ਲਾਹੌਰ ਦੇ ਗੁਰਦੁਆਰਾ ਸ਼ਹੀਦ ਭਾਈ ਤਾਰੂ ਸਿੰਘ ’ਤੇ ਕੱਟੜਪੰਥੀਆਂ ਨੇ ਕੀਤਾ ਕਬਜ਼ਾ, ਸਿੱਖ ਭਾਈਚਾਰੇ ’ਚ ਭਾਰੀ ਰੋਸ
Wednesday, Dec 07, 2022 - 07:31 PM (IST)
ਗੁਰਦਾਸਪੁਰ/ਲਾਹੌਰ (ਵਿਨੋਦ)-ਪਾਕਿਸਤਾਨ ਦੇ ਸ਼ਹਿਰ ਲਾਹੌਰ ’ਚ ਸਥਿਤ ਗੁਰਦੁਆਰਾ ਸ਼ਹੀਦ ਭਾਈ ਤਾਰੂ ਸਿੰਘ ’ਤੇ ਕੱਟੜਪੰਥੀਆਂ ਨੇ ਕਬਜ਼ਾ ਕਰਕੇ ਉਸ ’ਤੇ ਤਾਲਾ ਲਗਾ ਦਿੱਤਾ ਅਤੇ ਦਾਅਵਾ ਠੋਕ ਦਿੱਤਾ ਹੈ ਕਿ ਇਹ ਗੁਰਦੁਆਰਾ ਨਹੀਂ, ਬਲਕਿ ਮਸਜਿਦ ਹੈ। ਇਸ ਸਬੰਧੀ ਪਾਕਿਸਤਾਨ ਵਕਫ਼ ਬੋਰਡ ਵੀ ਕੱਟੜਪੰਥੀਆਂ ਦਾ ਸਾਥ ਦੇ ਰਿਹਾ ਹੈ। ਗੁਰਦੁਆਰੇ ’ਚ ਸਿੱਖ ਫਿਰਕੇ ਦੇ ਲੋਕਾਂ ਨੂੰ ਮੱਥਾ ਟੇਕਣ ’ਤੇ ਵੀ ਰੋਕ ਲਗਾ ਦਿੱਤੀ ਹੈ। ਕੱਟੜਪੰਥੀਆਂ ਦੀ ਇਸ ਕਾਰਵਾਈ ਨਾਲ ਪਾਕਿਸਤਾਨ ਸਮੇਤ ਵਿਸ਼ਵ ਭਰ ’ਚ ਰਹਿਣ ਵਾਲੇ ਸਿੱਖਾਂ ’ਚ ਰੋਸ ਪਾਇਆ ਜਾ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ : ਕਰਤਾਰਪੁਰ ਸਾਹਿਬ ਕਾਰੀਡੋਰ ਪਹੁੰਚੇ ਦਿੱਲੀ ਦੇ ਕਾਰੋਬਾਰੀ ਦੇ ਦਸਤਾਵੇਜ਼ ਨਿਕਲੇ ਜਾਅਲੀ, PA ਖ਼ਿਲਾਫ਼ ਮਾਮਲਾ ਦਰਜ
ਸਰਹੱਦ ਪਾਰ ਸੂਤਰਾਂ ਦੇ ਅਨੁਸਾਰ ਲਾਹੌਰ ਸਥਿਤ ਇਸ ਗੁਰਦੁਆਰੇ ਨੂੰ ਲੈ ਕੇ ਕੁਝ ਸਾਲਾਂ ਤੋਂ ਵਿਵਾਦ ਵੀ ਚੱਲ ਰਿਹਾ ਸੀ, ਜਦਕਿ ਪ੍ਰਤੀ ਦਿਨ ਵੱਡੀ ਗਿਣਤੀ ’ਚ ਸਿੱਖ ਸ਼ਰਧਾਲੂ ਇਸ ਗੁਰਦੁਆਰੇ ’ਚ ਆਉਂਦੇ ਸਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਹਮਣੇ ਮੱਥਾ ਟੇਕਦੇ ਸਨ। ਸ਼ਹੀਦਗੰਜ ਨੌਲੱਖਾ ਇਲਾਕੇ ’ਚ ਸਥਿਤ ਇਹ ਗੁਰਦੁਆਰਾ ਸ਼ਹੀਦ ਭਾਈ ਤਾਰੂ ਸਿੰਘ ਸਿੱਖਾਂ ਲਈ ਬਹੁਤ ਹੀ ਮਹੱਤਵ ਰੱਖਦਾ ਹੈ। ਸੂਤਰਾਂ ਅਨੁਸਾਰ ਇਹ ਪਹਿਲੀ ਵਾਰ ਨਹੀਂ ਹੈ ਕਿ ਪਾਕਿਸਤਾਨ ’ਚ ਕਿਸੇ ਗੁਰਦੁਆਰਾ ’ਤੇ ਤਾਲਾ ਲਗਾ ਕੇ ਮਸਜਿਦ ਹੋਣ ਦਾ ਦਾਅਵਾ ਕੀਤਾ ਗਿਆ ਹੋਵੇ। ਇਸ ਤਰ੍ਹਾਂ ਦੀ ਘਟਨਾ ਲੱਗਭਗ ਇਕ ਸਾਲ ਪਹਿਲਾਂ ਵੀ ਸਾਹਮਣੇ ਆਈ ਸੀ, ਜਦ ਇਕ ਗੁਰਦੁਆਰੇ ਨੂੰ ਮਸਜਿਦ ਐਲਾਨ ਕੀਤਾ ਗਿਆ ਸੀ, ਜਿਸ ਨਾਲ ਭਾਰਤੀ ਅਧਿਕਾਰੀਆਂ ਨੂੰ ਮਾਮਲੇ ’ਚ ਦਖ਼ਲ ਦੇਣ ਅਤੇ ਵਿਰੋਧ ਦਰਜ ਕਰਵਾਉਣ ਲਈ ਮਜਬੂਰ ਕੀਤਾ ਸੀ।
ਗੁਰਦੁਆਰਾ ਭਾਈ ਸ਼ਹੀਦ ਤਾਰੂ ਸਿੰਘ ਦਾ ਇਤਿਹਾਸ
ਇਹ ਗੁਰਦੁਆਰਾ ਲਾਹੌਰ ਦੀ ਕੰਧ ਵਾਲੇ ਸ਼ਹਿਰ ਤੋਂ ਕੁਝ ਬਾਹਰ ਨੌਲੱਖਾ ਨਾਮੀ ਇਲਾਕੇ ’ਚ ਸਥਿਤ ਹੈ, ਜਿਸ ਬਾਰੇ ਕਿਹਾ ਜਾਂਦਾ ਹੈ ਕਿ ਇਹ ਰਾਜ ਕੁਮਾਰ ਦਾਰਾ ਸ਼ਿਕੋਹ ਦਾ ਮਸ਼ਹੂਰ ਮਹਿਲ ਸੀ। ਕੱਟੜਪੰਥੀ ਦਾਅਵਾ ਕਰਦੇ ਹਨ ਕਿ ਸ਼ਿਕੋਹ ਨੇ ਆਪਣੇ ਛੋਟੇ ਭਰਾ ਔਰੰਗਜ਼ੇਬ ਦੇ ਹੱਥੋਂ ਆਪਣੇ ਭਰਾ ਦੇ ਕਤਲ ਤੋਂ ਪਹਿਲਾ ਲਾਹੌਰ ਦੇ ਗਵਰਨਰ ਦੇ ਰੂਪ ਵਿਚ ਕੰਮ ਕੀਤਾ ਸੀ।
