ਇਟਲੀ ਦੇ ਹਰ ਸਾਲ ਖੁੱਲ੍ਹਦੇ ਪੇਪਰ, ਹਜ਼ਾਰਾਂ ਨੌਜਵਾਨ ਹੁੰਦੇ ਹਨ ਲੱਖਾਂ ਦੀ ਲੁੱਟ ਦਾ ਸ਼ਿਕਾਰ

Friday, Mar 01, 2024 - 04:15 PM (IST)

ਇਟਲੀ ਦੇ ਹਰ ਸਾਲ ਖੁੱਲ੍ਹਦੇ ਪੇਪਰ, ਹਜ਼ਾਰਾਂ ਨੌਜਵਾਨ ਹੁੰਦੇ ਹਨ ਲੱਖਾਂ ਦੀ ਲੁੱਟ ਦਾ ਸ਼ਿਕਾਰ

ਰੋਮ (ਦਲਵੀਰ ਕੈਂਥ): ਬੇਸ਼ੱਕ ਇਟਲੀ ਦਾ ਨੌਜਵਾਨ ਅੱਜ ਬਿਹਤਰ ਭੱਵਿਖ ਲਈ ਇਟਲੀ ਨੂੰ ਅਲਵਿਦਾ ਆਖ ਰਿਹਾ ਹੈ। ਇਟਲੀ ਦੀ ਰਾਸ਼ਟਰੀ ਅੰਕੜਾ ਏਜੰਸੀ ਇਸਤਤ ਅਨੁਸਾਰ ਪਿਛਲੇ 2 ਦਹਾਕਿਆਂ ਦੌਰਾਨ ਦੇਸ਼ ਦੇ 30 ਲੱਖ ਨੌਜਵਾਨਾਂ ਨੇ ਬੇਰੁਜ਼ਗਾਰੀ ਕਾਰਨ ਇਟਲੀ ਤੋਂ ਕਿਨਾਰਾ ਕਰ ਲਿਆ ਹੈ ਪਰ ਇਸ ਦੇ ਬਾਵਜੂਦ ਪ੍ਰਵਾਸੀਆਂ ਦਾ ਇਟਲੀ ਵਿਚ ਧੜਾਧੜ ਗੈਰ ਕਾਨੂੰਨੀ ਢੰਗ ਨਾਲ ਆਉਣਾ ਇਟਲੀ ਸਰਕਾਰ ਨੂੰ ਸੋਚਣ ਲਈ ਮਜ਼ਬੂਰ ਕਰਦਾ ਹੈ ਕਿ ਆਖਿ਼ਰ ਕਿਉਂ ਪ੍ਰਵਾਸੀ ਇੰਨੀ ਵੱਡੀ ਤਦਾਦ ਵਿੱਚ ਇਟਲੀ ਆ ਰਹੇ ਹਨ। ਇਟਲੀ ਸਰਕਾਰ ਨੇ ਪ੍ਰਵਾਸੀਆਂ ਦੀ ਇਹੀ ਨਬਜ਼ ਨੂੰ ਪਛਾਣਦਿਆਂ ਉਨ੍ਹਾਂ ਤੋਂ ਖਾਲੀ ਸਰਕਾਰੀ ਖਜ਼ਾਨੇ ਨੂੰ ਭਰਨ ਲਈ ਹਰ ਸਾਲ ਇਟਲੀ ਤੋਂ ਬਾਹਰੋਂ ਕਾਮਿਆਂ ਦੀ ਮੰਗ ਕਰਨਾ, ਸਰਕਾਰ ਦੇ ਭਲੇ ਵਿੱਚ ਹੋਵੇ ਜਾਂ ਨਾ ਪਰ ਉਨ੍ਹਾਂ ਠੱਗ ਏਜੰਟਾਂ ਦਾ ਫ਼ਾਇਦਾ ਜ਼ਰੂਰ ਹੋ ਰਿਹਾ ਹੈ ਜਿਹੜੇ ਇਟਲੀ ਦੇ ਤਥਾਕਥਿਤ ਇਮੀਗ੍ਰੇਸ਼ਨ ਅਫ਼ਸਰ ਬਣ ਲੋਕਾਂ ਤੋਂ ਲੱਖਾਂ ਰੁਪੲੈ ਡਕਾਰ ਰਹੇ ਹਨ। 

