ਫੇਸਬੁੱਕ, ਟਵਿੱਟਰ, ਗੂਗਲ ਨੇ ਪਾਕਿ ''ਚ ਸੇਵਾਵਾਂ ਮੁਅੱਤਲ ਕਰਨ ਦੀ ਧਮਕੀ ਦਿੱਤੀ
Saturday, Feb 29, 2020 - 11:12 AM (IST)
ਗੈਜੇਟ ਡੈਸਕ– ਸੋਸ਼ਲ ਮੀਡੀਆ ਅਤੇ ਸਰਚ ਇੰਜਣ ਕੰਪਨੀਆਂ ’ਤੇ ਤਾਂ ਕਈ ਦੇਸ਼ਾਂ ’ਚ ਕੁਝ ਕਾਰਨਾਂ ਕਰਕੇ ਪਾਬੰਦੀ ਲਗਦੀ ਰਹਿੰਦੀ ਹੈ ਪਰ ਪਾਕਿਸਤਾਨ ’ਚ ਫੇਸਬੁੱਕ, ਗੂਗਲ, ਟਵਿਟਰ ਵਰਗੀਆਂ ਕੰਪਨੀਆਂ ’ਤੇ ਸੈਂਸਰਸ਼ਿਪ ਪਾਕਿਸਤਾਨ ਨੂੰ ਹੁਣ ਭਾਰੀ ਪੈਣ ਵਾਲਾ ਹੈ। ਕਿਉਂਕਿ ਪਾਕਿਸਤਾਨ ਦੇ ਡਿਜੀਟਲ ਸੈਂਸਰਸ਼ਿਪ ਕਾਨੂੰਨ ਨੂੰ ਲੈ ਕੇ ਇਨ੍ਹਾਂ ਕੰਪਨੀਆਂ ਨੇ ਪਾਕਿਸਤਾਨੀ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ। ਫੇਸਬੁੱਕ, ਟਵਿਟਰ ਅਤੇ ਗੂਗਲ ਸਮੇਤ ਕਈ ਕੰਪਨੀਆਂ ਦੇ ਗਰੁੱਪ ਏਸ਼ੀਆ ਇੰਟਰਨੈੱਟ ਕੋਏਲੀਸ਼ਨ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਚਿਤਾਵਨੀ ਭਰੇ ਲਹਿਜੇ ਨਾਲ ਚਿੱਠੀ ਲਿਖ ਕੇ ਕਿਹਾ ਹੈ ਕਿ ਜੇਕਰ ਪਾਕਿਸਤਾਨ ਆਪਣੇ ਡਿਜੀਟਲ ਸੈਂਸਰਸ਼ਿਪ ਕਾਨੂੰਨ ’ਚ ਬਦਲਾਅ ਨਹੀਂ ਕਰਦਾ ਤਾਂ ਇਨ੍ਹਾਂ ਕੰਪਨੀਆਂ ਨੂੰ ਪਾਕਿਸਤਾਨ ’ਚ ਆਪਣੀਆਂ ਸੇਵਾਵਾਂ ਮਜ਼ਬੂਰਨ ਬੰਦ ਕਰਨੀਆਂ ਪੈਣਗੀਆਂ। ਸੋਸ਼ਲ ਮੀਡੀਆ ਕੰਪਨੀਆਂ ਦਾ ਦੋਸ਼ ਹੈ ਕਿ ਪਾਕਿਸਤਾਨ ਨੇ ਡਿਜੀਟਲ ਸੈਂਸਰਸ਼ਿਪ ਕਾਨੂੰਨ ਬਣਾਉਂਦੇ ਸਮੇਂ ਕਿਸੇ ਮਾਹਿਰ ਦੀ ਸਲਾਹ ਨਹੀਂ ਲਈ।
ਪਾਕਿਸਤਾਨ ਦੇ ਡਿਜੀਟਲ ਸੈਂਸਰਸ਼ਿਪ ਕਾਨੂੰਨ ’ਚ ਕੀ ਹੈ?
