ਯੂਰਪੀ ਬਜ਼ੁਰਗ ਸਿਰ ਉੱਪਰ ਨੱਚਦੀ ਮੌਤ ਦੇਖਕੇ ਵੀ ਕਰ ਰਹੇ ਹਨ ਬਹਾਦਰੀ ਤੇ ਦੇਸ਼ ਭਗਤੀ ਵਾਲਾ ਕਾਰਨਾਮਾ

Friday, Apr 03, 2020 - 03:13 PM (IST)

ਯੂਰਪੀ ਬਜ਼ੁਰਗ ਸਿਰ ਉੱਪਰ ਨੱਚਦੀ ਮੌਤ ਦੇਖਕੇ ਵੀ ਕਰ ਰਹੇ ਹਨ ਬਹਾਦਰੀ ਤੇ ਦੇਸ਼ ਭਗਤੀ ਵਾਲਾ ਕਾਰਨਾਮਾ

ਰੋਮ (ਕੈਂਥ)- ਕੋਰੋਨਾਵਾਇਰਸ ਹਰ ਰੋਜ਼ ਇਟਲੀ ਦੇ ਸੈਂਕੜੇ ਲੋਕਾਂ ਨੂੰ ਬੇਦਰਦੀ ਨਾਲ ਨਿਗਲਦਾ ਜਾ ਰਿਹਾ ਹੈ। ਬੇਸ਼ੱਕ ਇਟਲੀ ਸਰਕਾਰ ਕੋਰੋਨਾਵਾਇਰਸ ਤੋਂ ਦੇਸ਼ ਵਾਸੀਆਂ ਨੂੰ ਬਚਾਉਣ ਲਈ ਕੋਈ ਕਸਰ ਨਹੀਂ ਛੱਡ ਰਹੀ ਪਰ ਸਰਕਾਰ ਵੱਲੋਂ ਬੀਤੇ ਦਿਨਾਂ ਵਿਚ ਕੋਰੋਨਵਾਇਰਸ ਨੂੰ ਗੰਭੀਰਤਾ ਨਾਲ ਨਾ ਲੈਣ ਦਾ ਖਾਮਿਆਜ਼ਾ ਹਜ਼ਾਰਾਂ ਲੋਕਾਂ ਨੂੰ ਆਪਣੀ ਜਾਨ ਨਾਲ ਚੁਕਾਉਣਾ ਪੈ ਰਿਹਾ ਹੈ। ਅਜਿਹੇ ਦੌਰ ਵਿਚ ਜਦੋਂ ਇਟਲੀ ਵਿਚ ਬਹੁਤੇ ਲੋਕ ਕੋਰੋਨਾਵਾਇਰਸ ਦੇ ਨਾਂ ਨਾਲ ਹੀ ਤਰੇਲੋ-ਤਰੇਲੀ ਹੋ ਰਹੇ ਹਨ, ਇਸ ਤਬਾਹੀ ਵਾਲੇ ਸਮੇਂ ਵਿਚ ਵੀ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਅਜਿਹੇ ਲੋਕ ਵੀ ਹਨ ਜਿਹੜੇ ਕਿ ਸਿਰ 'ਤੇ ਨੱਚਦੀ ਮੌਤ ਦੇਖਕੇ ਵੀ ਲੋਕਾਂ ਨੂੰ ਜੀਵਨ ਦਾਨ ਦੇਣ ਲਈ ਪਿੱਛੇ ਨਹੀਂ ਹੱਟਦੇ।