ਇਟਲੀ ਯੂਰਪ ਦਾ ਅਜਿਹਾ ਦੇਸ਼ ਹੈ ਜਿਸ ਦੇ ਨਾਮ 'ਤੇ ਸਭ ਤੋਂ ਵੱਧ ਭਾਰਤੀ ਨੌਜਵਾਨਾਂ ਦੀ ਲੁੱਟ ਤਥਾਕਥਿਤ ਟ੍ਰੈਵਲ ਏਜੰਟ ਇਟਲੀ ਦਾ ਕੰਮ ਵਾਲਾ ਵੀਜ਼ਾ ਲੁਆਉਣ ਦੇ ਨਾਮ 'ਤੇ ਕਰਦੇ ਹਨ। ਅਜਿਹਾ ਵੀ ਕਹਿ ਸਕਦੇ ਹਾਂ ਕਿ ਜਿਸ ਤਰ੍ਹਾਂ ਅਵਾਮ ਵਿੱਚ ਉਨ੍ਹਾਂ ਬਾਬਿਆਂ ਦੇ ਇਸ਼ਤਿਹਾਰਾਂ ਦਾ ਗੁੱਗਾ ਅਲਾਪਿਆ ਜਾਂਦਾ ਹੈ ਜਿਹੜੇ ਕਿ ਵਸ਼ੀਕਰਨ, ਕਾਰੋਬਾਰ ਜਾਂ ਲੋਕਾਂ ਨੂੰ ਭੂਤ-ਪ੍ਰੇਤਾਂ ਤੋਂ ਬਚਾਉਣ ਦੇ ਵੱਡੇ-ਵੱਡੇ ਦਾਅਵੇ ਕਰਦੇ ਹਨ ਪਰ ਇਨ੍ਹਾਂ ਦਾਵਿਆਂ ਨਾਲ ਕਿੰਨੇ ਲੋਕਾਂ ਦਾ ਭਲਾ ਹੁੰਦਾ ਇਹ ਸਭ ਭਲੀਭਾਂਤ ਜਾਣਦੇ ਹਨ। ਠੀਕ ਉਸ ਤਰ੍ਹਾਂ ਹੀ ਅੱਜ ਦੇ ਸੋਸ਼ਲ ਮੀਡੀਏ ਵਿੱਚ ਇਟਲੀ ਦੇ ਪੇਪਰ ਖੁੱਲ੍ਹਣ ਦਾ ਜ਼ਿਆਦਾਤਰ ਆਪੂ ਬਣੇ ਪੱਤਰਕਾਰ ਦਿਨ-ਰਾਤ ਪ੍ਰਚਾਰ ਕਰਦੇ ਹਨ ਤੇ ਨਾਲ ਹੀ ਆਪਣੀ ਏਜੰਟਗਿਰੀ ਦੀਆਂ ਸਰਾਫ਼ਤੀ ਬਾਤਾਂ ਪਾਕੇ ਮੁਰਗੇ ਫਸਾਉਣ ਲਈ ਚੋਗਾ ਵੀ ਖਿਲਾਂਦੇ ਹਨ, ਜਿਸ ਵਿੱਚ  ਭਾਰਤ ਤੇ ਪਾਕਿਸਤਾਨੀ ਪੰਜਾਬ ਦੇ ਭੋਲੇਭਾਲੇ ਜਾਂ ਮਜ਼ਬੂਰ ਨੌਜਵਾਨ ਫਸ ਜਾਂਦੇ ਹਨ।

