17 ਸੂਬਿਆਂ ''ਚ ਐਮਰਜੈਂਸੀ ! 14,000 ਤੋਂ ਵੱਧ ਫਲਾਈਟਾਂ ਰੱਦ, ਅਮਰੀਕਾ ''ਚ ਬੇਹੱਦ ਭਿਆਨਕ ਬਣੇ ਹਾਲਾਤ
Sunday, Jan 25, 2026 - 09:55 AM (IST)
ਇੰਟਰਨੈਸ਼ਨਲ ਡੈਸਕ- ਅਮਰੀਕਾ ਦੇ 40 ਤੋਂ ਵੱਧ ਸੂਬਿਆਂ 'ਚ ਆਏ ਭਿਆਨਕ ਬਰਫ਼ੀਲੇ ਤੂਫ਼ਾਨ ਨੇ ਜਨ-ਜੀਵਨ ਪੂਰੀ ਤਰ੍ਹਾਂ ਅਸਤ-ਵਿਅਸਤ ਕਰ ਦਿੱਤਾ ਹੈ। ਇਸ ਤੂਫ਼ਾਨ ਕਾਰਨ ਸ਼ਨੀਵਾਰ ਤੋਂ ਸੋਮਵਾਰ ਤੱਕ 14,800 ਤੋਂ ਵੱਧ ਉਡਾਣਾਂ ਰੱਦ ਕੀਤੀਆਂ ਜਾ ਚੁੱਕੀਆਂ ਹਨ। ਇਸ ਕੁਦਰਤੀ ਆਫ਼ਤ ਦਾ ਅਸਰ ਟੈਕਸਾਸ ਤੋਂ ਲੈ ਕੇ ਨਿਊ ਇੰਗਲੈਂਡ ਤੱਕ ਲਗਭਗ 1,300 ਮੀਲ ਦੇ ਇਲਾਕੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ।
ਤੂਫ਼ਾਨ ਕਾਰਨ ਹਵਾਈ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ। ਅਮਰੀਕਨ ਏਅਰਲਾਈਨਜ਼ ਦੀਆਂ 43 ਫ਼ੀਸਦੀ ਅਤੇ ਡੈਲਟਾ ਏਅਰਲਾਈਨਜ਼ ਦੀਆਂ 35 ਫ਼ੀਸਦੀ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਸਭ ਤੋਂ ਵੱਧ ਅਸਰ ਡੱਲਾਸ, ਸ਼ਾਰਲੋਟ, ਨਿਊਯਾਰਕ ਅਤੇ ਬੋਸਟਨ ਵਰਗੇ ਸ਼ਹਿਰਾਂ ਵਿੱਚ ਦੇਖਿਆ ਗਿਆ ਹੈ।
ਤੂਫਾਨ ਦੇ ਡਰੋਂ ਲੋਕ ਗ੍ਰੋਸਰੀ ਸਟੋਰਾਂ ’ਤੇ ਇਕੱਠੇ ਹੋ ਰਹੇ ਹਨ। ਕਈ ਦੁਕਾਨਾਂ ’ਤੇ ਪਾਣੀ, ਆਂਡਿਆਂ, ਮੱਖਣ ਤੇ ਮੀਟ ਦੀ ਕਮੀ ਹੋ ਗਈ ਹੈ। ਮੌਸਮ ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕਿ ਤੂਫਾਨ ਦੇ ਨਾਲ ਭਾਰੀ ਬਰਫਬਾਰੀ, ਮੀਂਹ ਤੇ ਠੰਢ ਆਏਗੀ, ਜਿਸ ਨਾਲ ਹਾਲਾਤ ਬੇਹੱਦ ਖਤਰਨਾਕ ਹੋ ਸਕਦੇ ਹਨ। ਟਰਾਂਸਪੋਰਟੇਸ਼ਨ ਅਧਿਕਾਰੀਆਂ ਨੇ ਵੀਕੈਂਡ ’ਤੇ ਯਾਤਰਾ ਵਿਚ ਦੇਰੀ ਅਤੇ ਕੈਂਸਲੇਸ਼ਨ ਦੀ ਚਿਤਾਵਨੀ ਦਿੱਤੀ ਹੈ। ਕਈ ਵੱਡੇ ਸ਼ਹਿਰਾਂ ਦੇ ਏਅਰਪੋਰਟ ਵੀ ਇਸ ਤੋਂ ਪ੍ਰਭਾਵਿਤ ਹੋਏ ਹਨ।
