ਕੈਨੇਡਾ : ਅਡਮਿੰਟਨ 'ਚ ਵੱਜੀ ਖ਼ਤਰੇ ਦੀ ਘੰਟੀ, ਕੋਰੋਨਾ ਦੇ ਕਿਰਿਆਸ਼ੀਲ ਮਾਮਲੇ ਤੋੜ ਰਹੇ ਰਿਕਾਰਡ
Wednesday, Oct 07, 2020 - 01:19 PM (IST)
ਅਡਮਿੰਟਨ- ਕੈਨੇਡਾ ਦੇ ਅਡਮਿੰਟਨ ਜ਼ੋਨ ਵਿਚ ਕੋਰੋਨਾ ਵਾਇਰਸ ਦੇ ਕਿਰਿਆਸ਼ੀਲ ਮਾਮਲੇ ਰਿਕਾਰਡ ਤੋੜ ਰਹੇ ਹਨ। ਇੱਥੇ ਲਗਾਤਾਰ ਕਿਰਿਆਸ਼ੀਲ ਮਾਮਲੇ ਵੱਧਦੇ ਜਾ ਰਹੇ ਹਨ। ਅਲਬਰਟਾ ਸੂਬੇ ਵਿਚ 1900 ਕਿਰਿਆਸ਼ੀਲ ਮਾਮਲੇ ਹਨ ਪਰ ਇਨ੍ਹਾਂ ਵਿਚੋਂ 1,063 ਮਾਮਲੇ ਅਡਮਿੰਟਨ ਜ਼ੋਨ ਵਿਚੋਂ ਹੀ ਹਨ।
ਸੋਮਵਾਰ ਨੂੰ ਮੁੱਖ ਮੈਡੀਕਲ ਅਧਿਕਾਰੀ ਡਾਕਟਰ ਡੀਨਾ ਹੀਨਸ਼ਾਅ ਨੇ ਕਿਹਾ ਕਿ ਅਡਮਿੰਟਨ ਵਿਚ ਕੋਰੋਨਾ ਦੇ ਵੱਧਦੇ ਮਾਮਲਿਆਂ ਕਾਰਨ ਖ਼ਤਰੇ ਵੱਧਦੇ ਜਾ ਰਹੇ ਹਨ। ਇਸ ਨੂੰ ਕੰਟਰੋਲ ਕਰਨ ਲਈ ਪਾਬੰਦੀਆਂ ਨੂੰ ਹੋਰ ਸਖ਼ਤ ਕਰਨਾ ਪਵੇਗਾ ਅਤੇ ਲੋਕਾਂ ਦੇ ਇਕੱਠੇ ਹੋਣ ਦੀ ਗਿਣਤੀ ਵੀ ਘਟਾਈ ਜਾ ਸਕਦੀ ਹੈ।
ਸੂਬੇ ਦੇ ਮੁੱਖ ਮੰਤਰੀ ਜੈਸਨ ਕੈਨੀ ਨੇ ਕਿਹਾ ਕਿ ਉਹ ਜਲਦੀ ਹੀ ਸਿਹਤ ਮੰਤਰੀ ਨਾਲ ਮਿਲ ਕੇ ਪਾਬੰਦੀਆਂ ਵਿਚ ਸਖ਼ਤਾਈ 'ਤੇ ਵਿਚਾਰ ਕਰ ਸਕਦੇ ਹਨ। ਇਸ ਸਮੇਂ ਸੂਬੇ ਵਿਚ 61 ਲੋਕ ਹਸਪਤਾਲ ਵਿਚ ਦਾਖਲ ਹਨ। ਦੱਸ ਦਈਏ ਕਿ ਸੂਬੇ ਅਲਬਰਟਾ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 19,211 ਹੋ ਚੁੱਕੀ ਹੈ ਤੇ ਹੁਣ ਤੱਕ 281 ਲੋਕਾਂ ਦੀ ਮੌਤ ਹੋ ਚੁੱਕੀ ਹੈ।