ਦੀਵਾਲੀ ਦੀ ਰਾਤ ਵਿਛਿਆ ਸੱਥਰ, ਲੰਡਨ ''ਚ ਅੱਗ ਲੱਗਣ ਕਾਰਨ ਇੱਕੋ ਪਰਿਵਾਰ ਦੇ ਪੰਜ ਜੀਆਂ ਦੀ ਮੌਤ

11/13/2023 5:31:36 PM

ਲੰਡਨ, (ਸਰਬਜੀਤ ਸਿੰਘ ਬਨੂੜ)- ਦੀਵਾਲੀ ਦੀ ਰਾਤ ਪੱਛਮੀ ਲੰਡਨ ਵਿੱਚ ਇੱਕ ਘਰ ਵਿੱਚ ਅੱਗ ਲੱਗਣ ਕਾਰਨ ਇੱਕੋ ਪਰਿਵਾਰ ਦੇ ਪੰਜ ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਬੱਚੇ ਸ਼ਾਮਲ ਹਨ। ਐਤਵਾਰ ਰਾਤ ਹੰਸਲੋ ਵਿੱਚ ਚੈਨਲ ਕਲੋਜ਼ ਰੋਡ 'ਤੇ ਅੱਗ ਬੁਝਾਉਣ ਲਈ 10 ਫਾਇਰ ਇੰਜਣਾਂ ਅਤੇ ਲਗਭਗ 70 ਫਾਇਰਫਾਈਟਰਾਂ ਨੂੰ ਬੁਲਾਇਆ ਗਿਆ ਸੀ। ਅੱਗ ਲੱਗਣ ਕਾਰਨ ਮਕਾਨ ਦੀ ਪਹਿਲੀ ਮੰਜ਼ਿਲ ਤਬਾਹ ਹੋ ਗਈ ਅਤੇ ਛੱਤ ਦਾ ਕੁਝ ਹਿੱਸਾ ਵੀ ਨੁਕਸਾਨਿਆ ਗਿਆ। ਸੋਮਵਾਰ ਰਾਤ 1.30 ਵਜੇ ਤੱਕ ਅੱਗ 'ਤੇ ਕਾਬੂ ਪਾ ਲਿਆ ਗਿਆ ਸੀ। 

ਜਾਣਕਾਰੀ ਮੁਤਾਬਕ, ਇਮਾਰਤ ਦੀ ਪਹਿਲੀ ਮੰਜ਼ਿਲ 'ਤੇ ਬੈਠੇ ਪੰਜ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇੱਕ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ ਅਤੇ ਇੱਕ ਵਿਅਕਤੀ ਲਾਪਤਾ ਹੈ। ਲੇਬਰ ਐੱਮ.ਪੀ. ਰੂਥ ਕੈਡਬਰੀ, ਨੇ ਐਕਸ 'ਤੇ ਲਿਖਿਆ ਕਿ ਮੈਂ ਅੱਜ ਸਵੇਰੇ ਇਹ ਜਾਣ ਕੇ ਬਹੁਤ ਦੁਖੀ ਹਾਂ ਕਿ ਬੀਤੀ ਰਾਤ ਹੰਸਲੋ ਵਿੱਚ ਇੱਕ ਘਰ ਵਿੱਚ ਅੱਗ ਲੱਗਣ ਕਾਰਨ ਬੱਚਿਆਂ ਸਮੇਤ 5 ਲੋਕਾਂ ਦੀ ਮੌਤ ਹੋ ਗਈ। 

ਲੰਡਨ ਫਾਇਰ ਕਮਿਸ਼ਨਰ ਐਂਡੀ ਰੋ ਨੇ ਕਿਹਾ ਕਿ ਇਹ ਬਹੁਤ ਹੀ ਦੁਖਦਾਈ ਘਟਨਾ ਹੈ ਅਤੇ ਲੰਡਨ ਫਾਇਰ ਬ੍ਰਿਗੇਡ ਦੇ ਸਾਰੇ ਮੈਂਬਰ ਇਸ ਮੁਸ਼ਕਲ ਸਮੇਂ ਵਿੱਚ ਪਰਿਵਾਰ, ਦੋਸਤਾਂ ਅਤੇ ਪ੍ਰਭਾਵਿਤ ਸਾਰੇ ਲੋਕਾਂ ਦੇ ਨਾਲ ਹਨ। ਸਾਡੇ ਸਟਾਫ ਦੀ ਭਲਾਈ ਬਹੁਤ ਮਹੱਤਵਪੂਰਨ ਹੈ ਅਤੇ ਇਸ ਵਿੱਚ ਸ਼ਾਮਲ ਸਾਰੇ ਲੋਕਾਂ ਨੂੰ ਸਾਡੀ ਕਾਉਂਸਲਿੰਗ ਅਤੇ ਟਰਾਮਾ ਸੇਵਾ ਤੋਂ ਸਹਾਇਤਾ ਦੀ ਪੇਸ਼ਕਸ਼ ਕੀਤੀ ਜਾਵੇਗੀ। 

ਗੁਆਂਢੀਆਂ ਮੁਤਾਬਕ ਪਰਿਵਾਰ ਬੈਲਜੀਅਮ ਤੋਂ ਇੱਥੇ ਸ਼ਿਫਟ ਹੋਇਆ ਸੀ। ਸ਼ਾਮ ਵੇਲੇ ਪਰਿਵਾਰ ਆਤਿਜ਼ਬਾਜ਼ੀ ਚਲਾਈ ਗਈ ਅਤੇ ਦਰਵਾਜ਼ੇ 'ਤੇ ਕ੍ਰਿਸਮਸ ਦੀਆਂ ਲਾਇਟਾਂ ਲਾਈਆਂ ਹੋਈਆਂ ਸਨ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।


Rakesh

Content Editor

Related News