ਚੀਨ ਦੀ ਵਧੀ ਚਿੰਤਾ, ਆਸਟ੍ਰੇਲੀਆ 'ਚ ਸਭ ਤੋਂ ਵੱਡਾ ਯੁੱਧ ਅਭਿਆਸ ਸ਼ੁਰੂ

Tuesday, Jul 25, 2023 - 05:55 PM (IST)

ਚੀਨ ਦੀ ਵਧੀ ਚਿੰਤਾ, ਆਸਟ੍ਰੇਲੀਆ 'ਚ ਸਭ ਤੋਂ ਵੱਡਾ ਯੁੱਧ ਅਭਿਆਸ ਸ਼ੁਰੂ

ਸਿਡਨੀ (ਏਜੰਸੀ) ਆਸਟ੍ਰੇਲੀਆ 'ਚ ਸਭ ਤੋਂ ਵੱਡਾ ਯੁੱਧ ਅਭਿਆਸ ਸ਼ੁਰੂ ਹੋ ਗਿਆ ਹੈ। ਇਸ ਯੁੱਧ ਅਭਿਆਸ ਵਿੱਚ ਅਮਰੀਕਾ ਸਮੇਤ 11 ਦੇਸ਼ਾਂ ਦੇ 30 ਹਜ਼ਾਰ ਤੋਂ ਵੱਧ ਸੈਨਿਕ ਹਿੱਸਾ ਲੈ ਰਹੇ ਹਨ। ਭਾਰਤ ਸਮੇਤ ਚਾਰ ਦੇਸ਼ ਇਸ ਅਭਿਆਸ ਦੇ ਨਿਗਰਾਨ ਹਨ। ਤੁਹਾਨੂੰ ਦੱਸ ਦੇਈਏ ਕਿ ਇਸ ਅਭਿਆਸ ਨੂੰ ਚੀਨ ਦੀ ਚੁਣੌਤੀ ਨਾਲ ਨਜਿੱਠਣ ਦੇ ਤਰੀਕੇ ਵਜੋਂ ਦੇਖਿਆ ਜਾ ਰਿਹਾ ਹੈ। ਦੱਸ ਦੇਈਏ ਕਿ ਚੀਨ ਹਿੰਦ ਪ੍ਰਸ਼ਾਂਤ ਮਹਾਸਾਗਰ ਖੇਤਰ ਵਿੱਚ ਲਗਾਤਾਰ ਆਪਣੀ ਮੌਜੂਦਗੀ ਵਧਾ ਰਿਹਾ ਹੈ, ਜਿਸ ਕਾਰਨ ਇਸ ਅਭਿਆਸ ਨੂੰ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।

11 ਦੇਸ਼ ਲੈ ਰਹੇ ਹਨ ਹਿੱਸਾ

ਆਸਟ੍ਰੇਲੀਆ ਦੀਆਂ ਵੱਖ-ਵੱਖ ਥਾਵਾਂ 'ਤੇ ਹੋ ਰਹੇ ਇਸ ਅਭਿਆਸ 'ਚ ਫਿਜੀ, ਫਰਾਂਸ, ਇੰਡੋਨੇਸ਼ੀਆ, ਜਾਪਾਨ, ਦੱਖਣੀ ਕੋਰੀਆ, ਨਿਊਜ਼ੀਲੈਂਡ, ਪਾਪੂਆ ਨਿਊ ਗਿਨੀ, ਟੋਂਗਾ, ਬ੍ਰਿਟੇਨ, ਕੈਨੇਡਾ ਅਤੇ ਜਰਮਨੀ ਦੀਆਂ ਫੌਜਾਂ ਹਿੱਸਾ ਲੈ ਰਹੀਆਂ ਹਨ। ਜਦੋਂ ਕਿ ਭਾਰਤ, ਸਿੰਗਾਪੁਰ, ਫਿਲੀਪੀਨਜ਼ ਅਤੇ ਥਾਈਲੈਂਡ ਇਸ ਅਭਿਆਸ ਦੇ ਨਿਗਰਾਨ ਹਨ। ਖ਼ਾਸ ਗੱਲ ਇਹ ਹੈ ਕਿ ਅਮਰੀਕਾ-ਆਸਟ੍ਰੇਲੀਆ ਵਿਵਾਦਤ ਤਾਈਵਾਨ ਜਲਡਮਰੂ ਵਿੱਚ ਵੀ ਅਭਿਆਸ ਕਰਨਗੇ। ਇਹ ਉਹ ਥਾਂ ਹੈ ਜਿੱਥੇ ਚੀਨ ਨੇ ਪਿਛਲੇ ਸਮੇਂ ਵਿੱਚ ਅਭਿਆਸ ਕੀਤਾ ਸੀ। ਤਾਈਵਾਨ ਜਲਡਮਰੂ ਵਿੱਚ ਆਸਟ੍ਰੇਲੀਆ ਅਮਰੀਕਾ ਦੇ ਯੁੱਧ ਅਭਿਆਸ ਤੋਂ ਚੀਨ ਨਾਰਾਜ਼ ਹੋ ਸਕਦਾ ਹੈ।