ਜਦਕਿ ਸਿੱਖ ਫਿਰਕੇ ਦੇ ਲੋਕ ਦਾਅਵਾ ਕਰਦੇ ਹਨ ਕਿ ਇਸ ਸਥਾਨ ’ਤੇ ਹਜ਼ਾਰਾਂ ਬੇਕਸੂਰ ਪੁਰਸ਼ਾਂ, ਔਰਤਾਂ ਤੇ ਬੱਚਿਆਂ ਦੇ ਕਤਲ ਮੀਰ ਮਾਨੂੰ ਦੇ ਆਦੇਸ਼ ’ਤੇ ਕੀਤੇ ਗਏ ਸਨ, ਜੋ ਮੁਗਲ ਬਾਦਸ਼ਾਹ ਦਾ ਪ੍ਰਤੀਨਿਧੀ ਸੀ। ਬਾਅਦ ’ਚ ਮੀਰ ਮੰਨੂ ਨੇ ਖੁਦ ਹੀ ਇਸ ਸਥਾਨ ਨੂੰ ਗੁਰਦੁਆਰਾ ਬਣਾਉਣ ਦੀ ਆਗਿਆ ਦਿੱਤੀ ਸੀ। ਉੱਥੇ ਦੂਜੇ ਪਾਸੇ ਮੁਸਲਿਮ ਫਿਰਕੇ ਦੇ ਲੋਕਾਂ ਦਾ ਦਾਅਵਾ ਹੈ ਕਿ ਸਿੱਖਾਂ ਨੇ ਜ਼ਬਰਦਸਤੀ ਮਸਜਿਦ ’ਤੇ ਕਬਜ਼ਾ ਕਰ ਲਿਆ ਸੀ , ਜਦ ਲਾਹੌਰ ’ਤੇ ਸਿੱਖ ਸ਼ਾਸਕ ਸੀ। ਇਸ ਸਬੰਧੀ ਲੰਮੇ ਸਮੇਂ ਤੋਂ ਵਿਵਾਦ ਦੇ ਬਾਵਜੂਦ ਇਸ ਧਾਰਮਿਕ ਸਥਾਨ ’ਤੇ ਸਿੱਖਾਂ ਦਾ ਕੰਟਰੋਲ ਸੀ ਅਤੇ ਇਸ ਸਥਾਨ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਰਹਿੰਦਾ ਸੀ ਪਰ ਬੀਤੇ ਦਿਨੀਂ ਕੱਟੜਪੰਥੀਆਂ ਨੇ ਜ਼ਬਰਦਸਤੀ ਇਸ ਗੁਰਦੁਆਰੇ ’ਤੇ ਕਬਜ਼ਾ ਕਰਕੇ ਤਾਲਾ ਲਗਾ ਕੇ ਸਿੱਖਾਂ ਨੂੰ ਪੂਜਾ ਅਰਚਨਾ ਕਰਨ ਤੋਂ ਰੋਕ ਦਿੱਤਾ।ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਸਿੱਖ ਫਿਰਕੇ ਦੇ ਲੋਕਾਂ ਨੇ ਇਸ ਧੱਕੇਸ਼ਾਹੀ ਦਾ ਡਟ ਕੇ ਵਿਰੋਧ ਕਰਦੇ ਹੋਏ ਇਸ ਸ਼ਹੀਦ ਭਾਈ ਤਾਰੂ ਸਿੰਘ ਗੁਰਦੁਆਰੇ ਨੂੰ ਉਨਾਂ ਨੂੰ ਸੌਂਪਣ ਦੀ ਮੰਗ ਕੀਤੀ ਹੈ।
ਇਹ ਖ਼ਬਰ ਵੀ ਪੜ੍ਹੋ : ਪੰਜਾਬ ਸਰਕਾਰ ਦਾ ਵੱਡਾ ਉਪਰਾਲਾ, ਆਸ਼ੀਰਵਾਦ ਯੋਜਨਾ ਦਾ 1 ਜਨਵਰੀ ਤੋਂ ਲਾਭਪਾਤਰੀ ਆਨਲਾਈਨ ਲੈ ਸਕਣਗੇ ਲਾਭ