ਬਰਗਰ ਵਿਚ ਰੇਂਗਦੇ ਮਿਲੇ ਕੀੜੇ, ਕੰਪਨੀ ਨੇ ਦੋਸ਼ ਮੰਨਣ ਤੋਂ ਕੀਤਾ ਇਨਕਾਰ

08/11/2017 5:55:52 PM

ਬ੍ਰਿਸਬੇਨ— ਇਹ ਘਟਨਾ ਆਸਟ੍ਰੇਲੀਆ ਦੇ ਉੱਤਰੀ ਬ੍ਰਿਸਬੇਨ ਦੀ ਹੈ। ਜਿੱਥੇ ਇਕ ਮਾਂ ਆਪਣੇ 3 ਸਾਲ ਦੇ ਬੱਚੇ ਨੂੰ ਫਾਸਟ ਫੂਡ ਲਈ ਮਸ਼ਹੂਰ ਰੈਸਟੋਰੈਂਟ ਮੈਕਡੋਨਲਡ ਵਿਚ ਲੈ ਕੇ ਗਈ। ਉੱਥੇ ਉਸ ਨੇ ''ਹੈਪੀ ਮੀਲ'' ਦਾ ਆਰਡਰ ਦਿੱਤਾ ਪਰ ਥੋੜ੍ਹੀ ਹੀ ਦੇਰ ਮਗਰੋਂ ਮਾਂ ਦੀ ਨਜ਼ਰ ਅਜਿਹੀ ਚੀਜ਼ 'ਤੇ ਪਈ, ਜਿਸ ਨੂੰ ਦੇਖਦੇ ਹੀ ਮਾਂ ਦੀ ਖੁਸ਼ੀ, ਡਰ ਅਤੇ ਨਰਾਜ਼ਗੀ ਵਿਚ ਬਦਲ ਗਈ।
ਬੱਚੇ ਨੇ ਹਾਲੇ ਬਰਗਰ ਦਾ ਇਕ ਟੁੱਕੜਾ ਹੀ ਖਾਧਾ ਸੀ ਕਿ ਮਾਂ ਨੂੰ ਬਰਗਰ 'ਤੇ ਚਿੱਟੇ ਰੰਗ ਦੇ ਕੀੜੇ ਰੇਂਗਦੇ ਹੋਏ ਦਿਖਾਈ ਦਿੱਤੇ। ਔਰਤ ਨੇ ਇਸ ਗੱਲ ਦੀ ਸ਼ਿਕਾਇਤ ਨਾ ਸਿਰਫ ਰੈਸਟੋਰੈਂਟ ਦੇ ਅਧਿਕਾਰੀ ਨੂੰ ਕੀਤੀ ਬਲਕਿ ਇਸ ਘਟਨਾ ਨੂੰ ਸੋਸ਼ਲ ਮੀਡੀਆ 'ਤੇ ਵੀ ਸ਼ੇਅਰ ਕੀਤਾ। ਔਰਤ ਨੇ ਉਸ ਬਰਗਰ ਦੀ ਤਸਵੀਰ ਅਤੇ ਵੀਡੀਓ ਫੇਸਬੁੱਕ 'ਤੇ ਸ਼ੇਅਰ ਕੀਤੀ ਜਿਸ ਵਿਚ ਢੇਰ ਸਾਰੇ ਕੀੜੇ ਨਜ਼ਰ ਆ ਰਹੇ ਹਨ।
ਔਰਤ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਅਦਾਲਤ ਤੱਕ ਲੈ ਕੇ ਜਾਵੇਗੀ। ਉਸ ਨੇ ਕਿਹਾ,''ਮੈਂ ਇਸ ਫਾਸਟ ਫੂਡ ਕੰਪਨੀ ਨੂੰ ਇੰਨੀ ਆਸਾਨੀ ਨਾਲ ਨਹੀਂ ਛਡਾਂਗੀ। ਮੈਂ ਇਸ ਬਰਗਰ ਨੂੰ ਸੰਭਾਲ ਕੇ ਰੱਖ ਲਿਆ ਹੈ ਅਤੇ ਇਸ ਦੀ ਰਸੀਦ ਵੀ ਸੰਭਾਲ ਕੇ ਰੱਖੀ ਹੈ। ਮੈਂ ਚਾਹੁੰਦੀ ਹਾਂ ਕਿ ਰੈਸਟੋਰੈਂਟ ਆਪਣਾ ਪੂਰਾ ਸਟਾਕ ਸੁੱਟ ਦੇਵੇ ਤਾਂ ਜੋ ਕਿਸੇ ਹੋਰ ਦੇ ਬੱਚੇ ਨੂੰ ਇੰਨੀ ਗੰਦੀ ਚੀਜ਼ ਨਾ ਖਾਣੀ ਪਵੇ।''

ਹਾਲਾਂਕਿ ਕੰਪਨੀ ਨੇ ਆਪਣੇ ਇੰਟਰਵਿਊ ਵਿਚ ਕਿਹਾ ਕਿ ਉਸ ਨੂੰ ਆਪਣੇ ਭੋਜਨ ਦੀ ਗੁਣਵੱਤਾ 'ਤੇ ਪੂਰਾ ਭਰੋਸਾ ਹੈ। ਕੰਪਨੀ ਨੇ ਸਫਾਈ ਦਿੰਦੇ ਹੋਏ ਕਿਹਾ,''ਸਾਡੇ ਰੈਸਟੋਰੈਂਟ ਵਿਚ ਅਜਿਹੀ ਘਟਨਾ ਦੀ ਸੰਭਾਵਨਾ ਨਾ ਦੇ ਬਰਾਬਰ ਹੈ। ਸਾਨੂੰ ਆਪਣੇ ਫੂਡ ਸੇਫਟੀ ਦੇ ਮਾਣਕਾਂ 'ਤੇ ਪੂਰਾ ਭਰੋਸਾ ਹੈ।'' ਹਾਲਾਂਕਿ ਦੋਸ਼ ਲਗਾਉਣ ਵਾਲੀ ਔਰਤ ਨੇ ਸਬੂਤ ਦੇ ਤੌਰ 'ਤੇ ਆਪਣੇ ਆਰਡਰ ਦੀ ਰਸੀਦ ਵੀ ਪੋਸਟ ਕੀਤੀ ਹੈ।

PunjabKesari
ਜਿਵੇਂ ਹੀ ਔਰਤ ਨੇ ਇਸ ਘਟਨਾ ਨੂੰ ਸੋਸ਼ਲ ਮੀਡੀਆ 'ਤੇ ਸਾਝਾ ਕੀਤਾ, ਕਈ ਲੋਕਾਂ ਨੇ ਖੁਦ ਨਾਲ ਵਾਪਰੀਆਂ ਅਜਿਹੀਆਂ ਹੀ ਘਟਨਾਵਾਂ ਦੇ ਬਾਰੇ ਵਿਚ ਦੱਸਿਆ। ਗੌਰਤਲਬ ਹੈ ਕਿ ਉਨ੍ਹਾਂ ਨੇ ਵੀ ਇਸ ਕੰਪਨੀ ਦੇ ਖਾਣੇ ਦੀ ਗੁਣਵੱਤਾ 'ਤੇ ਸਵਾਲ ਉਠਾਏ ਹਨ।


Related News