ਹੂਤੀ ਬਾਗ਼ੀਆਂ ਦੇ ਹਮਲਿਆਂ ਵਿਚਾਲੇ ਸਾਊਦੀ ਅਰਬ ਨੂੰ ਫ਼ੌਜੀ ਮਦਦ ਦੇਵੇਗਾ ਮਿਸਰ, ਸੰਸਦ ਨੇ ਦਿੱਤੀ ਹਰੀ ਝੰਡੀ
Tuesday, Oct 27, 2026 - 12:28 AM (IST)
ਕਾਹਿਰਾ : ਮਿਸਰ ਦੀ ਸੰਸਦ ਨੇ ਰਾਸ਼ਟਰਪਤੀ ਅਬਦੇਲ ਫ਼ਤਿਹ ਅਲ-ਸੀਸੀ ਨੂੰ ਸਾਊਦੀ ਅਰਬ ਦੀ ਸੁਰੱਖਿਆ ਲਈ ਜ਼ਰੂਰੀ ਫ਼ੌਜੀ ਕਦਮ ਚੁੱਕਣ ਅਤੇ ਮਿਲਟਰੀ ਸਪੋਰਟ ਦੇਣ ਦੀ ਮਨਜ਼ੂਰੀ ਦੇ ਦਿੱਤੀ ਹੈ। ਯਮਨ ਦੇ ਈਰਾਨ-ਸਮਰਥਿਤ ਹੂਤੀ ਬਾਗ਼ੀਆਂ ਵੱਲੋਂ ਸਾਊਦੀ ਅਰਬ 'ਤੇ ਕੀਤੇ ਜਾ ਰਹੇ ਮਿਜ਼ਾਈਲ ਹਮਲਿਆਂ ਦੇ ਮੱਦੇਨਜ਼ਰ ਰਾਸ਼ਟਰਪਤੀ ਸੀਸੀ ਨੇ ਆਪਣੇ ਖਾੜੀ ਸਹਿਯੋਗੀ ਦੇਸ਼ ਅਤੇ ਦੁਨੀਆ ਦੇ ਸਭ ਤੋਂ ਵੱਡੇ ਤੇਲ ਨਿਰਯਾਤਕ ਦੀ ਰੱਖਿਆ ਲਈ ਸੰਸਦ ਤੋਂ ਫ਼ੌਜੀ ਮਦਦ ਦੀ ਇਜਾਜ਼ਤ ਮੰਗੀ ਸੀ।
ਰਿਪੋਰਟਾਂ ਅਨੁਸਾਰ, ਮਿਸਰ ਦੀ ਸੰਸਦ ਦੇ ਘੱਟੋ-ਘੱਟ ਦੋ-ਤਿਹਾਈ ਮੈਂਬਰਾਂ ਨੇ ਇਸ ਪ੍ਰਸਤਾਵ ਦਾ ਸਮਰਥਨ ਕੀਤਾ ਹੈ। ਹਾਲਾਂਕਿ ਮਿਸਰ ਪਹਿਲਾਂ ਵੀ ਖਾੜੀ ਦੇਸ਼ਾਂ 'ਤੇ ਹੋਣ ਵਾਲੇ ਹਮਲਿਆਂ ਦੀ ਨਿੰਦਾ ਕਰਦਾ ਰਿਹਾ ਹੈ, ਪਰ ਇਹ ਪਹਿਲੀ ਵਾਰ ਹੈ ਜਦੋਂ ਉਸ ਨੇ ਸਾਊਦੀ ਅਰਬ ਨੂੰ ਸਿੱਧੀ ਫ਼ੌਜੀ ਮਦਦ ਦੇਣ ਦਾ ਫੈਸਲਾ ਕੀਤਾ ਹੈ।
ਮਿਸਰ ਦੇ ਵਿਦੇਸ਼ ਮੰਤਰੀ ਬਦਰ ਅਬਦੇਲਾਤੀ ਅਤੇ ਖੁਫ਼ੀਆ ਮੁਖੀ ਹਸਨ ਰਸ਼ਾਦ ਨੇ ਰਿਆਧ ਜਾ ਕੇ ਸਾਊਦੀ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੂੰ ਰਾਸ਼ਟਰਪਤੀ ਸੀਸੀ ਦਾ ਇੱਕ ਪੱਤਰ ਸੌਂਪਿਆ ਸੀ। ਇਸ ਪੱਤਰ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਮਿਸਰ ਦੀ ਫ਼ੌਜੀ ਮਦਦ ਕੇਵਲ ਸਾਊਦੀ ਅਰਬ ਦੀ ਖੇਤਰੀ ਸੀਮਾ (ਬਾਰਡਰ) ਦੀ ਰੱਖਿਆ ਤੱਕ ਹੀ ਸੀਮਤ ਰਹੇਗੀ ਅਤੇ ਮਿਸਰ ਯਮਨ 'ਤੇ ਹਮਲਾ ਕਰਨ ਦੀ ਕਿਸੇ ਕਾਰਵਾਈ ਵਿੱਚ ਸ਼ਾਮਲ ਨਹੀਂ ਹੋਵੇਗਾ।
ਇਸੇ ਵਿਚਾਲੇ ਯਮਨ ਦੇ ਹੂਤੀ ਬਾਗ਼ੀਆਂ ਨੇ ਸਾਊਦੀ ਅਰਬ ਦੀ ਰਾਜਧਾਨੀ ਰਿਆਧ ਦੇ ਕਿੰਗ ਖਾਲਿਦ ਅੰਤਰਰਾਸ਼ਟਰੀ ਹਵਾਈ ਅੱਡੇ ਅਤੇ ਦੋ ਫ਼ੌਜੀ ਅੱਡਿਆਂ 'ਤੇ ਬੈਲਿਸਟਿਕ ਮਿਜ਼ਾਈਲਾਂ ਨਾਲ ਹਮਲਾ ਕਰਨ ਦਾ ਦਾਅਵਾ ਕੀਤਾ ਹੈ। ਹੂਤੀ ਦੇ ਫ਼ੌਜੀ ਬੁਲਾਰੇ ਯਾਹਿਆ ਸਰੀ ਅਨੁਸਾਰ ਵੱਖ-ਵੱਖ ਫ਼ੌਜੀ ਅਭਿਆਨਾਂ ਤਹਿਤ ਦਰਜਨਾਂ ਬੈਲਿਸਟਿਕ ਮਿਜ਼ਾਈਲਾਂ ਦਾਗ਼ੀਆਂ ਗਈਆਂ ਸਨ।