ਇਹ ਪੰਜਾਬੀ ਨੌਜਵਾਨ ਹਰ ਸਾਲ ਉਸ ਸਮੇਂ ਲੱਖਾਂ ਰੁਪੲੈ ਦੀ ਲੁੱਟ ਚਿੱਟੇ ਦਿਨ ਆਪ ਹੀ ਤਥਾਕਥਿਤ ਏਜੰਟਾਂ ਕੋਲ ਜਾ-ਜਾ ਕਰਵਾਉਂਦੇ ਹਨ, ਜਦੋਂ ਇਟਲੀ ਦੀ ਸਰਕਾਰ ਕੰਮ ਵਾਲੇ ਪੇਪਰਾਂ ਲਈ ਕੋਟਾਂ ਜਾਰੀ ਕਰਦੀ ਹੈ। ਇਟਲੀ ਦੇ ਪ੍ਰਧਾਨ ਮੰਤਰੀ ਦੇ ਤਖ਼ਤ 'ਤੇ ਬਿਰਾਜਮਾਨ ਕੋਈ ਵੀ ਹੋਵੇ ਪਰ ਸੰਨ 2006 ਤੋਂ ਇਟਲੀ ਸਰਕਾਰ ਦੇਸ਼ ਅੰਦਰ ਕਾਮਿਆਂ ਦੀ ਮੰਗ ਵਧਾਉਂਦੀ ਹੀ ਜਾ ਰਹੀ ਹੈ ਜਿਸ ਨਾਲ ਸਰਕਾਰ ਨੂੰ ਉਨ੍ਹਾਂ ਲਾਭ ਹੁੰਦਾ ਨਹੀਂ ਜਾਪਦਾ ਜਿੰਨਾ ਲਾਭ ਤਥਾਕਥਿਤ ਏਜੰਟਾਂ ਨੂੰ ਹੁੰਦਾ ਹੈ ਤੇ ਸਭ ਤੋਂ ਵੱਧ ਉਨ੍ਹਾਂ ਨੌਜਵਾਨਾਂ ਨੂੰ ਨੁਕਸਾਨ ਝੱਲਣਾ ਪੈਂਦਾ ਹੈ ਜਿਹੜੇ ਵਿਚਾਰੇ ਲੱਖਾਂ ਰੁਪੲੈ ਕਰਜ਼ਾ ਚੁੱਕ ਇਟਲੀ ਵਰਕ ਪਰਮਿੰਟ 'ਤੇ ਆਉਂਦੇ ਹਨ ਪਰ ਇੱਥੇ ਆਕੇ ਵੀ ਕੱਚੇ ਦੇ ਕੱਚੇ ਰਹਿ ਜਾਦੇ ਹਨ ਕਿਉਂਕਿ ਉਹਨਾਂ ਦੇ ਏਜੰਟ ਨਿਵਾਸ ਆਗਿਆ ਲਈ ਉਨ੍ਹਾਂ ਦੇ ਪੇਪਰ ਇਮੀਗ੍ਰੇਸ਼ਨ ਦਫ਼ਤਰ ਵਿੱਚ ਜਮਾਂ ਨਹੀਂ ਕਰਵਾਉਂਦੇ।