ਇਹ ਵੀ ਪੜ੍ਹੋ- -40 ਡਿਗਰੀ ਤੱਕ ਡਿੱਗੇਗਾ ਪਾਰਾ ! ਸਕੂਲਾਂ ਬੰਦ, 12 ਸੂਬਿਆਂ 'ਚ ਐਮਰਜੈਂਸੀ ; US 'ਚ ਬਣੇ Ice Age ਵਰਗੇ ਹਾਲਾਤ
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹੁਣ ਤੱਕ 10 ਪ੍ਰਮੁੱਖ ਸੂਬਿਆਂ- ਟੈਨੇਸੀ, ਜਾਰਜੀਆ, ਉੱਤਰੀ ਕੈਰੋਲੀਨਾ, ਮੈਰੀਲੈਂਡ, ਅਰਕਨਸਾਸ, ਕੈਂਟਕੀ, ਲੁਈਸਿਆਨਾ, ਮਿਸੀਸਿਪੀ, ਇੰਡੀਆਨਾ ਅਤੇ ਵੈਸਟ ਵਰਜੀਨੀਆ ਵਿੱਚ ਐਮਰਜੈਂਸੀ ਦੇ ਐਲਾਨ ਨੂੰ ਮਨਜ਼ੂਰੀ ਦਿੱਤੀ ਹੈ। ਕੁੱਲ ਮਿਲਾ ਕੇ 17 ਤੋਂ ਵੱਧ ਸੂਬਿਆਂ ਵਿੱਚ ਐਮਰਜੈਂਸੀ ਲਾਗੂ ਕੀਤੀ ਗਈ ਹੈ।
ਨੈਸ਼ਨਲ ਵੈਦਰ ਸਰਵਿਸ ਨੇ ਇਸ ਠੰਢ ਨੂੰ "ਜਾਨਲੇਵਾ" ਕਰਾਰ ਦਿੱਤਾ ਹੈ। ਤਾਪਮਾਨ ਵਿੱਚ ਭਾਰੀ ਗਿਰਾਵਟ ਕਾਰਨ ਹਾਈਪੋਥਰਮੀਆ ਅਤੇ ਫਰੌਸਟਬਾਈਟ (ਹੱਡੀਆਂ ਤੱਕ ਠੰਢ ਲੱਗਣਾ) ਦਾ ਖ਼ਤਰਾ ਬਣਿਆ ਹੋਇਆ ਹੈ। ਅਮਰੀਕਾ ਦੀ ਅੱਧੀ ਤੋਂ ਵੱਧ ਆਬਾਦੀ ਇਸ ਸਮੇਂ ਜ਼ੀਰੋ ਤੋਂ ਹੇਠਾਂ ਦੇ ਤਾਪਮਾਨ ਦਾ ਸਾਹਮਣਾ ਕਰ ਰਹੀ ਹੈ।
ਭਾਰੀ ਬਰਫ਼ਬਾਰੀ ਅਤੇ ਬਰਫ਼ੀਲੇ ਮੀਂਹ ਕਾਰਨ ਦੱਖਣੀ ਇਲਾਕਿਆਂ ਵਿੱਚ ਬਿਜਲੀ ਗੁੱਲ ਹੋ ਗਈ ਹੈ। ਹੋਮਲੈਂਡ ਸਕਿਓਰਿਟੀ ਸਕੱਤਰ ਕ੍ਰਿਸਟੀ ਨੋਏਮ ਨੇ ਨਾਗਰਿਕਾਂ ਨੂੰ ਸੜਕਾਂ ਤੋਂ ਦੂਰ ਰਹਿਣ ਅਤੇ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕਰਨ ਦੀ ਅਪੀਲ ਕੀਤੀ ਹੈ।
ਅਧਿਕਾਰੀਆਂ ਅਨੁਸਾਰ, ਫੈਡਰਲ ਐਮਰਜੈਂਸੀ ਮੈਨੇਜਮੈਂਟ ਏਜੰਸੀ (FEMA) ਅਤੇ ਸੂਬਾ ਸਰਕਾਰਾਂ ਮਿਲ ਕੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੰਮ ਕਰ ਰਹੀਆਂ ਹਨ। ਮੌਸਮ ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕਿ ਇਹ ਬੇਹੱਦ ਠੰਢ ਅਗਲੇ ਹਫ਼ਤੇ ਵੀ ਜਾਰੀ ਰਹਿ ਸਕਦੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
