ਕੋਰੋਨਾ ਸੰਕਟ: ਘਰੋਂ ਕੰਮ ਰਹੇ ਫੇਸਬੁੱਕ ਕਰਮਚਾਰੀਆਂ ਨੂੰ ਮਿਲੇਗਾ 74 ਹਜ਼ਾਰ ਦਾ ਬੋਨਸ

Wednesday, Mar 18, 2020 - 12:31 PM (IST)

ਗੈਜੇਟ ਡੈਸਕ– ਕੋਰੋਨਾਵਾਇਰਸ ਸੰਕਟ ’ਚ ਕਾਫੀ ਕੰਪਨੀਆਂ ਆਪਣੇ ਸਟਾਫ ਨੂੰ ਘਰੋਂ ਹੀ ਕੰਮ ਕਰਨ ਲਈ ਕਹਿ ਰਹੀਆਂ ਹਨ। ਉਥੇ ਹੀ ਫੇਸਬੁੱਕ ਨੇ ਕਿਹਾ ਹੈ ਕਿ ਉਹ ਆਪਣੇ ਹਰ ਕਰਮਚਾਰੀ ਨੂੰ ਘਰੋਂ ਕੰਮ ਕਰਨ ’ਚ ਮਦਦ ਲਈ 1000 ਡਾਲਰ (74,000 ਰੁਪਏ) ਦਾ ਬੋਨਸ ਦੇਵੇਗੀ। ਸੀ.ਐੱਨ.ਬੀ.ਸੀ. ਦੀ ਰਿਪੋਰਟ ਮੁਤਾਬਕ, ਕੰਪਨੀ ਦੇ ਸੀ.ਈ.ਓ. ਮਾਰਕ ਜ਼ੁਕਰਬਰਗ ਨੇ ਆਪਣੇ ਸਟਾਫ ਨੂੰ ਭੇਜੇ ਇਕ ਇੰਟਰਨਲ ਨੋਟ ’ਚ ਇਸ ਗੱਲ ਦਾ ਐਲਾਨ ਕੀਤਾ ਹੈ। 

ਜਨਵਰੀ ਤਕ ਦੇ ਅੰਕੜਿਆਂ ਮੁਤਾਬਕ, ਫੇਸਬੁੱਕ ਦਾ ਕਰੀਬ 45 ਹਜ਼ਾਰ ਫੁਲ ਟਾਈਮ ਸਟਾਫ ਹੈ ਪਰ ਇਸ ਤੋਂ ਇਲਾਵਾ ਕਈ ਹਜ਼ਾਰ ਲੋਕ ਕਾਨਟ੍ਰੈਕਟ ਵਰਕਰਜ਼ ਹਨ। ਇਹ ਪਤਾ ਨਹੀਂ ਲੱਗ ਸਕਿਆ ਕਿ ਕਾਨਟ੍ਰੈਕਟ ’ਤੇ ਕੰਮ ਕਰਨ ਵਾਲੇ ਲੋਕਾਂ ਨੂੰ ਇਹ ਬੋਨਸ ਮਿਲੇਗਾ ਜਾਂ ਨਹੀਂ। ਹਾਲਾਂਕਿ ਫੇਸਬੁੱਕ ਤੋਂ ਇਲਾਵਾ ਹੋਰ ਟੈੱਕ ਕੰਪਨੀਆਂ ਵੀ ਆਪਣੇ ਸਟਾਫ ਨੂੰ ਬੋਨਸ ਦੇ ਰਹੀਆਂ ਹਨ। Workday ਨਾਂ ਦੀ ਸਾਫਟਵੇਅਰ ਕੰਪਨੀ ਨੇ ਵੀ ਸੋਮਵਾਰ ਨੂੰ ਕਿਹਾ ਸੀ ਕਿ ਉਹ ਦੋ ਹਫਤਿਆਂ ਦੀ ਵਾਧੂ ਤਨਖਾਹ ਬੋਨਸ ਦੇ ਰੂਪ ’ਚ ਸਟਾਫ ਨੂੰ ਦੇਵੇਗੀ। 