ਪੜ੍ਹੋ ਇਹ ਅਹਿਮ ਖ਼ਬਰ-ਸੈਂਕੜੇ ਭਾਰਤੀਆਂ ਨੂੰ ਪਹੁੰਚਾਇਆ ਕੈਨੇਡਾ, ਕਮਾਏ 42 ਕਰੋੜ ਰੁਪਏ

ਕੁਝ ਕੁ ਤਾਂ ਭਾਰਤ ਜਾਂ ਪਾਕਿਸਤਾਨ ਵਿੱਚ ਰਹਿ ਜਾਂਦੇ ਹਨ ਕਿਉਂਕਿ ਏਜੰਟ ਉਨ੍ਹਾਂ ਨੂੰ ਫਰਜ਼ੀ ਪੇਪਰਾਂ ਦਾ ਲੋਲੀਪੋਪ ਦੇ 9-2-11 ਹੋ ਜਾਂਦੇ ਹਨ। ਇਟਲੀ ਦਾ ਸਭ ਤੋਂ ਵੱਡਾ ਸੂਬਾ ਕੰਪਾਨੀਆਂ ਹੈ ਜਿੱਥੇ ਮਾਫ਼ੀਆ ਰਾਜ ਹੈ ਇਹ ਮਾਫ਼ੀਆ ਸਥਾਨਕ ਵਕੀਲਾਂ ਨਾਲ ਗੰਡਤੁਪ ਕਰਕੇ ਹੁਣ ਤੱਕ ਲੱਖਾਂ ਲੋਕਾਂ ਨੂੰ ਬਿਨ੍ਹਾਂ ਇਟਾਲੀਅਨ ਮਾਲਕਾਂ ਨੂੰ ਜਾਣਕਾਰੀ ਦਿੱਤੇ ਉਹਨਾਂ ਦੇ ਪੇਪਰਾਂ 'ਤੇ ਕਾਮਿਆਂ ਨੂੰ ਸਰਕਾਰੇ ਦਰਬਾਰਾਂ ਸੈਟਿੰਗ ਕਰ ਬਾਹਰੋਂ ਬਾਹਰ ਬੁਲਾ ਚੁੱਕਾ ਹੈ ਜਿਨ੍ਹਾਂ ਦਾ ਹੁਣ ਪਰਦਾਫਾਸ਼ ਹੋ ਚੁੱਕਾ ਹੈ ਤੇ ਇਟਲੀ ਅੰਬੈਂਸੀ ਦਿੱਲੀ ਨੇ ਅਜਿਹੇ ਨੂਲੇ ਔਸਤਿਆਂ 'ਤੇ ਵੀਜ਼ੇ ਦੇਣੇ ਬੰਦ ਕਰ ਦਿੱਤੇ ਹਨ। ਇਸ ਵਾਰ ਜਦੋਂ ਇਟਲੀ ਦੇ ਪੇਪਰ ਖੁੱਲ੍ਹਣ ਦਾ ਐਲਾਨ ਹੋ ਚੁੱਕਾ ਹੈ ਤਾਂ ਉਹਨਾਂ ਤਥਾਕਥਿਤ ਏਜੰਟਾਂ ਨੇ ਆਪਣੇ ਮਨਸੂਬਿਆਂ ਨੂੰ ਨੇਪੜੇ ਚਾੜਨ ਲਈ ਸੋਸ਼ਲ ਮੀਡੀਏ ਰਾਹੀਂ ਜਾਲ ਵਿਛਾਉਣਾ ਸ਼ੁਰੂ ਕਰ ਦਿੱਤਾ ਹੈ ਤੇ ਬਹੁਤ ਸਾਰੇ ਕਬੂਤਰ ਸਾਡੇ ਜਾਗਰੂਕ ਕਰਨ ਦੇ ਬਾਵਜੂਦ ਇਨ੍ਹਾਂ ਠੱਗਾਂ ਦੇ ਜਾਲ ਵਿੱਚ ਫਸ ਜਾਣਗੇ ਕਿਉਂਕਿ ਲੁੱਟ ਦੇ ਸ਼ਿਕਾਰ ਹੋਣ ਵਾਲੇ ਨੌਜਵਾਨਾਂ ਨੂੰ ਲੱਗਦਾ ਹੈ ਕਿ ਇਟਲੀ ਦੇ ਕਾਨੂੰਨ ਤੇ ਪੇਪਰਾਂ ਸੰਬਧੀ ਮੁਕੰਮਲ ਜਾਣਕਾਰੀ ਉਨ੍ਹਾਂ ਸੋਸ਼ਲ ਮੀਡੀਏ ਰਾਹੀਂ ਲੈ ਲਈ ਹੈ ਤੇ ਆਪਣੀ ਨਾਲ ਹੋ ਰਹੀ ਲੁੱਟ ਦੀ ਉਹ ਕਿਸੇ ਰਿਸ਼ਤੇਦਾਰ ਜਾਂ ਸਾਕ ਸਬੰਧੀ ਨੂੰ ਭਿੰਨਕ ਵੀ ਨਹੀਂ ਲੱਗਣ ਦਿੰਦੇ। 

ਪੜ੍ਹੋ ਇਹ ਅਹਿਮ ਖ਼ਬਰ-ਇਟਲੀ :ਮਸ਼ਹੂਰ ਕਾਰਟੂਨਿਸਟ ਤੇ ਐਨੀਮੇਸ਼ਨ ਸੀਰੀਜ਼ ਨਿਰਮਾਤਾ "ਜੈ਼ਰੋਕਲਕਾਰੇ" 60 ਪੰਜਾਬੀ ਕਾਮਿਆਂ ਦੇ ਹੱਕ 'ਚ ਨਿੱਤਰਿਆ 

