ਰਾਸ਼ਟਰਪਤੀ ਟਰੰਪ ਨੂੰ ਭੇਜੇ ਗਏ ਜ਼ਹਿਰੀਲੇ ਕੈਮੀਕਲ ਵਾਲੇ ਲਿਫਾਫੇ, ਕੈਨੇਡੀਅਨ ਬੀਬੀ ''ਤੇ ਸ਼ੱਕ

09/21/2020 7:36:10 PM

ਵਾਸ਼ਿੰਗਟਨ - ਅਮਰੀਕੀ ਜਾਂਚ ਏਜੰਸੀਆਂ ਮੁਤਾਬਕ, ਹਾਲ ਹੀ ਦੇ ਕੁਝ ਦਿਨਾਂ ਵਿਚ ਵ੍ਹਾਈਟ ਹਾਊਸ ਅਤੇ ਕੁਝ ਵਿਭਾਗਾਂ ਨੂੰ ਰਿਸੀਨ ਨਾਂ ਦੇ ਖਤਰਨਾਕ ਕੈਮੀਕਲ ਵਾਲੇ ਲਿਫਾਫੇ ਭੇਜੇ ਗਏ। ਵ੍ਹਾਈਟ ਹਾਊਸ ਦੇ ਇਕ ਅਫਸਰ ਨੇ ਸ਼ਨੀਵਾਰ ਨੂੰ ਆਖਿਆ ਕਿ ਜਾਂਚ ਏਜੰਸੀਆਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿ ਕੀ ਕੁਝ ਦੂਜੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਸ ਸਾਜਿਸ਼ ਨੂੰ ਅੰਜ਼ਾਮ ਦੇਣ ਲਈ ਲੋਕਲ ਪੋਸਟਲ ਸਿਸਟਮ ਦਾ ਇਸਤੇਮਾਲ ਕੀਤਾ ਗਿਆ।

ਇਕ ਮਹਿਲਾ 'ਤੇ ਸ਼ੱਕ
ਨਿਊਯਾਰਕ ਟਾਈਮਸ ਮੁਤਾਬਕ, ਜਾਂਚ ਏਜੰਸੀਆਂ ਨੂੰ ਸ਼ੱਕ ਹੈ ਕਿ ਇਹ ਲਿਫਾਫੇ ਕੈਨੇਡਾ ਤੋਂ ਭੇਜੇ ਗਏ। ਇਕ ਬੀਬੀ ਦੀ ਸ਼ੱਕੀ ਦੇ ਤੌਰ 'ਤੇ ਪਛਾਣ ਕੀਤੀ ਗਈ ਹੈ। ਹਾਲਾਂਕਿ, ਉਸ ਦਾ ਨਾਂ ਜਨਤਕ ਨਹੀਂ ਕੀਤਾ ਗਿਆ। ਸਾਰੇ ਲਿਫਾਫੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਂ ਤੋਂ ਭੇਜੇ ਗਏ ਹਨ। ਇਨਾਂ ਦਾ ਪਤਾ ਟੈੱਕਸਾਸ ਵਿਚ ਜਾਂਚ ਦੌਰਾਨ ਲੱਗਾ। ਦਰਅਸਲ, ਵ੍ਹਾਈਟ ਹਾਊਸ ਵਿਚ ਆਉਣ ਵਾਲੀ ਸਾਰੀ ਡਾਕ ਦੀ ਬਰੀਕੀ ਨਾਲ ਜਾਂਚ ਕੀਤੀ ਜਾਂਦੀ ਹੈ। ਛਾਂਟੀ ਤੋਂ ਬਾਅਦ ਹੀ ਇਨਾਂ ਨੂੰ ਵ੍ਹਾਈਟ ਹਾਊਸ ਭੇਜਿਆ ਜਾਂਦਾ ਹੈ। ਜਾਂਚ ਦੌਰਾਨ ਕੁਝ ਲਿਫਾਫਿਆਂ 'ਤੇ ਸ਼ੱਕ ਜਤਾਇਆ ਗਿਆ।

