ਇੰਗਲੈਂਡ ''ਚ ਗਲਤ ਰਵੱਈਏ ਨਾਲ ਗੱਡੀ ਚਲਾਉਣ ''ਤੇ ਹੋ ਸਕਦੈ 1000 ਪੌਂਡ ਜ਼ੁਰਮਾਨਾ

10/13/2019 4:23:28 PM

ਲੰਡਨ/ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)— ਇੰਗਲੈਂਡ ਸਰਕਾਰ ਨੇ ਵੱਧਦੇ ਸੜਕ ਹਾਦਸਿਆਂ ਨੂੰ ਰੋਕਣ ਲਈ ਨਵਾਂ ਕਦਮ ਚੁੱਕਿਆ ਹੈ। ਸਰਕਾਰ ਨੇ ਕਿਸੇ ਵੀ ਤਰ੍ਹਾਂ ਦੀ ਦੁਰਘਟਨਾ ਵਿੱਚ ਲੋਕਾਂ ਦੀ ਸ਼ਮੂਲੀਅਤ ਨੂੰ ਰੋਕਣ ਲਈ 1000 ਪੌਂਡ ਤੱਕ ਦੇ ਜ਼ੁਰਮਾਨੇ ਦਾ ਨਿਯਮ ਲਾਗੂ ਕੀਤਾ ਹੈ। ਇੱਥੇ ਤੁਸੀਂ ਜੇਕਰ ਗੱਡੀ ਚਲਾਉਂਦੇ ਸਮੇਂ ਆਪਣੇ ਅੱਗੇ ਜਾ ਰਹੇ ਵਾਹਨ ਚਾਲਕ 'ਤੇ ਖਿਝਦੇ, ਕੁੜ੍ਹਦੇ ਹੋ ਤਾਂ ਤੁਹਾਨੂੰ ਇਹ ਜ਼ੁਰਮਾਨਾ ਹੋ ਸਕਦਾ ਹੈ। ਜੇਕਰ ਤੁਸੀਂ ਕਿਸੇ ਟਰੈਕਟਰ ਦੇ ਪਿੱਛੇ ਆ ਰਹੇ ਹੋ, ਕਿਸੇ ਧੀਮੀ ਗਤੀ ਵਾਲੇ ਵਾਹਨ ਦੇ ਪਿੱਛੇ ਹੋ, ਕਿਸੇ ਅਜਿਹੇ ਚਾਲਕ ਨੂੰ ਦੇਖ ਰਹੇ ਹੋ ਜਿਸਨੇ ਮੁੜਨ ਲਈ ਕੋਈ ਇਸ਼ਾਰਾ ਨਾ ਦਿੱਤਾ ਹੋਵੇ ਤਾਂ ਤੁਹਾਨੂੰ ਆਪਣੇ ਦਿਮਾਗੀ ਉਬਾਲ ਨੂੰ ਸਾਂਭ ਕੇ ਰੱਖਣਾ ਪਵੇਗਾ। 

ਜੇਕਰ ਤੁਸੀਂ ਆਪਣੇ ਹੱਥ ਦੀ ਵਿਚਕਾਰਲੀ ਵੱਡੀ ਉਂਗਲ ਦਾ ਗ਼ਲਤ ਇਸ਼ਾਰਾ ਕਰਦੇ ਕੈਮਰੇ ਵਿੱਚ ਕੈਦ ਹੋ ਗਏ ਤਾਂ ਸਮਝ ਲਓ ਕਿ ਜੇਬ ਨੂੰ 1000 ਪੌਂਡ ਦਾ ਧੱਫੜ ਹੋ ਗਿਆ ਹੈ। ਨਵੇਂ ਵਾਹਨ ਚਾਲਕਾਂ ਨੂੰ ਸਿਖਲਾਈ ਦੇਣ ਵਾਲੀ ਸੰਸਥਾ ਮਾਰਮਾਲੇਡ ਦੇ ਬੁਲਾਰੇ ਦਾ ਕਹਿਣਾ ਹੈ ਕਿ ਕਿਸੇ ਸਿਖਾਂਦਰੂ ਨੂੰ ਵਾਹਨ ਚਲਾਉਣਾ ਸਿਖਾਉਣ ਵਾਲੇ ਇੰਸਟਰਕਟਰਾਂ ਨੂੰ ਅਜਿਹੇ ਹਾਲਾਤਾਂ ਦਾ ਸਾਹਮਣਾ ਅਕਸਰ ਹੀ ਕਰਨਾ ਪੈਂਦਾ ਹੈ। 66 ਫੀਸਦੀ ਡਰਾਈਵਿੰਗ ਇੰਸਟਰਕਰਾਂ ਦੀ ਸ਼ਿਕਾਇਤ ਹੈ ਕਿ ਉਹਨਾਂ ਦੇ ਵਿਦਿਆਰਥੀਆਂ ਨੂੰ ਅਕਸਰ ਹੀ ਵਾਹਨ ਚਾਲਕਾਂ ਵੱਲੋਂ ਗ਼ਲਤ ਇਸ਼ਾਰਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹਨਾਂ ਗਲਤ ਇਸ਼ਾਰੇ ਕਰਨ ਵਾਲਿਆਂ ਵਿੱਚ ਵਧੇਰੇ ਕਰਕੇ 25 ਤੋਂ 40 ਸਾਲ ਉਮਰ ਦੇ ਮਰਦ ਚਾਲਕ ਹੀ ਸਨ।


Vandana

Content Editor

Related News