ਯੂਰਪੀ ਸੰਘ ਨੇ ਪਹਿਲੀ ਵਾਰ ਲਗਾਈ ਸਾਈਬਰ ਪਾਬੰਦੀ, ਇਨ੍ਹਾਂ ਦੇਸ਼ਾਂ ਨੂੰ ਲਿਆ ਲੰਬੇ ਹੱਥੀਂ

08/01/2020 2:06:06 AM

ਬ੍ਰਸੇਲਸ(ਭਾਸ਼ਾ)- ਸਾਈਬਰ ਹਮਲਿਆਂ ਸਬੰਧੀ ਯੂਰਪੀ ਸੰਘ (ਈ. ਯੂ.) ਨੇ ਐਕਸ਼ਨ ਲਿਆ ਹੈ। ਯੂਰਪੀ ਸੰਘ ਨੇ ਸਾਈਬਰ ਪਾਬੰਦੀ ਲਗਾਉਂਦੇ ਹੋਏ ਜਾਸੂਸੀ ਲਈ ਰੂਸ, ਚੀਨ ਅਤੇ ਉੱਤਰ ਕੋਰੀਆ ਨੂੰ ਆੜੇ ਹੱਥੀਂ ਲਿਆ ਹੈ। ਸੰਘ ਨੇ ਰੂਸੀ ਫੌਜੀ ਏਜੰਟਾਂ, ਚੀਨੀ ਸਾਈਬਰ ਜਾਸੂਸਾਂ ਅਤੇ ਉੱਤਰ ਕੋਰੀਆਈ ਫਰਮ ਸਮੇਤ ਸੰਗਠਨਾਂ ’ਤੇ ਕਈ ਦੋਸ਼ ਲਗਾਏ ਹਨ। ਯੂਰਪੀ ਸੰਘ ਨੇ 6 ਲੋਕਾਂ ਅਤੇ 3 ਸਮੂਹਾਂ ’ਤੇ ਪਾਬੰਦੀ ਲਗਾਈ ਹੈ, ਜਿਸ ਵਿਚ ਰੂਸ ਦੇ ਜੀ. ਆਰ. ਯੂ. ਮਿਲਟਰੀ ਇੰਟੈਲੀਜੈਂਸ ਏਜੰਸੀ ਵੀ ਸ਼ਾਮਲ ਹੈ।

ਯੂਰਪੀ ਸੰਘ ਹੈਡਕੁਆਰਟਰ ਨੇ ਇਕ ਬਿਆਨ ’ਚ ਉਨ੍ਹਾਂ ਨੂੰ 2017 ਦੇ ‘ਵਾਨਾ ਕ੍ਰਾਏ’ ਰੈਂਸਮਵੇਅਰ ਅਤੇ ‘ਨਾਟਪੇਟਯਾ’ ਮਾਲਵੇਅਰ ਹਮਲਿਆਂ ਅਤੇ ‘ਕਲਾਊਡ ਹਾਪਰ’ ਸਾਈਬਰ ਜਾਸੂਸੀ ਮੁਹਿੰਮ ਲਈ ਜ਼ਿੰਮੇਵਾਰ ਦੱਸਿਆ ਹੈ। ਈ. ਯੂ. ਵਿਦੇਸ਼ ਨੀਤੀ ਮੁਖੀ ਜੋਸੇਫ ਬੋਰੇਲ ਨੇ ਵੀਰਵਾਰ ਨੂੰ ਕਿਹਾ ਕਿ ਵਿਅਕਤੀਆਂ ਦੇ ਸਬੰਧ ’ਚ ਯਾਤਰਾ ’ਤੇ ਹੋਰ ਜਾਇਦਾਦਾਂ ਦੇ ਲੈਣ-ਦੇਣ ਅਤੇ ਕੰਪਨੀਆਂ ਅਤੇ ਬਾਡੀਜ਼ ਦੀ ਜਾਇਦਾਦ ਦੇ ਟਰਾਂਸਫਰ ’ਤੇ ਰੋਕ ਹੈ। ਇਸਦੇ ਨਾਲ ਹੀ ਸੂਚੀਬੱਧ ਵਿਅਕਤੀਆਂ ਅਤੇ ਕੰਪਨੀਆਂ ਅਤੇ ਬਾਡੀਜ਼ ਨੂੰ ਪ੍ਰਤੱਖ ਅਤੇ ਅਪ੍ਰਤੱਖ ਤੌਰ ’ਤੇ ਫੰਡ ਮੁਹੱਈਆ ਕਰਵਾਉਣਾ ’ਤੇ ਵੀ ਪਾਬੰਦੀ ਲਗਾਈ ਗਈ ਹੈ। ਜੀ. ਆਰ. ਯੂ. ਮੈਂਬਰਾਂ ਦੇ ਤੌਰ ’ਤੇ ਪਛਾਣੇ ਗਏ 4 ਰੂਸੀ ਨਾਗਰਿਕਾਂ ’ਤੇ ਨੀਦਰਲੈਂਡ ਦੇ ਸੰਗਠਨ ‘ਪ੍ਰੋਹਿਬਿਸ਼ਨ ਆਫ ਕੈਮੀਕਕਲ ਵੇਪਨਸ’ ਜਾਂ ਓ. ਪੀ. ਸੀ. ਡਬਲਯੂ. ਦਾ ਵਾਈ-ਫਾਈ ਨੈੱਟਵਰਕ ਹੈਕ ਕਰਨ ਦਾ ਦੋਸ਼ ਹੈ। ਇਸ ਸੰਗਠਨ ਨੇ ਸੀਰੀਆ ’ਚ ਰਸਾਣਿਨਿਕ ਹਥਿਆਰਾਂ ਦੀ ਵਰਤੋਂ ਦੀ ਜਾਂਚ ਕੀਤੀ ਸੀ। 2018 ’ਚ ਹੋਏ ਇਸ ਹਮਲੇ ਨੂੰ ਡੱਚ ਅਧਿਕਾਰੀਆਂ ਨੇ ਅਸਫਲ ਕਰ ਦਿੱਤਾ ਸੀ।