ਦਰਅਸਲ ਪਾਕਿਸਤਾਨ ’ਚ ਜੋ ਡਿਜੀਟਲ ਸੈਂਸਰਸ਼ਿਪ ਕਾਨੂੰਨ ਬਣਾਇਆ ਗਿਆ ਹੈ ਉਸ ਵਿਚ ਇਤਰਾਜ਼ਯੋਗ ਕੰਟੈਂਟ ਨੂੰ ਲੈ ਕੇ ਕੋਈ ਲਿਮਟ ਤੈਅ ਨਹੀਂ ਕੀਤੀ ਗਈ। ਅਜਿਹੇ ’ਚ ਕੋਈ ਵੀ ਵਿਅਕਤੀ ਕਿਸੇ ਕੰਟੈਂਟ ਨੂੰ ਇਤਰਾਜ਼ਯੋਗ ਮੰਨ ਸਕਦਾ ਹੈ ਅਤੇ ਉਸ ਨੂੰ ਹਟਾਉਣ ਲਈ ਸੋਸ਼ਲ ਮੀਡੀਆ ਕੰਪਨੀਾਂ ਨੂੰ ਅਪੀਲ ਕਰ ਸਕਦਾ ਹੈ। ਅਪੀਲ ਦੇ 24 ਘੰਟਿਆਂ ਦੇ ਅੰਦਰ ਇਨ੍ਹਾਂ ਕੰਪਨੀਆਂ ਨੂੰ ਕੰਟੈਂਟ ਨੂੰ ਹਟਾਉਣਾ ਹੋਵੇਗਾ, ਉਥੇ ਹੀ ਐਮਰਜੈਂਸੀ ’ਚ ਇਹ ਮਿਆਦ 6 ਘੰਟੇ ਦੀ ਹੋਵੇਗੀ। ਇਸ ਸੈਂਸਰਸ਼ਿਪ ਤਹਿਤ ਸਬਸਕ੍ਰਾਈਬਰ, ਟ੍ਰੈਫਿਕ, ਕੰਟੈਂਟ ਅਤੇ ਅਕਾਊਂਟ ਨਾਲ ਜੁੜੀ ਜਾਣਕਾਰੀ ਖੁਫੀਆਂ ਏਜੰਸੀਆਂ ਦੇ ਨਾਲ ਸਾਂਝਾ ਕਰਨ ਦੀ ਵੀ ਵਿਵਸਥਾ ਹੈ।
50 ਕਰੋੜ ਰੁਪਏ ਤਕ ਲੱਗ ਸਕਦਾ ਹੈ ਜੁਰਮਾਨਾ
ਨਵੇਂ ਕਾਨੂੰਨ ਮੁਤਾਬਕ, ਇਨ੍ਹਾਂ ਕੰਪਨੀਆਂ ਨੂੰ ਪਾਕਿਸਤਾਨ ’ਚ ਆਪਣਾ ਸਥਾਈ ਦਫਤਰ ਖੋਲ੍ਹਣਾ ਹੋਵੇਗਾ। ਇਸ ਤੋਂ ਇਲਾਵਾ ਲੋਕਲ ਸਰਵਰ ਵੀ ਬਣਾਉਣਾ ਹੋਵੇਗਾ। ਨਾਲ ਹੀ ਪਾਕਿਸਤਾਨ ਤੋਂ ਬਾਹਰ ਰਹਿ ਰਹੇ ਪਾਕਿਸਤਾਨੀ ਲੋਕਾਂ ਦੇ ਅਕਾਊਂਟ ’ਤੇ ਨਜ਼ਰ ਰੱਖਣੀ ਹੋਵੇਗੀ। ਕਾਨੂੰਨ ਨੂੰ ਤੋੜਨ ’ਤੇ 50 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ। ਕੰਪਨੀਆਂ ਨੇ ਆਪਣੇ ਪੱਤਰ ’ਚ ਲਿਖਿਆ ਹੈ ਕਿ ਪਾਕਿਸਤਾਨ ਦਾ ਡਿਜੀਟਲ ਸੈਂਸਰਸ਼ਿਪ ਕਾਨੂੰਨ 7 ਕਰੋੜ ਇੰਟਰਨੈੱਟ ਯੂਜ਼ਰਜ਼ ਦੀ ਪ੍ਰਾਈਵੇਸੀ ਦੀ ਸੁਤੰਤਰਤਾ ਦਾ ਉਲੰਘਣ ਹੈ। ਜੇਕਰ ਇਸ ਕਾਨੂੰਨ ’ਚ ਬਦਲਾਅ ਨਹੀਂ ਹੋਏ ਤਾਂ ਪਾਕਿਸਤਾਨ ’ਚ ਸੇਵਾਵਾਂ ਨੂੰ ਬੰਦ ਕਰਨਾ ਪਵੇਗਾ।