ਬੰਗਲਾਦੇਸ਼ ''ਚ ਤਖ਼ਤਾਪਲਟ ਤੋਂ ਡੇਢ ਸਾਲ ਬਾਅਦ ਹੋਣਗੀਆਂ ਚੋਣਾਂ
Friday, Nov 14, 2025 - 07:51 AM (IST)
ਇੰਟਰਨੈਸ਼ਨਲ ਡੈਸਕ- ਬੰਗਲਾਦੇਸ਼ ’ਚ ਅਗਲੇ ਸਾਲ ਫਰਵਰੀ ’ਚ 15 ਤਰੀਕ ਤੋਂ ਪਹਿਲਾਂ ਸੰਸਦੀ ਚੋਣਾਂ ਹੋਣਗੀਆਂ। ਅੰਤਰਿਮ ਸਰਕਾਰ ਦੇ ਮੁੱਖ ਸਲਾਹਕਾਰ ਮੁਹੰਮਦ ਯੂਨਸ ਨੇ ਦੇਸ਼ ਨੂੰ ਸੰਬੋਧਨ ਕਰਦੇ ਹੋਏ ਇਹ ਜਾਣਕਾਰੀ ਦਿੱਤੀ। ਪਿਛਲੇ ਸਾਲ ਅਗਸਤ ’ਚ ਤਖ਼ਤਾਪਲਟ ਤੋਂ ਬਾਅਦ ਇਹ ਪਹਿਲੀਆਂ ਆਮ ਚੋਣਾਂ ਹੋਣਗੀਆਂ। ਉਥੇ ਹੀ ਸ਼ੇਖ ਹਸੀਨਾ ਖਿਲਾਫ ਦਰਜ ਮਨੁੱਖਤਾ ਵਿਰੁੱਧ ਅਪਰਾਧ ਦੇ ਮਾਮਲੇ ’ਚ ਫੈਸਲੇ ਦੀ ਤਰੀਕ ਦਾ ਐਲਾਨ ਹੋ ਗਿਆ ਹੈ। ਢਾਕਾ ’ਚ ਅੰਤਰਰਾਸ਼ਟਰੀ ਅਪਰਾਧ ਟ੍ਰਿਬਿਊਨਲ 17 ਨਵੰਬਰ ਨੂੰ ਆਪਣਾ ਫੈਸਲਾ ਸੁਣਾਏਗਾ।
ਅੱਜ ਫੈਸਲੇ ਤੋਂ ਪਹਿਲਾਂ ਅੰਤਰਰਾਸ਼ਟਰੀ ਅਪਰਾਧ ਟ੍ਰਿਬਿਊਨਲ ਦੇ ਆਲੇ-ਦੁਆਲੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਫੈਸਲੇ ਵਿਰੁੱਧ ਅਵਾਮੀ ਲੀਗ ਨੇ ਲਾਕਡਾਊਨ ਦਾ ਐਲਾਨ ਕੀਤਾ ਸੀ। ਇਸਦੇ ਜਵਾਬ ’ਚ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀ. ਐੱਨ. ਪੀ.) ਅਤੇ ਬੰਗਲਾਦੇਸ਼ ਜਮਾਤ-ਏ-ਇਸਲਾਮੀ ਦੇ ਵਰਕਰ ਵੀਰਵਾਰ ਨੂੰ ਢਾਕਾ ਦੇ ਕਈ ਇਲਾਕਿਆਂ ’ਚ ਸੜਕਾਂ ’ਤੇ ਉਤਰ ਆਏ ਅਤੇ ਕੁਝ ਥਾਵਾਂ ’ਤੇ ਰੈਲੀਆਂ ਵੀ ਕੀਤੀਆਂ।
ਸਾਬਕਾ ਪੀ. ਐੱਮ. ਮੰਤਰੀ ਸ਼ੇਖ ਹਸੀਨਾ ਦੇ ਆਫਿਸ ’ਚ ਅੱਗਜ਼ਨੀ
ਦੂਜੇ ਪਾਸੇ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ’ਚ ਅੱਜ ਦੁਪਹਿਰ ਕਰੀਬ 1 ਵਜੇ ਪ੍ਰਦਰਸ਼ਨਕਾਰੀਆਂ ਨੇ ਅਵਾਮੀ ਲੀਗ ਮੁੱਖ ਦਫਤਰ ’ਚ ਅੱਗ ਲਾ ਦਿੱਤੀ। ਢਾਕਾ ਟ੍ਰਿਬਿਊਨ ਅਨੁਸਾਰ ਕਰੀਬ 10 ਤੋਂ 15 ਲੋਕਾਂ ਨੇ ਇਮਾਰਤ ਦੀ ਚੌਥੀ ਮੰਜ਼ਿਲ ’ਤੇ ਲੱਕੜੀਆਂ, ਕਾਗਜ਼ ਦੇ ਡੱਬੇ ਅਤੇ ਹੋਰ ਸਾਮਾਨ ਨੂੰ ਇਕੱਠਾ ਕਰਕੇ ਅੱਗ ਲਾ ਦਿੱਤੀ। 5 ਅਗਸਤ ਨੂੰ ਅਵਾਮੀ ਲੀਗ ਸਰਕਾਰ ਦੇ ਡਿੱਗਣ ਤੋਂ ਬਾਅਦ ਇਸੇ ਇਮਾਰਤ ’ਚ ਅੱਗ ਲਾਈ ਗਈ ਸੀ। ਅਵਾਮੀ ਲੀਗ ਨੂੰ ਬੰਗਲਾਦੇਸ਼ ’ਚ ਬੈਨ ਕੀਤਾ ਜਾ ਚੁੱਕਾ ਹੈ।
