ਇਟਲੀ ''ਚ ਹਜ਼ੂਰ ਨਾਭ ਕੰਵਲ ਰਾਜਾ ਸਾਹਿਬ ਜੀ 85ਵੀਂ ਬਰਸੀ ''ਤੇ ਸਮਾਗਮ ਆਯੋਜਿਤ
Monday, Sep 15, 2025 - 05:06 PM (IST)

ਮਿਲਾਨ (ਸਾਬੀ ਚੀਨੀਆ)- ਮਹਾਨ ਤਪੱਸਵੀ ਧੰਨ ਧੰਨ ਸ਼੍ਰੀ ਹਜੂਰ ਨਾਭ ਕੰਵਲ ਰਾਜਾ ਸਾਹਿਬ ਜੀ ਨੂੰ ਯਾਦ ਕਰਦਿਆਂ ਹਰ ਸਾਲ ਇਟਲੀ ਦੀਆਂ ਸੰਗਤਾਂ ਗੁਰਦੁਆਰਾ ਸਿੰਘ ਸਭਾ ਕੋਰਤੇਨੋਵਾ ਵਿਖੇ ਸਮਾਗਮ ਉਲੀਕਦੀਆਂ ਹਨ। ਇਸ ਸਾਲ ਵੀ ਗੁਰਦੁਆਰਾ ਸਾਹਿਬ ਕੋਰਤੇਨੋਵਾ ਵਿਖੇ ਰਾਜਾ ਸਾਹਿਬ ਜੀ ਦੀ 85 ਵੀਂ ਬਰਸੀ ਨੂੰ ਸਮਰਪਿਤ ਵਿਸ਼ਾਲ 3 ਰੋਜ਼ਾ ਸਮਾਗਮ ਕਰਵਾਏ ਗਏ। ਜਿਸ ਵਿੱਚ ਇਟਲੀ ਦੇ ਵੱਖ-ਵੱਖ ਇਲਾਕਿਆ ਤੋਂ ਪਹੁੰਚੀਆਂ ਸੰਗਤਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਤਮਸਤਕ ਹੋਕੇ ਰਾਜਾ ਸਾਹਿਬ ਜੀ ਦੀ ਯਾਦ ਵਿੱਚ ਹੋ ਰਹੇ ਸਮਾਗਮ ਵਿੱਚ ਹਾਜ਼ਰੀ ਭਰੀ।
ਇਸ ਮੌਕੇ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਜਾਪ ਕਰਵਾਏ ਗਏ। ਗੁਰਦੁਆਰਾ ਸਾਹਿਬ ਵਿਖੇ ਸਜਾਏ ਦੀਵਾਨਾਂ ਦੀ ਆਰੰਭਤਾ ਮੌਕੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਵਲੋਂ ਗੁਰਬਾਣੀ ਸ਼ਬਦ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਉਪਰੰਤ ਕੈਨੇਡਾ ਦੀ ਧਰਤੀ ਤੋਂ ਵਿਸ਼ੇਸ਼ ਪਹੁੰਚੇ ਢਾਡੀ ਭਾਈ ਬਲਿਹਾਰ ਸਿੰਘ ਸੋਢੀ, ਭਾਈ ਗੁਰਜੰਟ ਸਿੰਘ, ਬੀਬੀ ਜਸਪ੍ਰੀਤ ਕੌਰ ਅਤੇ ਬੀਬੀ ਹਰਪ੍ਰੀਤ ਕੌਰ ਦੇ ਜੱਥੇ ਵੱਲੋਂ ਸੰਗਤਾਂ ਨਾਲ ਰਾਜਾ ਸਾਹਿਬ ਦੇ ਜੀਵਨ ਦੀਆਂ ਵਾਰਾਂ ਸਾਂਝੀਆਂ ਕੀਤੀਆਂ ਗਈਆਂ ਅਤੇ ਇਤਿਹਾਸ ਸਰਵਣ ਕਰਵਾਇਆ ਗਿਆ।
ਇਸ ਮੌਕੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਜਥਿਆਂ ਅਤੇ ਆਈਆਂ ਸੰਗਤਾਂ ਨੂੰ ਜੀ ਆਇਆ ਆਖਿਆ ਗਿਆ। ਉਨ੍ਹਾਂ ਕਿਹਾ ਕਿ ਇਟਲੀ ਵਿੱਚ ਰਾਜਾ ਸਾਹਿਬ ਦੀ ਸੰਗਤ ਹਰ ਸਾਲ ਬਰਸੀ ਸਮਾਗਮ ਉਲੀਕਦੀ ਹੈ, ਜੋ ਕਿ ਚੜਦੀਕਲਾ ਨਾਲ ਸੰਪੰਨ ਹੁੰਦੇ ਹਨ। ਇਸ ਮੌਕੇ ਵੱਖ-ਵੱਖ ਤਰ੍ਹਾਂ ਦੇ ਅਤੁੱਟ ਲੰਗਰ ਵਰਤਾਏ ਗਏ। ਰਾਜਾ ਸਾਹਿਬ ਦੀਆਂ ਸੰਗਤਾਂ ਵੱਲੋਂ ਕੈਨੇਡਾ ਤੋਂ ਆਏ ਢਾਡੀ ਜੱਥੇ ਨੂੰ ਗੋਲਡ ਮੈਡਲ ਅਤੇ ਸਨਮਾਨ ਚਿੰਨ੍ਹ ਭੇਂਟ ਕੀਤੇ ਗਏ।