ਯੂਰਪ ਭਰ ਵਿਚ ਕੋਰੋਨਾਵਾਇਰਸ ਨਾਲ ਜ਼ਿਆਦਾਤਰ ਵਡੇਰੀ ਉਮਰ ਦੇ ਲੋਕ ਹਨ ਜਿਹਨਾਂ ਦੀ ਮੌਤ ਹੋ ਰਹੀ ਹੈ, ਜਿਸ ਦਾ ਕਾਰਨ ਇਹਨਾਂ ਲੋਕਾਂ ਵਿਚ ਬਿਮਾਰੀ ਨਾਲ ਲੜਨ ਦੀ ਸ਼ਕਤੀ ਵਡੇਰੀ ਉਮਰ ਕਾਰਨ ਘੱਟ ਹੈ ਜਾਂ ਹੋਰ ਬਿਮਾਰੀਆਂ ਜਿਵੇਂ ਸੂਗਰ, ਮੋਟਾਪਾ, ਦਿਲ ਦੇ ਰੋਗ ਆਦਿ ਹੋਣ ਕਾਰਨ ਇਹਨਾਂ ਮਰੀਜ਼ਾਂ ਨੂੰ ਵੀ ਕੋਰੋਨਾਵਾਇਰਸ ਸੌਖਾ ਹੀ ਆਪਣਾ ਸ਼ਿਕਾਰ ਬਣਾ ਲੈਂਦਾ ਹੈ। ਇਸ ਦੇ ਚੱਲਦਿਆਂ ਇਟਲੀ ਵਿਚ ਇਕ 72 ਸਾਲਾ ਜੋਸਫ਼ ਪਾਦਰੀ, ਜਿਹੜਾ ਕਿ ਕੋਰੋਨਾਵਾਇਰਸ ਨਾਲ ਪੀੜਤ ਸੀ, ਜਦੋਂ ਹਸਪਤਾਲ ਲਿਆਂਦਾ ਗਿਆ ਤਾਂ ਡਾਕਟਰਾਂ ਨੇ ਪਾਦਰੀ ਦੀ ਗੰਭੀਰ ਹਾਲਤ ਦੇਖਦਿਆਂ ਵੈਂਟੀਲੇਟਰ ਉੱਪਰ ਰੱਖਣਾ ਚਾਹਿਆ ਤਾਂ ਜੋਸਫ਼ ਪਾਦਰੀ ਨੇ ਵੈਂਟੀਲੇਟਰ ਉੱਪਰ ਜਾਣ ਤੋਂ ਇਹ ਕਹਿ ਕਿ ਇਨਕਾਰ ਕਰ ਦਿੱਤਾ ਕਿ ਕਿਸੇ ਹੋਰ ਨੌਜਵਾਨ ਮਰੀਜ਼ ਨੂੰ ਵੈਂਟੀਲੇਟਰ ਦਿਓ, ਮੈਨੂੰ ਇਸ ਦੀ ਜ਼ਰੂਰਤ ਨਹੀਂ। ਇਸ ਤਰ੍ਹਾਂ ਹੀ ਬੈਲਜੀਅਮ ਵਿਚ ਵੀ ਇਕ 90 ਸਾਲਾ ਦੀ ਔਰਤ ਸੁਜੈਨ ਨੇ ਹਸਪਤਾਲ ਵਿਚ ਕੋਰੋਨਾਵਾਇਰਸ ਨਾਲ ਗ੍ਰਸਤ ਹੋਣ 'ਤੇ ਵੀ ਵੈਂਟੀਲੇਟਰ ਲੈਣ ਤੋਂ ਇਹ ਕਹਿ ਕਿ ਇਨਕਾਰ ਕਰ ਦਿੱਤਾ ਕਿ ਉਸ ਨੇ ਆਪਣੀ ਜ਼ਿੰਦਗੀ ਬਹੁਤ ਹੀ ਖੁਸ਼ੀ ਨਾਲ ਲੰਘਾਈ ਹੈ ਤੇ ਜੇਕਰ ਹੁਣ ਉਸ ਨੂੰ ਇਸ ਜਹਾਨੋ ਕੂਚ ਵੀ ਕਰਨਾ ਪਿਆ ਤਾਂ ਕੋਈ ਦੁੱਖ ਵਾਲੀ ਗੱਲ ਨਹੀਂ। ਇਸ ਵੈਂਟੀਲੇਟਰ ਨਾਲ ਕਿਸੇ ਹੋਰ ਲੋੜਵੰਦ ਦੀ ਜਾਨ ਬਚਾਈ ਜਾਵੇ। ਇਹ ਦੋਵੇਂ ਬਜ਼ੁਰਗ ਚਾਹੇ ਅੱਜ ਦੁਨੀਆਂ ਉੱਪਰ ਨਹੀਂ ਰਹੇ ਪਰ ਅਜਿਹੇ ਤੰਦਰੁਸਤ ਤੇ ਸਮਾਜ ਸੇਧਕ ਸੋਚ ਰੱਖਣ ਵਾਲੀਆਂ ਸ਼ਖ਼ਸੀਅਤਾਂ ਦੀ ਆਪਣੇ ਸਮਾਜ ਪ੍ਰਤੀ ਕੀਤੀ ਕੁਰਬਾਨੀ ਸਾਨੂੰ ਸਭ ਨੂੰ ਨਵਾਂ ਸਬਕ ਦੇ ਰਹੀ ਹੈ। ਇਹਨਾਂ ਬਹਾਦਰੀਆਂ ਦੀ ਮਾੜੇ ਦੌਰ ਵਿਚ ਵੀ ਲੋਕਾਂ ਵਲੋਂ ਭਰਪੂਰ ਸਲਾਘਾ ਹੋ ਰਹੀ ਹੈ। ਯੂਰਪ ਵਿਚ ਅਜਿਹੇ ਹੋਰ ਵੀ ਬਹੁਤ ਬਜ਼ੁਰਗ ਹਨ ਜਿਹੜੇ ਮੌਤ ਸਾਹਮਣੇ ਦੇਖ ਵੀ ਮਰਨ ਤੋਂ ਭੱਜ ਨਹੀਂ ਰਹੇ ਸਗੋਂ ਹੱਸਦੇ ਹੋਏ ਉਸ ਨੂੰ ਗਲੇ ਲਗਾ ਰਹੇ ਹਨ ਤਾਂ ਜੋ ਉਹਨਾਂ ਦੇ ਦੇਸ਼ ਦਾ ਅੱਜ ਤੇ ਕੱਲ ਬਚਾਇਆ ਜਾ ਸਕੇ। ਜ਼ਿਕਰਯੋਗ ਹੈ ਕਿ ਇਸ ਸਮੇਂ ਇਟਲੀ ਵਿਚ 13,915 ਲੋਕਾਂ ਦੀ ਕੋਰੋਨਾਵਾਇਰਸ ਕਾਰਨ ਮੌਤ ਹੋ ਚੁੱਕੀ ਹੈ ਜਦੋਂ ਕਿ ਇਸ ਵਾਇਰਸ ਦੇ ਹੁਣ ਤੱਕ ਦੇਸ਼ ਵਿਚ 1,15,242 ਮਾਮਲੇ ਸਾਹਮਣੇ ਆ ਚੁੱਕੇ ਹਨ।


author

Baljit Singh

Content Editor

Related News