 

ਉਥੇ ਹੀ ਮੰਗਲਵਾਰ ਨੂੰ ਫੇਸਬੁੱਕ ਨੇ ਇਹ ਐਲਾਨ ਕੀਤਾ ਸੀ ਕਿ ਉਹ ਕੋਰੋਨਾਵਾਇਰਸ ਨਾਲ ਪ੍ਰਭਾਵਿਤ ਹੋਣਵਾਲੇ ਛੋਟੇ ਬਿਜ਼ਨੈੱਸ ਨੂੰ ਮਦਦ ਦੇ ਰੂਪ ’ਚ 739 ਕਰੋੜ ਰੁਪਏ ਦੇਵੇਗੀ। ਫੇਸਬੁੱਕ 30 ਹਜ਼ਾਰ ਅਲੀਜੀਬਲ ਬਿਜ਼ਨੈੱਸ ਨੂੰ ਕੈਸ਼ ਅਤੇ ਐਡ ਕ੍ਰੈਡਿਟ ਦੇਵੇਗੀ। ਕੋਰੋਨਾਵਾਇਰਸ ਕਾਰਨ ਫੇਸਬੁੱਕ ’ਤੇ ਕਾਫੀ ਅਸਰ ਪਿਆ ਹੈ। ਕੰਪਨੀ ਦੇ ਸ਼ੇਅਰ ’ਚ 28 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। 27 ਫਰਵਰੀ ਨੂੰ ਫੇਸਬੁੱਕ ਨੇ ਆਪਣੇ ਸਾਲਾਨਾ ਸਾਫਟਵੇਅਰ ਡਿਵੈਲਪਰਜ਼ ਕਾਨਫਰੰਸ F8 ਪ੍ਰੋਗਰਾਮ ਨੂੰ ਵੀ ਰੱਦ ਕਰ ਦਿੱਤਾ ਸੀ। ਫੇਸਬੁੱਕ ਨੇ ਮਾਰਚ ਦੀ ਸ਼ੁਰੂਆਤ ਤੋਂ ਹੀ ਆਪਣੇ ਸਟਾਫ ਨੂੰ ਘਰੋਂ ਕੰਮ ਕਰਨ ਲਈ ਕਹਿਣਾ ਸ਼ੁਰੂ ਕਰ ਦਿੱਤਾ ਸੀ। ਫੇਸਬੁੱਕ ਨੇ ਹਾਲ ਹੀ ’ਚ ਮੈਡੀਕਲ ਫੇਸ ਮਾਸਕ ਦੇ ਵਿਗਿਆਪਨਾਂ ’ਤੇ ਵੀ ਰੋਕ ਲਗਾ ਦਿੱਤੀ ਸੀ। 

ਦੁਨੀਆ ਭਰ ’ਚ ਕੋਰੋਨਾਵਾਇਰਸ ਨਾਲ ਪ੍ਰਭਾਵਿਤ ਇਕ ਲੱਖ 84 ਹਜ਼ਾਰ ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਚੁੱਕੇ ਹਨ. WHO ਦੇ ਤਾਜ਼ਾ ਅੰਕੜਿਆਂ ਮੁਤਾਬਕ, 7529 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ। ਉਥੇ ਹੀ ਭਾਰਤ ’ਚ ਕੋਰੋਨਾਵਾਇਰਸ ਨਾਲ ਪ੍ਰਭਾਵਿਤ ਮਾਮਲੇ ਲਗਾਤਾਰ ਵਧ ਰਹੇ ਹਨ। ਹੁਣਤਕ 41 ਪ੍ਰਭਾਵਿਤ ਮਰੀਜ਼ ਸਾਹਮਣੇ ਆਏ ਹਨ। ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਕੋਰੋਨਾਵਾਇਰਸ ਤੋਂ ਬਚਣ ਲਈ ਸਕੂਲ-ਕਾਲਜ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ। 


Related News