ਹਿੰਦ ਪ੍ਰਸ਼ਾਂਤ ਮਹਾਸਾਗਰ ਦੀ ਸੁਰੱਖਿਆ ਮਹੱਤਵਪੂਰਨ 

ਜ਼ਿਕਰਯੋਗ ਹੈ ਕਿ ਹਿੰਦ ਪ੍ਰਸ਼ਾਂਤ ਮਹਾਸਾਗਰ ਵਿਸ਼ਵ ਅਰਥਚਾਰੇ ਲਈ ਬਹੁਤ ਮਹੱਤਵਪੂਰਨ ਹੈ। ਦੁਨੀਆ ਦਾ 80 ਫੀਸਦੀ ਵਪਾਰ ਇਸ ਖੇਤਰ ਵਿੱਚ ਹੁੰਦਾ ਹੈ। ਅਜਿਹੇ 'ਚ ਜੇਕਰ ਇਸ ਖੇਤਰ 'ਚ ਅਸਥਿਰਤਾ ਜਾਂ ਸੁਰੱਖਿਆ ਨੂੰ ਲੈ ਕੇ ਕੋਈ ਸਮੱਸਿਆ ਆਉਂਦੀ ਹੈ ਤਾਂ ਇਸ ਦਾ ਅਸਰ ਪੂਰੀ ਦੁਨੀਆ ਦੀ ਅਰਥਵਿਵਸਥਾ 'ਤੇ ਪਵੇਗਾ ਅਤੇ ਸਪਲਾਈ ਚੇਨ 'ਚ ਵਿਘਨ ਪੈ ਸਕਦਾ ਹੈ। ਯੂਕ੍ਰੇਨ ਯੁੱਧ ਕਾਰਨ ਇਹ ਪਹਿਲਾਂ ਹੀ ਵਿਘਨ ਦਾ ਸਾਹਮਣਾ ਕਰ ਰਹੀ ਹੈ। ਇੱਥੇ ਦੱਸ ਦਈਏ ਕਿ ਆਸਟ੍ਰੇਲੀਆ 'ਚ ਹੋਣ ਵਾਲੇ ਇਸ ਅਭਿਆਸ ਨੂੰ 'ਟੈਲੀਸਮੈਨ ਸਾਬਰੇ' ਦਾ ਨਾਂ ਦਿੱਤਾ ਗਿਆ ਹੈ। ਇਹ ਅਭਿਆਸ ਹਰ ਦੋ ਸਾਲ ਬਾਅਦ ਹੁੰਦਾ ਹੈ ਅਤੇ ਸਾਲ 2005 ਵਿੱਚ ਸ਼ੁਰੂ ਹੋਇਆ ਸੀ। ਇਸ ਸਾਲ ਇਹ ਯੁੱਧ ਅਭਿਆਸ ਇਸ ਲਈ ਖ਼ਾਸ ਹੈ ਕਿਉਂਕਿ ਇਸ ਵਾਰ ਅਭਿਆਸ ਸਭ ਤੋਂ ਵੱਡਾ ਹੈ।

ਪੜ੍ਹੋ ਇਹ ਅਹਿਮ ਖ਼ਬਰ-ਮਾਣ ਦੀ ਗੱਲ, ਨਿਊਜ਼ੀਲੈਂਡ 'ਚ ਭਾਰਤੀ ਮੂਲ ਦਾ ਸ਼ਖਸ ਲੜੇਗਾ ਆਮ ਚੋਣਾਂ

ਚੀਨ ਨੇ ਵਿੰਨ੍ਹਿਆ ਨਿਸ਼ਾਨਾ

ਚੀਨ ਨੇ ਆਸਟ੍ਰੇਲੀਆ 'ਚ ਚੱਲ ਰਹੇ ਯੁੱਧ ਅਭਿਆਸ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਚੀਨ ਦੇ ਸਰਕਾਰੀ ਅਖ਼ਬਾਰ ਗਲੋਬਲ ਟਾਈਮਜ਼ ਦੇ ਇਕ ਲੇਖ ਵਿਚ ਇਸ ਅਭਿਆਸ ਨੂੰ ਕਾਗਜ਼ੀ ਟਾਈਗਰ ਦੱਸਿਆ ਗਿਆ ਹੈ। ਚੀਨੀ ਮਾਹਿਰਾਂ ਦਾ ਦੋਸ਼ ਹੈ ਕਿ ਅਮਰੀਕਾ ਸੁਰੱਖਿਆ ਅਤੇ ਜਮਹੂਰੀ ਕਦਰਾਂ-ਕੀਮਤਾਂ ਦੀ ਰਾਖੀ ਦੇ ਨਾਂ 'ਤੇ ਦੇਸ਼ਾਂ 'ਤੇ ਦਬਾਅ ਬਣਾ ਰਿਹਾ ਹੈ ਅਤੇ ਇਸ ਦੀ ਆੜ 'ਚ ਆਪਣੀ ਵਿਸ਼ਵਵਿਆਪੀ ਸਰਦਾਰੀ ਕਾਇਮ ਰੱਖਣਾ ਚਾਹੁੰਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News