ਐਲਕ ਗਰੋਵ ਵਿਖੇ 30 ਅਕਤੂਬਰ ਨੂੰ ਮਨਾਇਆ ਜਾਵੇਗਾ ''ਰੌਸ਼ਨੀਆਂ ਦਾ ਤਿਉਹਾਰ''
Saturday, Oct 20, 2018 - 12:49 PM (IST)
ਸੈਕਰਾਮੈਂਟੋ ( ਰਾਜ ਗੋਗਨਾ )— ਐਲਕ ਗਰੋਵ ਸਿਟੀ ਦੀ ਮਲਟੀਕਲਚਰਲ ਕਮੇਟੀ ਵੱਲੋਂ ਦੂਜਾ ਸਾਲਾਨਾ 'ਰੌਸ਼ਨੀਆਂ ਦਾ ਤਿਉਹਾਰ' 30 ਅਕਤੂਬਰ, ਦਿਨ ਮੰਗਲਵਾਰ ਨੂੰ ਸ਼ਾਮ 6 ਵਜੇ ਤੋਂ ਮਨਾਇਆ ਜਾਵੇਗਾ। ਇਸ ਸਬੰਧੀ ਐਲਕ ਗਰੋਵ ਕੌਂਸਲ ਚੈਂਬਰ ਵਿਖੇ ਮਲਟੀਕਲਚਰਲ ਕਮੇਟੀ ਦੀ ਇਕ ਅਹਿਮ ਮੀਟਿੰਗ ਹੋਈ, ਜਿਸ ਦੌਰਾਨ ਤਿਉਹਾਰ ਮਨਾਉਣ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਹ ਫੈਸਲਾ ਕੀਤਾ ਗਿਆ ਕਿ ਇਸ ਤਿਉਹਾਰ ਦੌਰਾਨ ਜਿੱਥੇ ਗੀਤ-ਸੰਗੀਤ ਅਤੇ ਨਾਚ-ਗਾਣੇ ਹੋਣਗੇ, ਉੱਥੇ ਵੱਖ-ਵੱਖ ਧਰਮਾਂ ਦੇ ਨੁਮਾਇੰਦਿਆਂ ਨੂੰ ਵੀ ਸੱਦਾ ਪੱਤਰ ਭੇਜਿਆ ਜਾਵੇਗਾ ਤਾਂ ਕਿ ਭਾਈਚਾਰੇ ਵਿਚ ਏਕਤਾ ਅਤੇ ਸ਼ਾਂਤੀ ਦਾ ਸੁਨੇਹਾ ਦਿੱਤਾ ਜਾ ਸਕੇ।
ਇਸ ਤਿਉਹਾਰ 'ਚ ਐਲਕ ਗਰੋਵ ਸਿਟੀ ਦੇ ਮੇਅਰ ਤੋਂ ਇਲਾਵਾ ਕੌਂਸਲ ਮੈਂਬਰ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਣਗੇ ਅਤੇ ਖਾਣ-ਪੀਣ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਇਸ ਤਿਉਹਾਰ ਲਈ ਕੋਈ ਵੀ ਟਿਕਟ ਜਾਂ ਪਾਰਕਿੰਗ ਨਹੀਂ ਰੱਖੀ ਗਈ ਹੈ। ਇਸ ਲਈ ਹਰੇਕ ਨੂੰ ਆਉਣ ਦਾ ਖੁੱਲ੍ਹਾ ਸੱਦਾ ਹੈ।
ਮੀਟਿੰਗ 'ਚ ਸਮੂਹ ਕਮਿਸ਼ਨ ਮੈਂਬਰ ਗੁਰਜਤਿੰਦਰ ਸਿੰਘ ਰੰਧਾਵਾ, ਮਹਿੰਦਰ ਸਿੰਘ, ਜਿੰਕੀ ਡਾਲਰ, ਡਾਕਟਰ ਰੈਮੰਡ, ਡਾ. ਭਾਵਿਨ ਪਾਰਖ, ਅਰਜੂਮੰਡ ਅਜ਼ੀਮੀ, ਜੈਸਿਕਾ ਕਾਰਟਰ, ਸਕਾਟ ਮੈਟਸੂਮੋਟੋ, ਡਾ. ਅਸ਼ੋਕ ਸ਼ੰਕਰ ਅਤੇ ਕ੍ਰਿਸਟੋਫਰ ਟੈਨ ਹਾਜ਼ਰ ਸਨ।
