ਪਾਕਿਸਤਾਨ 'ਚ ਜੱਜਾਂ ਨੂੰ ਵੀ ਜਾਨ ਦਾ ਖ਼ਤਰਾ, 8 ਨੂੰ ਮਿਲੀਆਂ ਧਮਕੀਆਂ

Wednesday, Apr 03, 2024 - 10:04 AM (IST)

ਪਾਕਿਸਤਾਨ 'ਚ ਜੱਜਾਂ ਨੂੰ ਵੀ ਜਾਨ ਦਾ ਖ਼ਤਰਾ, 8 ਨੂੰ ਮਿਲੀਆਂ ਧਮਕੀਆਂ

ਇਸਲਾਮਾਬਾਦ (ਏ.ਐੱਨ.ਆਈ.)- ਪਾਕਿਸਤਾਨ 'ਚ ਨਾ ਸਿਰਫ ਲੋਕ ਆਪਣੀ ਸੁਰੱਖਿਆ ਨੂੰ ਲੈ ਕੇ ਚਿੰਤਤ ਹਨ,ਸਗੋਂ ਹੁਣ ਉੱਥੋਂ ਦੇ ਜੱਜਾਂ ਦੀ ਜਾਨ ਵੀ ਖ਼ਤਰੇ 'ਚ ਹੈ। ਮੰਗਲਵਾਰ ਨੂੰ ਇੱਕ ਮੀਡੀਆ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਚੀਫ ਜਸਟਿਸ ਆਮਿਰ ਫਾਰੂਕ ਸਮੇਤ ਇਸਲਾਮਾਬਾਦ ਹਾਈ ਕੋਰਟ ਦੇ 8 ਜੱਜਾਂ ਨੂੰ ਧਮਕੀ ਭਰੇ ਪੱਤਰ ਮਿਲੇ ਹਨ। ਇਨ੍ਹਾਂ ਪੱਤਰਾਂ ਵਿਚ ਕੁੱਝ ਸ਼ੱਕੀ ਪਾਊਡਰ ਵੀ ਸੀ। ਤੁਹਾਨੂੰ ਇਹ ਵੀ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਪਾਕਿਸਤਾਨ ਦੀਆਂ ਸ਼ਕਤੀਸ਼ਾਲੀ ਖੁਫੀਆ ਏਜੰਸੀਆਂ ਵੱਲੋਂ ਨਿਆਂਇਕ ਮਾਮਲਿਆਂ ਵਿੱਚ ਦਖਲ ਦੇਣ ਦੇ ਦੋਸ਼ ਲੱਗ ਚੁੱਕੇ ਹਨ। ਇਸ ਘਟਨਾ ਤੋਂ ਬਾਅਦ ਜੱਜਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਵਧ ਗਈਆਂ ਹਨ। ਇਸ ਤੋਂ ਪਹਿਲਾਂ ਇਸਲਾਮਾਬਾਦ ਹਾਈ ਕੋਰਟ ਦੇ ਛੇ ਜੱਜਾਂ ਵੱਲੋਂ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਕਾਜ਼ੀ ਫੈਇਸ ਈਸਾ ਨੂੰ ਇੱਕ ਪੱਤਰ ਲਿਖਿਆ ਗਿਆ ਸੀ, ਜਿਸ ਵਿੱਚ ਉਨ੍ਹਾਂ ਨੇ ਦੇਸ਼ ਦੀਆਂ ਖੁਫ਼ੀਆ ਏਜੰਸੀਆਂ ਵੱਲੋਂ ਨਿਆਂਇਕ ਮਾਮਲਿਆਂ ਵਿੱਚ ਦਖ਼ਲਅੰਦਾਜ਼ੀ ਦੀ ਸ਼ਿਕਾਇਤ ਕੀਤੀ ਸੀ। ਪੱਤਰ ਮਿਲਣ ਦੀ ਪੁਸ਼ਟੀ ਕਰਦਿਆਂ ਇਸਲਾਮਾਬਾਦ ਹਾਈ ਕੋਰਟ ਦੇ ਚੀਫ਼ ਜਸਟਿਸ ਫਾਰੂਕ ਨੇ ਇਕ ਮਾਮਲੇ ਦੀ ਸੁਣਵਾਈ ਦੇ ਦੌਰਾਨ ਕਿਹਾ ਕਿ ਇਸ ਘਟਨਾ ਦੇ ਕਾਰਣ ਦਿਨ ਦੀ ਸੁਣਵਾਈ ਵਿਚ ਦੇਰੀ ਹੋਈ। ਨਿਆਂਇਕ ਸੂਤਰਾਂ ਨੇ ਦੱਸਿਆ ਕਿ ਜਦੋਂ 2 ਜੱਜਾਂ ਦੇ ਮੁਲਾਜ਼ਮਾਂ ਨੇ ਪੱਤਰ ਖੋਲ੍ਹੇ ਤਾਂ ਉਨ੍ਹਾਂ ਨੂੰ ਅੰਦਰ ਪਾਊਡਰ ਮਿਲਿਆ ਅਤੇ ਬਾਅਦ ਵਿਚ ਉਨ੍ਹਾਂ ਨੂੰ ਅੱਖਾਂ ’ਚ ਜਲਣ ਮਹਿਸੂਸ ਹੋਈ। ਸਾਵਧਾਨੀ ਵਜੋਂ ਪ੍ਰਭਾਵਿਤ ਜੱਜਾਂ ਨੇ ਸੈਨੀਟਾਈਜ਼ਰ ਦੀ ਵਰਤੋਂ ਕਰਕੇ ਆਪਣੇ ਹੱਥ ਧੋਤੇ।

