬਿੱਲਾਂ ਦਾ ਡਟ ਕੇ ਵਿਰੋਧ

Sunday, Sep 27, 2020 - 11:04 AM (IST)

ਫਰਿਜ਼ਨੋ ਵਿਖੇ ਭਾਰਤ ਸਰਕਾਰ ਵੱਲੋਂ ਪਾਸ ਕੀਤੇ ਕਿਸਾਨ ਵਿਰੋਧੀ ਬਿੱਲਾਂ ਦਾ ਡਟ ਕੇ ਵਿਰੋਧ

ਫਰਿਜ਼ਨੋ (ਨੀਟਾ ਮਾਛੀਕੇ)- ਜਦੋਂ ਦੇ ਕੇਂਦਰ ਸਰਕਾਰ ਨੇ ਕਿਸਾਨ / ਮਜ਼ਦੂਰ ਵਿਰੋਧੀ ਬਿੱਲ ਪਾਸ ਕੀਤੇ ਹਨ ਓਦੋਂ ਤੋਂ ਹੀ ਪੰਜਾਬ, ਹਰਿਆਣਾ, ਯੂ.ਪੀ. ਆਦਿ ਸੂਬਿਆਂ ਵਿਚ ਕਿਸਾਨ ਮਜਦੂਰ ਸੰਘਰਸ਼ ਜ਼ੋਰ ਫੜ ਰਿਹਾ ਹੈ।  ਇਸੇ ਸੰਘਰਸ਼ ਨੂੰ ਹੋਰ ਤਕੜਾ ਕਰਨ ਲਈ ਕੈਲੀਫੋਰਨੀਆਂ ਦੇ ਸ਼ਹਿਰ ਫਰਿਜ਼ਨੋ ਵਿਖੇ ਵੀ ਪੰਜਾਬੀਆਂ ਦਾ ਭਾਰੀ ਇਕੱਠ ਹੋਇਆ ਅਤੇ ਇਸ ਇਕੱਠ ਵਿੱਚ ਹਰਿਆਣਵੀਂ ਨੌਜਵਾਨਾਂ ਨੇ ਸ਼ਿਰਕਤ ਕਰਕੇ ਇਸ ਸੰਘਰਸ਼ ਨੂੰ ਹੋਰ ਵੀ ਨਰੋਆ ਬਣਾਇਆ। 

ਇਹ ਇਕੱਠ ਸਿਆਸੀ ਵਿਖਰੇਵਿਆਂ ਨੂੰ ਪਾਸੇ ਰੱਖ ਕੇ ਇੱਕ ਆਮ ਲੋਕਾਂ ਦਾ ਇਕੱਠ ਹੋ ਨਿਬੜਿਆ। ਇਸ ਮੌਕੇ ਬੋਲਣ ਵਾਲੇ ਬੁਲਾਰਿਆਂ ਨੇ ਮੋਦੀ ਸਰਕਾਰ ਦੀਆਂ ਪੰਜਾਬ ਵਿਰੋਧੀ ਅਤੇ ਕਿਸਾਨ / ਮਜ਼ਦੂਰ ਵਿਰੋਧੀ ਨੀਤੀਆਂ ਦਾ ਡਟ ਕੇ ਵਿਰੋਧ ਕੀਤਾ ਅਤੇ ਕਿਹਾ ਕਿ ਇਹ ਬਿੱਲ ਆਉਣ ਨਾਲ ਪੰਜਾਬ ਜਿਹੜਾ ਪਹਿਲਾਂ ਹੀ ਆਰਥਿਕ ਤੰਗੀ ਦੀ ਕਗਾਰ 'ਤੇ ਖੜ੍ਹਾ ਹੈ, ਹੋਰ ਬੁਰੀ ਤਰ੍ਹਾਂ ਨਾਲ ਪਿੰਜਿਆ ਜਾਵੇਗਾ। ਪੰਜਾਬ ਦੇ ਲੋਕ ਵੱਡੀ ਗਿਣਤੀ ਵਿੱਚ ਖੇਤੀ-ਬਾੜੀ ਦੇ ਕਿੱਤੇ ਨਾਲ ਜੁੜੇ ਹੋਏ ਹਨ, ਪੰਜਾਬ ਦਾ ਮਜ਼ਦੂਰ ਕਿਸਾਨੀ ਦਾ ਅਹਿਮ ਅੰਗ ਹੈ। ਇਹ ਕਾਲੇ ਕਨੂੰਨਾਂ ਕਾਰਨ ਪੰਜਾਬ ਦਾ ਬੁਰਾ ਹਾਲ ਹੋ ਜਾਵੇਗਾ। ਬੁਲਾਰਿਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਬਣਾਏ ਗਏ ਤਿੰਨ ਖੇਤੀ ਵਿਰੋਧੀ ਕਾਨੂੰਨ , ਬਿਜਲੀ ਸੋਧ ਕਾਨੂੰਨ 2020 ਅਤੇਜਮੀਨ ਗ੍ਰਹਿਣ ਪ੍ਰਾਪਤੀ ਸੋਧ ਕਨੂੰਨ 2020 ਲਾਗੂ ਹੋਣ ਦੇ ਨਾਲ ਕਿਸਾਨਾਂ ਦੀਆਂ ਫਸਲਾਂ ਵਪਾਰੀਆਂ ਅਤੇ ਵੱਡੇ ਵਪਾਰਕ ਘਰਾਣਿਆਂ ਦੇ ਰਹਿਮੋ-ਕਰਮ 'ਤੇ ਰਹਿ ਜਾਣਗੀਆਂ। ਬਿਜਲੀ ਸੋਧ ਕਨੂੰਨ ਨਾਲ ਖੇਤੀ ਮੋਟਰਾਂ ਦੇ ਵੱਡੇ-ਵੱਡੇ ਬਿੱਲ ਆਉਣਗੇ ਅਤੇ ਖੇਤ ਮਜਦੂਰਾਂ ਨੂੰ ਮਿਲਦੀ ਘਰੇਲੂ ਬਿਜਲੀ ਬਿੱਲਾਂ ਤੇ ਸਬਸਿਡੀ ਖਤਮ ਹੋ ਜਾਵੇਗੀ।

