ਇਥੋਪੀਆ : ਮਸਜਿਦਾਂ ਸਾੜਨ ਦੇ ਵਿਰੋਧ ''ਚ ਮੁਸਲਿਮ ਭਾਈਚਾਰੇ ਵੱਲੋਂ ਪ੍ਰਦਰਸ਼ਨ

12/25/2019 4:47:06 PM

ਅਦੀਸ ਅਬਾਬਾ (ਬਿਊਰੋ): ਇਥੋਪੀਆ ਵਿਚ ਮੁਸਲਿਮ ਭਾਈਚਾਰੇ ਦੇ ਹਜ਼ਾਰਾਂ ਲੋਕ ਮਸਜਿਦਾਂ ਸਾੜਨ ਵਿਰੁੱਧ ਸੜਕਾਂ 'ਤੇ ਉਤਰ ਆਏ। ਕੁਝ ਸ਼ਰਾਰਤੀ ਤੱਤਾਂ ਨੇ ਸ਼ੁੱਕਰਵਾਰ ਨੂੰ ਇਥੋਪੀਆ ਦੇ ਅਮਹਾਰਾ ਖੇਤਰ ਵਿਚ 4 ਮਸਜਿਦਾਂ ਵਿਚ ਅੱਗ ਲਗਾ ਦਿੱਤੀ ਸੀ।ਇਥੋਪੀਆ ਦੀ ਰਾਜਧਾਨੀ ਅਦੀਸ ਅਬਾਬਾ ਤੋਂ 350 ਕਿਲੋਮੀਟਰ ਦੂਰ ਮੋਟਾ ਕਸਬੇ ਵਿਚ ਪਿਛਲੇ ਸ਼ੁੱਕਰਵਾਰ ਮੁਸਲਿਮ ਭਾਈਚਾਰੇ ਨੂੰ ਨਿਸ਼ਾਨਾ ਬਣਾਉਂਦੇ ਹੋਏ ਹਮਲੇ ਹੋਏ ਸਨ। ਹੁਣ ਮੁਸਲਿਮ ਨਿਆਂ ਦੀ ਮੰਗ ਕਰਦੇ ਹੋਏ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ।

ਮੁਸਲਿਮ ਸਕਾਲਰ ਕਮਿਲ ਸ਼ੇਮੂ ਨੇ ਮੰਗਲਵਾਰ ਨੂੰ ਦੀ ਐਸੋਸੀਏਟ ਪ੍ਰੈੱਸ ਨਿਊਜ਼ ਏਜੰਸੀ ਨਾਲ ਗੱਲਬਾਤ ਵਿਚ ਕਿਹਾ ਕਿ ਉੱਥੇ ਕਈ ਸਿਆਸੀ ਲੋਕ ਹਨ ਜੋ ਇਕ ਭਾਈਚਾਰੇ ਨੂੰ ਦੂਜੇ ਭਾਈਚਾਰੇ ਦੇ ਵਿਰੁੱਧ ਭੜਕਾਉਣਾ ਚਾਹੁੰਦੇ ਹਨ। ਉਹਨਾਂ ਨੇ ਸੋਸ਼ਲ ਮੀਡੀਆ 'ਤੇ ਕਾਰਕੁੰਨਾਂ ਦੀ ਨਕਰਾਤਮਕ ਭੂਮਿਕਾ ਨੂੰ ਵੀ ਜ਼ਿੰਮੇਵਾਰ ਠਹਿਰਾਇਆ।ਅਮਹਾਰਾ ਖੇਤਰ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਨੇ ਹਮਲਿਆਂ ਦੇ ਸੰਬੰਧ ਵਿਚ 15 ਸ਼ੱਕੀ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਕਮਾਂਡਰ ਜਮਾਲ ਮੇਕਨਨ ਨੇ ਸਰਕਾਰੀ ਮੀਡੀਆ ਨੂੰ ਕਿਹਾ ਕਿ ਕੁਝ ਦਿਨ ਪਹਿਲਾਂ ਆਰਥੋਡੋਕਸ ਚਰਚ ਵਿਚ ਲੱਗੀ ਅੱਗ ਦੀ ਖਬਰ ਵੀ ਹਮਲਿਆਂ ਦਾ ਕਾਰਨ ਹੋ ਸਕਦਾ ਹੈ।

ਗੌਰਤਲਬ ਹੈ ਕਿ ਇਥੋਪੀਆ ਵਿਚ ਨਸਲੀ ਹਿੰਸਾ ਆਮ ਹੈ ਪਰ ਹਾਲ ਹੀ ਦਾ ਘਟਨਾਕ੍ਰਮ ਧਰਮ ਨਾਲ ਪ੍ਰੇਰਿਤ ਨਜ਼ਰ ਆਉਂਦਾ ਹੈ।ਅਕਤੂਬਰ ਮਹੀਨੇ ਵਿਚ ਇਥੋਪੀਆ ਦੇ ਓਰੋਮੀਆ ਇਲਾਕੇ ਵਿਚ ਭੜਕੀ ਹਿੰਸਾ ਦੇ ਦੌਰਾਨ ਮਸਜਿਦਾਂ ਅਤੇ ਚਰਚਾਂ 'ਤੇ ਹਮਲੇ ਹੋਏ ਸਨ, ਜਿਸ ਵਿਚ 80 ਲੋਕ ਮਾਰੇ ਗਏ ਸਨ। 2007 ਦੀ ਜਨਗਣਨਾ ਦੇ ਮੁਤਾਬਕ ਇਥੋਪੀਆ ਦੀ 11 ਕਰੋੜ ਦੀ ਕੁੱਲ ਆਬਾਦੀ ਵਿਚ ਇਕ ਤਿਹਾਈ ਆਬਾਦੀ ਮੁਸਲਿਮਾਂ ਦੀ ਹੈ ਜਦਕਿ ਈਸਾਈਆਂ ਦੀ ਆਬਾਦੀ 40 ਫੀਸਦੀ ਹੈ। ਆਰਥੋਡਾਕਸ ਚਰਚ ਅਤੇ ਇਥੋਪੀਅਨ ਇਸਲਾਮਿਕ ਅਫੇਯਰ ਸੁਪਰੀਮ ਕੌਂਸਲ ਨੇ ਮਸਜਿਦਾਂ 'ਤੇ ਹੋਏ ਹਮਲੇ ਦੀ ਨਿੰਦਾ ਕੀਤੀ ਹੈ।


Vandana

Content Editor

Related News