ਅਜਿਹੇ ਵਾਕਿਆਂ ਇਟਲੀ ਵਿੱਚ ਹਰ ਸਾਲ ਹੁੰਦੇ ਹਨ ਤੇ ਸ਼ਾਇਦ ਹੁੰਦੇ ਵੀ ਰਹਿਣਗੇ ਕਿਉਂਕਿ ਕਿ ਕਈ ਵਾਰ ਬੇਰੁਜ਼ਗਾਰੀ, ਲਾਚਾਰੀ, ਬੇਵੱਸੀ ਤੇ ਘਰਾਂ ਦੀ ਮਜ਼ਬੂਰੀ ਇਨਸਾਨ ਨੂੰ ਅੱਖੀ ਦੇਖ ਮੱਖੀ ਖਾਣ ਲਈ ਮਜ਼ਬੂਰ ਕਰ ਦਿੰਦੀ ਹੈ।ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਵੱਲੋਂ ਅਸੀਂ ਉਹਨਾਂ ਤਮਾਮ ਪੰਜਾਬੀ ਜਾਂ ਭਾਰਤੀ ਨੌਜਵਾਨਾਂ ਨੂੰ ਇਹ ਜ਼ਰੂਰ ਦੱਸਣਾ ਚਾਹੁੰਦੇ ਹਾਂ ਕਿ ਜੇਕਰ ਉਹ ਇਟਲੀ ਦੇ ਵਰਕ ਪਰਮਿਟ 'ਤੇ ਇਟਲੀ ਆਉਣ ਦੇ ਇਛੁੱਕ ਹੈ ਤਾਂ ਆਪਣੇ ਪੇਪਰਾਂ ਦੀ ਪੂਰੀ ਜਾਣਕਾਰੀ ਜਰੂਰ ਲੈਣ ਤੇ ਏਜੰਟ ਨਾਲ ਪੱਕੀ ਠੱਕੀ ਕਰਨ ਸਮੇਂ ਇਟਲੀ ਆਕੇ ਪੇਪਰ ਜਮ੍ਹਾਂ ਕਰਵਾਉਣ ਦੀ ਗੱਲ ਜਰੂਰ ਕਰਨ ਨਹੀਂ ਤਾਂ ਉਹਨਾਂ ਨੂੰ ਬਹੁਤ ਪਛਤਾਉਣਾ ਪੈ ਸਕਦਾ ਹੈ ਕਿਉਂ ਕਿ ਬਿਨ੍ਹਾਂ ਪੇਪਰ ਇਟਲੀ ਵਿੱਚ ਕੰਮ ਲੱਭਣਾ ਹਨੇਰੇ ਵਿੱਚ ਸੂਈ ਲੱਭਣ ਬਰਾਬਰ ਹੁੰਦਾ ਜਾ ਰਿਹਾ ਹੈ।ਇਨ੍ਹਾਂ ਪੇਪਰਾਂ ਦੀ ਆੜ ਵਿੱਚ ਉਹ ਠੱਗ ਦੋਨਾਂ ਹੱਥਾਂ ਨਾਲ ਲੋਕਾਂ ਦੀ ਲੁੱਟ ਰੱਜ ਕੇ ਕਰਨਗੇ ਜਿਹੜੇ ਪੇਪਰ ਅਪਲਾਈ ਕਰਨ ਲਈ 100-200 ਯੂਰੋ ਪਹਿਲਾਂ ਲੈਣਗੇ ਤੇ ਫਰਜ਼ੀ ਰਸੀਦਾਂ ਦੇ ਅਣਜਾਣ ਨੌਜਵਾਨਾਂ ਨੂੰ ਉੱਲੂ ਬਣਾ ਕੇ ਵੀ ਸਾਫ਼ ਬਚ ਜਾਣਗੇ ਕਿਉਂਕਿ ਇਹ ਠੱਗ ਪਹਿਲਾਂ ਹੀ ਦੱਸ ਦਿੰਦੇ ਹਨ ਕਿ ਜੇਕਰ ਪੇਪਰ ਨਾ ਨਿਕਲੇ ਤਾਂ ਅਡਵਾਂਸ ਨਹੀਂ ਮੁੜਨਾ।ਜ਼ਿਕਰਯੋਗ ਹੈ ਕਿ ਇਟਲੀ ਪ੍ਰਵਾਸੀਆਂ ਦਾ ਹਰਮਨ ਪਿਆਰਾ ਦੇਸ਼ ਹੋਣ ਕਾਰਨ ਸੰਨ 1990 ਤੋਂ ਸੰਨ 2020 ਤੱਕ 16 ਲੱਖ 20 ਹਜ਼ਾਰ ਪ੍ਰਵਾਸੀਆਂ ਨੇ ਇਟਾਲੀਅਨ ਨਾਗਰਿਕਤਾ ਹਾਸਲ ਕੀਤੀ ਹੈ ਤੇ ਇਸ ਸਮੇਂ ਦੇਸ਼ ਵਿੱਚ ਸਭ ਤੋਂ ਵੱਧ ਚੀਨੀ ਪ੍ਰਵਾਸੀਆਂ ਦੀ ਗਿਣਤੀ ਹੈ। ਰਾਸ਼ਟਰੀ ਏਜੰਸੀ ਇਸਤਤ ਅਨੁਸਾਰ ਸੰਨ 2022 ਵਿੱਚ ਸਰਕਾਰ ਨੇ 37 ਲੱਖ ਪ੍ਰਵਾਸੀਆਂ ਨੂੰ ਇਟਲੀ ਦੀ ਨਿਵਾਸ ਆਗਿਆ ਦਿੱਤੀ, ਜਿਸ ਵਿੱਚ 15 ਲੱਖ ਪ੍ਰਵਾਸੀਆਂ ਨੂੰ ਅਸਥਾਈ ਤੇ 22 ਲੱਖ ਨੂੰ ਸਥਾਈ ਨਿਵਾਸ ਆਗਿਆ ਮਿਲੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News