ਉਨ੍ਹਾਂ ਕਿਹਾ ਕਿ ਇਸ ਤੋਂ ਬਿਨਾਂ ਕਿਸਾਨਾਂ ਵੱਲੋਂ ਸੰਘਰਸ਼ ਕਰਕੇ ਕੰਪਨੀਆਂ ਨੂੰ ਜ਼ਮੀਨ ਗ੍ਰਹਿਣ ਕਰ ਕੇ ਦੇਣ ਦੀ ਅੱਸੀ ਫੀਸਦੀ ਕਿਸਾਨਾਂ ਦੀ ਸਹਿਮਤੀ ਦੀ ਸ਼ਰਤ ਜ਼ਮੀਨ ਗ੍ਰਹਿਣ ਪ੍ਰਾਪਤੀ ਕਾਨੂੰਨ ਵਿੱਚ ਸੋਧ ਕਰਕੇ ਖਤਮ ਕਰ ਦਿੱਤੀ ਗਈ ਹੈ। ਇਸ ਇਕੱਠ ਨੂੰ ਹਰਿਆਣਵੀ ਨੌਜਵਾਨ ਧਰਮਵੀਰ ਨੇ ਵੀ ਸੰਬੋਧਨ ਕੀਤਾ ‘ਤੇ ਕਿਸਾਨ ਅੰਦੋਲਨ ਦੇ ਹੱਕ ਵਿੱਚ ਅਵਾਜ਼ ਬੁਲੰਦ ਕੀਤੀ। ਉਹਨਾ ਕਿਹਾ ਕਿ ਕੁਝ ਗਲਤ ਫਹਿਮੀਆਂ ਕਾਰਨ ਪੰਜਾਬੀ ‘ਤੇ ਹਰਿਆਣਵੀ ਨੌਜਵਾਨਾਂ ਵਿੱਚ ਜਿਵੇਂ ਵਿਦੇਸ਼ਾਂ ਵਿੱਚ ਲੜਾਈਆਂ ਹੋ ਰਹੀਆਂ ਹਨ, ਉਹ ਇਹਨਾਂ ਘਟਨਾਵਾਂ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਨ। 

ਇਸ ਪੂਰੇ ਸਮਾਗਮ ਦੌਰਾਨ ਸਟੇਜ ਸੰਚਾਲਨ ਪੱਤਰਕਾਰ ਨੀਟਾ ਮਾਛੀਕੇ ਨੇ ਬਾਖੂਬੀ ਕੀਤਾ। ਅਖੀਰ ਵਿੱਚ ਮਨਜੀਤ ਸਿੰਘ ਪੱਤੜ ਨੇ ਸਭਨਾਂ ਦਾ ਧੰਨਵਾਦ ਕੀਤਾ ਅਤੇ ਲੋਕਾਂ ਨੇ ਰੋਹ ਵਿੱਚ ਆਕੇ ਭਾਰਤ ਸਰਕਾਰ ਮੁਰਦਾਬਾਦ ਦੇ ਨਾਅਰੇ ਵੀ ਲਗਾਏ। ਬੋਲਣ ਵਾਲੇ ਬੁਲਾਰਿਆਂ ਵਿੱਚ ਜਗਤਾਰ ਸਿੰਘ ਜੱਗੀ, ਅਮਰਜੀਤ ਸਿੰਘ ਦੌਧਰ, ਮਾਸਟਰ ਤਾਰਾ ਸਿੰਘ ਮਾਨ, ਪਰਮਜੀਤ ਸਿੰਘ ਹੇਰੀਆਂ, ਮਨਦੀਪ ਸਿੰਘ, ਰਾਜਵਿੰਦਰ ਸਿੰਘ ਬਰਾੜ, ਹਰਜੀਤ ਟਿਵਾਣਾ, ਆਦਿ ਦੇ ਨਾਮ ਜਿਕਰਯੋਗ ਹਨ। ਇਸ ਮੌਕੇ ਯਮਲਾ ਜੱਟ ਦੇ ਲਾਡਲੇ ਸ਼ਗਿਰਦਰਾਜ ਬਰਾੜ ਅਤੇ ਕਮਲਜੀਤ ਸਿੰਘ ਨੇ ਕ੍ਰਾਂਤੀਕਾਰੀ ਗੀਤਾ ਨਾਲ ਚੰਗਾ ਸਮਾਂ ਬੰਨਿਆ। ਅਖੀਰ ਲੋਕਾਂ ਨੇ ਚਾਹ-ਪਕੌੜਿਆਂ ਦੇ ਲੰਗਰ ਦਾ ਖ਼ੂਬ ਅਨੰਦ ਮਾਣਿਆ ਤੇ ਅਮਿੱਟ ਪੈੜਾਂ ਛੱਡਦਾ ਯਾਦਗਾਰੀ ਹੋ ਨਿਬੜਿਆ। 


author

Sanjeev

Content Editor

Related News