ਇੰਗਲੈਂਡ : ਵੇਲਜ਼ ਦੇ ਸਮੁੰਦਰੀ ਕੰਢੇ ''ਤੇ ਦੱਬੇ ਹੋਏ ਮਿਲੇ 200 ਮਨੁੱਖੀ ਪਿੰਜਰ
Saturday, Jul 03, 2021 - 03:26 PM (IST)

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)-ਵੇਲਜ਼ ਦੇ ਇੱਕ ਸਮੁੰਦਰੀ ਕੰਢੇ 'ਤੇ 6ਵੀਂ ਸਦੀ ਤੋਂ ਲੈ ਕੇ ਹੁਣ ਤੱਕ ਦੇ ਤਕਰੀਬਨ 200 ਪਿੰਜਰ ਕਬਰਾਂ 'ਚੋਂ ਪ੍ਰਾਪਤ ਹੋਏ ਹਨ। ਵੇਲਜ਼ ਦੇ ਸਮੁੰਦਰੀ ਕੰਢੇ 'ਤੇ ਮੱਧਕਾਲੀਨ ਯੁੱਗ ਦੀ ਇਹ ਮੁਰਦੇ ਦਫ਼ਨਾਉਣ ਵਾਲੀ ਜਗ੍ਹਾ ਰੇਤ ਵਿੱਚ 1000 ਸਾਲਾਂ ਤੋਂ ਵੀ ਵੱਧ ਸਮੇਂ ਤੱਕ ਛੁਪੀ ਰਹੀ ਅਤੇ ਇਹ ਤੂਫਾਨੀ ਮੌਸਮ ਕਾਰਨ ਸਾਹਮਣੇ ਆਈ। ਪੁਰਾਤੱਤਵ ਵਿਗਿਆਨੀਆਂ ਦੁਆਰਾ ਪੈਮਬਰੋਕਸ਼ਾਇਰ ਵਿੱਚ ਸੇਂਟ ਡੇਵਿਡਜ਼ ਦੇ ਨੇੜੇ ਬਲਿਊ ਫਲੈਗ ਬੀਚ ਵ੍ਹਾਈਟਸੈਂਡ ਬੇ 'ਤੇ ਰੇਤ ਦੇ ਟਿੱਲੇ ਹੇਠਾਂ ਕਬਰਾਂ ਦੀ ਖੋਜ ਕੀਤੀ । ਮਾਹਿਰਾਂ ਅਨੁਸਾਰ ਇਹ ਪਿੰਜਰ ਮੁੱਢਲੇ ਈਸਾਈ ਭਾਈਚਾਰੇ ਦੇ ਮੈਂਬਰਾਂ ਨਾਲ ਸਬੰਧਤ ਹੋ ਸਕਦੇ ਹਨ।
ਇਹ ਵੀ ਪੜ੍ਹੋ : ਚੀਨ ਦੀ ਦਾਦਾਗਿਰੀ ! ਕੋਰੋਨਾ ਬਹਾਨੇ ਭਾਰਤ ਤੋਂ ਸੀ-ਫੂਡ ਦੀ ਦਰਾਮਦ 'ਤੇ ਲਾਈ ਰੋਕ
ਡਾਈਫਡ ਪੁਰਾਤੱਤਵ ਟਰੱਸਟ ਅਤੇ ਸ਼ੈਫੀਲਡ ਯੂਨੀਵਰਸਿਟੀ ਦੀ ਇੱਕ ਟੀਮ ਇਸ ਸਥਾਨ ਨੂੰ ਖਤਮ ਹੋਣ ਤੋਂ ਬਚਾਉਣ ਦੀ ਕੋਸ਼ਿਸ਼ ਵਿੱਚ ਹੈ, ਜਿਸ ਨਾਲ ਇਹ ਪਤਾ ਲੱਗੇ ਕਿ ਰੇਤ ਦੇ ਟਿੱਲੇ ਵਿੱਚ ਹੋਰ ਕਿਹੜੇ ਰਾਜ਼ ਛੁਪੇ ਹਨ। ਸ਼ੈਫੀਲਡ ਯੂਨੀਵਰਸਿਟੀ ਦੇ ਮਾਹਿਰਾਂ ਦੇ ਵਿਸ਼ਲੇਸ਼ਣ ਤੋਂ ਪਤਾ ਚੱਲਿਆ ਹੈ ਕਿ ਇਹ ਅਵਸ਼ੇਸ਼ ਪੁਰਸ਼ਾਂ, ਔਰਤਾਂ ਅਤੇ ਹਰ ਉਮਰ ਦੇ ਬੱਚਿਆਂ ਦੇ ਹਨ। ਮੱਧਯੁਗ ਦੇ ਸਮੇਂ ਦੌਰਾਨ ਪੱਛਮੀ ਬ੍ਰਿਟੇਨ ਵਿੱਚ ਚਲਾਈ ਜਾ ਰਹੀ ਇੱਕ ਆਮ ਮੁਰਦੇ ਦਫਨਾਉਣ ਵਾਲੀ ਪਰੰਪਰਾ ਦੇ ਅਨੁਸਾਰ ਕੁੱਝ ਕਬਰਾਂ ਨੂੰ ਪੱਥਰ ਦੀਆਂ ਸਲੈਬਾਂ ਨਾਲ ਬੰਨ੍ਹਿਆ ਹੋਇਆ ਸੀ ਅਤੇ ਢਕਿਆ ਹੋਇਆ ਹੈ। ਪੱਥਰਾਂ ਦੇ ਢੇਰ ਨੂੰ ਸਮਾਰਕ ਵਜੋਂ ਵਰਤੇ ਜਾਣ ਤੋਂ ਇਹ ਲੱਗਦਾ ਸੀ ਕਿ ਇਹ ਕਾਂਸੀ ਯੁੱਗ ਨਾਲ ਸਬੰਧਤ ਹਨ ਪਰ ਬਾਅਦ ਵਿੱਚ ਰੇਡੀਓ ਕਾਰਬਨ ਦੁਆਰਾ ਦਰਸਾਇਆ ਗਿਆ ਕਿ ਇਸ ਦੀ ਵਰਤੋਂ 6ਵੀਂ ਅਤੇ 11ਵੀਂ ਸਦੀ ਦੇ ਵਿਚਕਾਰ ਕੀਤੀ ਗਈ ਸੀ।