ਇਹ ਵੀ ਪੜ੍ਹੋ: ਇਹ ਹੈ ਦੁਨੀਆ ਦੀ ਸਭ ਤੋਂ ਮਹਿੰਗੀ ਗਾਂ, 40 ਕਰੋੜ ਰੁਪਏ ’ਚ ਹੋਈ ਨੀਲਾਮ, ਭਾਰਤ ਨਾਲ ਹੈ ਖ਼ਾਸ ਸਬੰਧ

ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਇਸਲਾਮਾਬਾਦ ਪੁਲਸ ਦੇ ਇੰਸਪੈਕਟਰ ਜਨਰਲ ਅਤੇ ਸੁਰੱਖਿਆ ਦੇ ਡਿਪਟੀ ਇੰਸਪੈਕਟਰ ਜਨਰਲ ਨੂੰ ਤਲਬ ਕੀਤਾ ਗਿਆ। ਇਸਲਾਮਾਬਾਦ ਪੁਲਸ ਦੇ ਮਾਹਿਰਾਂ ਦੀ ਟੀਮ ਸ਼ੱਕੀ ਪਾਊਡਰ ਦੀ ਜਾਂਚ ਲਈ ਤੁਰੰਤ ਇਸਲਾਮਾਬਾਦ ਹਾਈ ਕੋਰਟ ਪਹੁੰਚੀ। ਪੱਤਰ ਕਈ ਜੱਜਾਂ ਨੂੰ ਸੰਬੋਧਿਤ ਸਨ ਜਿਸ ਨਾਲ ਨਿਆਪਾਲਿਕਾ ਦੀ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਵਧ ਗਈਆਂ ਹਨ। ਸ਼ੱਕੀ ਪੱਤਰਾਂ ਨੂੰ ਅਗਲੇਰੀ ਜਾਂਚ ਲਈ ਅੱਤਵਾਦ ਰੋਕੂ ਵਿਭਾਗ (ਸੀ.ਟੀ.ਡੀ.) ਨੂੰ ਸੌਂਪ ਦਿੱਤਾ ਗਿਆ ਹੈ। ਇਹ ਪਤਾ ਲੱਗਾ ਹੈ ਕਿ ਇਹ ਪੱਤਰ ‘ਰੇਸ਼ਮ’ ਨਾਂ ਦੀ ਔਰਤ ਅਤੇ ਵਕਾਰ ਹੁਸੈਨ ਦੀ ਪਤਨੀ ਵੱਲੋਂ ਲਿਖੇ ਗਏ ਹਨ ਪਰ ਉਸ ਨੇ ਆਪਣਾ ਪਤਾ ਨਹੀਂ ਲਿਖਿਆ ਹੈ। ਇਹ ਘਟਨਾ ਚੀਫ਼ ਜਸਟਿਸ ਈਸਾ ਵੱਲੋਂ ਖੁਫ਼ੀਆ ਏਜੰਸੀਆਂ ਦੀ ਦਖ਼ਲਅੰਦਾਜ਼ੀ ਬਾਰੇ ਜੱਜਾਂ ਦੇ ਪੱਤਰ ’ਤੇ ਖ਼ੁਦ ਨੋਟਿਸ ਲੈ ਕੇ ਕਾਰਵਾਈ ਆਯੋਜਿਤ ਕਰਨ ਦੇ ਐਲਾਨ ਦੇ ਠੀਕ ਇਕ ਦਿਨ ਬਾਅਦ ਹੋਈ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ: ਨਾਈਟ ਕਲੱਬ 'ਚ ਅੱਗ ਲੱਗਣ ਕਾਰਨ 25 ਲੋਕਾਂ ਦੀ ਦਰਦਨਾਕ ਮੌਤ, ਕਈ ਝੁਲਸੇ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 


author

cherry

Content Editor

Related News