ਜੀ. ਆਰ. ਯੂ. ’ਤੇ ਨੋਟਪੇਟਯਾ ਲਈ ਵੀ ਪਾਬੰਦੀ ਲਗਾਈ ਗਈ ਹੈ ਜਿਸਨੇ ਯੂਕ੍ਰੇਨ ਨਾਲ ਕਾਰੋਬਾਰ ਕਰਨ ਵਾਲੀਆਂ ਕੰਪਨੀਆਂ ਨੂੰ ਨਿਸ਼ਾਨਾ ਬਣਾਇਆ ਸੀ ਅਤੇ ਦੁਨੀਆ ਭਰ ’ਚ ਇਸਦੇ ਕਾਰਣ ਅਰਬਾਂ ਡਾਲਰ ਨੁਕਸਾਨ ਹੋਇਆ ਸੀ ਅਤੇ 2015 ਅਤੇ 2016 ’ਚ ਯੂਕ੍ਰੇਨ ਦੀ ਪਾਵਰ ਗ੍ਰਿਡ ’ਤੇ ਸਾਈਬਰ ਹਮਲੇ ਵੀ ਕੀਤੇ ਗਏ। ਉਥੇ, ਪਾਬੰਦੀਸ਼ੁਦਾ 2 ਚੀਨੀ ਨਾਗਰਿਕਾਂ ’ਤੇ ‘ਆਪ੍ਰੇਸ਼ਨ ਕਲਾਊਡ ਹਾਪਰ’ ’ਚ ਸ਼ਾਮਲ ਹੋਣ ਦੇ ਦੋਸ਼ ਹਨ ਜਿਸਦੇ ਬਾਰੇ ਈ. ਯੂ. ਦਾ ਕਹਿਣਾ ਹੈ ਕਿ ਇਸਨੇ ਕਲਾਊਡ ਸੇਵਾ ਪ੍ਰਦਾਤਾਵਾਂ ਰਾਹੀਂ 4 ਟਾਪੂਆਂ ਦੀਆਂ ਕੰਪਨੀਆਂ ਨੂੰ ਪ੍ਰਭਾਵਿਤ ਕੀਤਾ ਸੀ ਅਤੇ ‘ਕਾਰੋਬਾਰੀ ਦ੍ਰਿਸ਼ਟੀ ਨਾਲ ਸੰਵੇਦਨਸ਼ੀਲ ਡਾਟਾ ਤੱਕ ਪਹੁੰਚ ਬਣਾਈ ਸੀ ਜਿਸ ਨਾਲ ਬਹੁਤ ਸਾਰਾ ਆਰਥਿਕ ਨੁਕਸਾਨ ਹੋਇਆ ਸੀ। ਇਸ ਤੋਂ ਇਲਾਵਾ ਉੱਤਰ ਕੋਰੀਆਈ ਕੰਪਨੀ ਚੋਸੂਨ ਐਕਸਪੋ ’ਤੇ ਪਾਬੰਦੀ ਲਗਾਈ ਗਈ ਹੈ ਜਿਸਦੇ ਬਾਰੇ ਈ. ਯੂ. ਦਾ ਕਹਿਣਾ ਹੈ ਕਿ ਉਸਨੇ ਵਾਨਾਕ੍ਰਾਯ ਸਾਈਬਰ ਹਮਲਿਆਂ, ਸੋਨੀ ਪਿਕਚਰਸ ਦੀ ਹੈਕਿੰਗ ਅਤੇ ਵੀਅਤਨਾਮੀ ਅਤੇ ਬੰਗਲਾਦੇਸ਼ੀ ਬੈਂਕਾਂ ਦੀ ਸਾਈਬਰ ਲੁੱਟ ’ਚ ਸਹਿਯੋਗ ਕੀਤਾ ਹੈ।


Baljit Singh

Content Editor

Related News