ਬੰਗਲਾਦੇਸ਼ ''ਚ ਬਿਜਲੀ ਸਪਲਾਈ ਬਹਾਲ

10/05/2022 5:10:22 PM

ਢਾਕਾ (ਭਾਸ਼ਾ)- ਬੰਗਲਾਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਗਈ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਬੰਗਲਾਦੇਸ਼ ਦੇ ਰਾਸ਼ਟਰੀ ਬਿਜਲੀ ਗਰਿੱਡ ਵਿੱਚ ਖ਼ਰਾਬੀ ਕਾਰਨ ਦੇਸ਼ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਬਿਜਲੀ ਸਪਲਾਈ ਠੱਪ ਹੋ ਗਈ ਸੀ। ਮੰਗਲਵਾਰ ਦੁਪਹਿਰ 2.05 ਵਜੇ ਬਿਜਲੀ ਦੀ ਕਟੌਤੀ ਸ਼ੁਰੂ ਹੋਈ ਅਤੇ ਰਾਤ 9 ਵਜੇ ਇਸ ਦੀ ਸਪਲਾਈ ਬਹਾਲ ਕਰ ਦਿੱਤੀ ਗਈ। ਦੇਸ਼ ਦੇ ਜ਼ਿਆਦਾਤਰ ਹਿੱਸਿਆਂ 'ਚ ਕਰੀਬ 7 ਘੰਟੇ ਬਿਜਲੀ ਸਪਲਾਈ ਠੱਪ ਰਹੀ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਖ਼ਰਾਬੀ ਕਿਸ ਕਾਰਨ ਹੋਈ।

ਇਸ ਤੋਂ ਪਹਿਲਾਂ ਰਾਜਧਾਨੀ ਢਾਕਾ ਦੇ ਬਾਜ਼ਾਰਾਂ 'ਚ ਦੁਕਾਨਦਾਰਾਂ ਨੇ ਮੋਮਬੱਤੀਆਂ ਜਗਾਈਆਂ ਅਤੇ ਰੈਸਟੋਰੈਂਟ ਦੇ ਲੋਕਾਂ ਨੇ ਮੋਮਬੱਤੀਆਂ ਦੀ ਰੋਸ਼ਨੀ ਵਿਚ ਤਿਆਰ ਭੋਜਨ ਖਾਧਾ। ਬਿਜਲੀ, ਊਰਜਾ ਅਤੇ ਖਣਿਜ ਸੰਸਾਧਨ ਵਿਭਾਗ ਦੇ ਜੂਨੀਅਰ ਮੰਤਰੀ ਨਸੁਲ ਹਾਮਿਦ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਨ੍ਹਾਂ ਨੂੰ ਬਿਜਲੀ ਕੱਟ ਕਾਰਨ ਹੋਈ "ਅਸਥਾਈ ਅਸੁਵਿਧਾ" ਲਈ ਖੇਦ ਹੈ। ਬਿਜਲੀ ਵਿਭਾਗ ਦੇ ਬੁਲਾਰੇ ਸ਼ਮੀਮ ਹਸਨ ਨੇ ਕਿਹਾ ਸੀ ਕਿ ਢਾਕਾ ਅਤੇ ਹੋਰ ਵੱਡੇ ਸ਼ਹਿਰਾਂ ਦੇ ਸਾਰੇ ਪਾਵਰ ਪਲਾਂਟ ਠੱਪ ਹੋ ਗਏ, ਜਿਸ ਨਾਲ ਬਿਜਲੀ ਸਪਲਾਈ ਵਿੱਚ ਵਿਘਨ ਪਿਆ।

ਉਨ੍ਹਾਂ ਕਿਹਾ ਕਿ ਇੰਜੀਨੀਅਰ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਖ਼ਰਾਬੀ ਕਿਉਂ ਬੋਈ। ਬੰਗਲਾਦੇਸ਼ ਦੇ ਹਾਲ ਹੀ ਦੇ ਪ੍ਰਭਾਵਸ਼ਾਲੀ ਆਰਥਿਕ ਵਿਕਾਸ ਨੂੰ ਬਿਜਲੀ ਦੀ ਘਾਟ ਕਾਰਨ ਖ਼ਤਰਾ ਹੈ, ਕਿਉਂਕਿ ਸਰਕਾਰ ਨੇ ਡੀਜ਼ਲ-ਸੰਚਾਲਿਤ ਸਾਰੇ ਬਿਜਲੀ ਪਲਾਂਟਾਂ ਦੇ ਸੰਚਾਲਨ ਨੂੰ ਮੁਅੱਤਲ ਕਰ ਦਿੱਤਾ ਹੈ ਤਾਂ ਕਿ ਆਯਾਤ 'ਤੇ ਹੋਣ ਵਾਲੇ ਖ਼ਰਚਿਆਂ ਨੂੰ ਘਟਾਇਆ ਜਾ ਸਕੇ। ਡੀਜ਼ਲ ਨਾਲ ਚੱਲਣ ਵਾਲੇ ਪਾਵਰ ਪਲਾਂਟਾਂ ਦਾ ਬੰਗਲਾਦੇਸ਼ ਦੇ ਬਿਜਲੀ ਉਤਪਾਦਨ ਵਿਚ ਲਗਭਗ 6 ਫ਼ੀਸਦੀ ਯੋਗਦਾਨ ਹੈ, ਇਸਲਈ ਉਨ੍ਹਾਂ ਦੇ ਬੰਦ ਹੋਣ ਨਾਲ ਉਤਪਾਦਨ ਵਿੱਚ 1500 ਮੈਗਾਵਾਟ ਤੱਕ ਦੀ ਕਟੌਤੀ ਹੁੰਦੀ ਹੈ।


cherry

Content Editor

Related News