PunjabKesari

ਟੈਰੇਰੀਜ਼ਮ ਟਾਸਕ ਫੋਰਸ ਕਰ ਰਹੀ ਹੈ ਜਾਂਚ
ਵਾਸ਼ਿੰਗਟਨ ਵਿਚ ਜੁਆਇੰਟ ਟੈਰੇਰੀਜ਼ਮ ਟਾਸਕ ਫੋਰਸ ਨੂੰ ਇਸ ਮਾਮਲੇ ਦੀ ਜਾਂਚ ਸੌਂਪੀ ਗਈ ਹੈ। ਇਸ ਵਿਚ ਨਿਊਯਾਰਕ ਪੁਲਸ ਦੀ ਸਪੈਸ਼ਲ ਯੂਨਿਟ ਇਸ ਜਾਂਚ ਏਜੰਸੀ ਦੀ ਮਦਦ ਕਰੇਗੀ। ਹੁਣ ਤੱਕ ਜਾਂਚ ਵਿਚ ਰਿਸੀਨ ਵਾਲੇ ਲਿਫਾਫਿਆਂ ਦਾ ਕਿਸੇ ਅੱਤਵਾਦੀ ਸੰਗਠਨ ਨਾਲ ਸਬੰਧ ਨਹੀਂ ਪਾਇਆ ਗਿਆ ਹੈ। ਹਾਲਾਂਕਿ, ਜਾਂਚ ਦਾ ਇਹ ਸ਼ੁਰੂਆਤੀ ਦੌਰ ਹੈ। ਇਕ ਅਫਸਰ ਨੇ ਆਖਿਆ ਕਿ ਪੁਖਤਾ ਤੌਰ 'ਤੇ ਅਸੀਂ ਕੁਝ ਨਹੀਂ ਕਹਿ ਸਕਦੇ। ਐੱਫ. ਬੀ. ਆਈ. ਨੇ ਵੀ ਇਸ ਬਾਰੇ ਵਿਚ ਇਕ ਬਿਆਨ ਜਾਰੀ ਕੀਤਾ। ਉਨਾਂ ਅੱਗੇ ਆਖਿਆ ਕਿ ਅਸੀਂ ਯੂ. ਐੱਸ. ਸੀਕ੍ਰੇਟ ਸਰਵਿਸ ਅਤੇ ਯੂ. ਐੱਸ. ਪੋਸਟਲ ਇੰਸਪੈਕਸ਼ਨ ਸਰਵਿਸ ਦੀ ਮਦਦ ਨਾਲ ਜਾਂਚ ਕਰ ਰਹੇ ਹਨ। ਲੋਕਾਂ ਨੂੰ ਕੋਈ ਖਤਰਾ ਨਹੀਂ ਹੈ।

ਪਹਿਲਾਂ ਵੀ ਅਜਿਹੀਆਂ ਘਟਨਾਵਾਂ ਹੋਈਆਂ
ਜਾਂਚ ਏਜੰਸੀਆਂ ਨੂੰ ਕੁਝ ਸੁਰਾਗ ਮਿਲ ਚੁੱਕੇ ਹਨ, ਪਰ ਇਨਾਂ ਦੀ ਜਾਣਕਾਰੀ ਮੀਡੀਆ ਨੂੰ ਨਹੀਂ ਦਿੱਤੀ ਗਈ ਹੈ। 2018 ਵਿਚ ਰੱਖਿਆ ਮੰਤਰੀ ਜਿਮ ਮੈਟਿਸ ਨੂੰ ਇਸ ਤਰ੍ਹਾਂ ਦੇ ਲਿਫਾਫੇ ਭੇਜੇ ਗਏ ਸਨ। ਜਾਂਚ ਤੋਂ ਬਾਅਦ ਨੇਵੀ ਦੇ ਸਾਬਕਾ ਅਫਸਰ ਸਿਲਡੇ ਐਲਿਨ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਸ ਤੋਂ ਇਲਾਵਾ ਕੁਝ ਹੋਰ ਅਫਸਰਾਂ ਨੂੰ ਵੀ ਐਲਿਨ ਨੇ ਅਜਿਹੇ ਹੀ ਲਿਫਾਫੇ ਭੇਜੇ ਸਨ। ਉਸ ਦਾ ਮਾਮਲਾ ਕੋਰਟ ਵਿਚ ਚੱਲ ਰਿਹਾ ਹੈ। 2013 ਵਿਚ ਮਿਸੀਸਿਪੀ ਦੇ ਇਕ ਵਿਅਕਤੀ ਨੇ ਤੱਤਕਾਲੀ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਇਕ ਰਿਪਬਲਿਕਨ ਸੈਨੇਟਰ ਨੂੰ ਰਿਸੀਨ ਵਾਲੇ ਲਿਫਾਫੇ ਭੇਜੇ ਸਨ। ਬਾਅਦ ਵਿਚ ਸ਼ੈਨਨ ਰਿਚਰਡਸਨ ਨਾਂ ਦੀ ਇਕ ਬੀਬੀ ਨੂੰ 18 ਸਾਲ ਦੀ ਸਜ਼ਾ ਹੋਈ ਸੀ।


Khushdeep Jassi

Content Editor

Related News