ਤਕਨੀਕੀ ਖਰਾਬੀ ਕਾਰਨ ਰੂਸ ਦੇ ਪੁਲਾੜ ਜਹਾਜ਼ ਦੀ ਹੋਈ ਐਮਰਜੈਂਸੀ ਲੈਂਡਿੰਗ

10/12/2018 9:57:41 AM

ਵਾਸ਼ਿੰਗਟਨ(ਭਾਸ਼ਾ)— ਕੌਮਾਂਤਰੀ ਪੁਲਾੜ ਸਟੇਸ਼ਨ (ਆਈ. ਐੱਸ. ਐੱਸ.) ਲਈ ਉਡਾਣ ਭਰਨ ਦੇ ਕੁੱਝ ਹੀ ਸਮੇਂ ਬਾਅਦ ਰੂਸ ਦੇ ਬੂਸਟਰ ਰਾਕੇਟ ਸੋਯੂਜ਼ 'ਚ ਤਕਨੀਕੀ ਖਰਾਬੀ ਆ ਗਈ, ਜਿਸ ਕਾਰਨ ਇਸ ਦੀ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ। ਇਸ ਰਾਕੇਟ ਰਾਹੀਂ ਅਮਰੀਕੀ ਯਾਤਰੀ ਨਿਕ ਹੇਗ ਅਤੇ ਰੂਸ ਦੇ ਪੁਲਾੜ ਯਾਤਰੀ ਅਲੈਕਸੀ ਓਵੀਚਿਨ 6 ਮਹੀਨਿਆਂ ਲਈ ਮਿਸ਼ਨ ਤਹਿਤ ਪੁਲਾੜ 'ਤੇ ਜਾ ਰਹੇ ਸਨ।

PunjabKesari

ਇਕ ਰਿਪੋਰਟ ਮੁਤਾਬਕ ਅਮਰੀਕਾ ਦੀ ਸਪੇਸ ਏਜੰਸੀ ਰਾਸ਼ਟਰੀ ਵੈਮਾਨਿਕੀ ਅਤੇ ਪੁਲਾੜ ਪ੍ਰਬੰਧਨ (ਨਾਸਾ) ਨੇ ਦੱਸਿਆ ਕਿ ਰਾਕੇਟ ਸੋਯੂਜ਼ ਦੇ ਉਡਾਣ ਭਰਨ ਦੇ ਲਗਭਗ 90 ਸਕਿੰਟਾਂ ਬਾਅਦ ਪਹਿਲੇ ਅਤੇ ਦੂਜੇ ਪੜਾਅ ਵਿਚਕਾਰ ਬੂਸਟਰ ਰਾਕੇਟ 'ਚ ਸਮੱਸਿਆ ਪੈਦਾ ਹੋ ਗਈ। ਨਾਸਾ ਨੇ ਕਿਹਾ ਕਿ ਤਲਾਸ਼ ਅਤੇ ਬਚਾਅ ਵਿਭਾਗ ਦੇ ਦਲ ਸੋਯੂਜ਼ ਪੁਲਾੜ ਜਹਾਜ਼ ਦੇ ਲੈਂਡਿੰਗ ਵਾਲੇ ਸਥਾਨ 'ਤੇ ਪੁੱਜ ਗਏ ਸਨ ਅਤੇ ਪੁਲਾੜ ਯਾਤਰੀ ਸੁਰੱਖਿਅਤ ਹਨ। ਰੂਸ ਦੇ ਉਪ ਪ੍ਰਧਾਨ ਮੰਤਰੀ ਯੂਰੀ ਬੋਰਿਸੋਵ ਨੇ ਇਸ ਘਟਨਾ 'ਤੇ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਡਾ ਮੰਨਣਾ ਹੈ ਕਿ ਜਦ ਤਕ ਪੂਰੀ ਸੁਰੱਖਿਆ ਨਿਸ਼ਚਿਤ ਨਹੀਂ ਕਰ ਲਈ ਜਾਂਦੀ ਤਦ ਤਕ ਕੋਈ ਹੋਰ ਮਨੁੱਖੀ ਜਹਾਜ਼ ਪੁਲਾੜ ਲਈ ਰਵਾਨਾ ਨਹੀਂ ਹੋਵੇਗਾ।


Related News