ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ ''ਚ ਕੈਨੇਡਾ ਪੁਲਸ ਨੇ ਫੜੇ ਦੋ ਪੰਜਾਬੀ

08/27/2020 1:54:38 PM

ਕੈਲਗਰੀ- ਕੈਨੇਡਾ ਵਿਚ ਦੋ ਪੰਜਾਬੀਆਂ ਨੂੰ ਨਸ਼ਾ ਤਸਕਰੀ ਦੇ ਦੋਸ਼ ਵਿਚ ਹਿਰਾਸਤ ਵਿਚ ਲਿਆ ਗਿਆ ਹੈ। ਇਨ੍ਹਾਂ ਵਿਚੋਂ ਇਕ ਐਡਮਿੰਟਨ ਅਤੇ ਦੂਜਾ ਲੇਡੁਕ ਦਾ ਰਹਿਣ ਵਾਲਾ ਹੈ। ਦੱਖਣੀ ਅਲਬਰਟਾ ਦੇ ਸ਼ਹਿਰ ਲੈਥਬ੍ਰਿਜ ਤੋਂ ਇਨ੍ਹਾਂ ਦੋਹਾਂ ਨੂੰ ਨਸ਼ੀਲੇ ਪਦਾਰਥਾਂ ਸਣੇ ਹਿਰਾਸਤ ਵਿਚ ਲਿਆ ਗਿਆ ਹੈ। 

ਐਡਮਿੰਟਨ ਨਿਵਾਸੀ 24 ਸਾਲਾ ਅਜੀਤ ਸਿੰਘ ਕਾਹਲੋਂ ਅਤੇ ਲੇਡੁਕ ਨਿਵਾਸੀ 18 ਸਾਲਾ ਸੁਮਰਥ ਸਿੰਘ ਬਿੰਦਰਾ 'ਤੇ ਦੋ-ਦੋ ਦੋਸ਼ ਲੱਗੇ ਹਨ। ਪੁਲਸ ਵਲੋਂ ਗਰਮੀਆਂ ਦੀ ਸ਼ੁਰੂਆਤ ਤੋਂ ਹੀ ਇਸ ਮਾਮਲੇ ਸਬੰਧੀ ਜਾਂਚ ਕੀਤੀ ਜਾ ਰਹੀ ਸੀ ਤੇ ਮੰਗਲਵਾਰ ਨੂੰ ਪੁਲਸ ਨੇ ਇਨ੍ਹਾਂ ਨੂੰ ਟਰੈਫਿਕ ਸਟਾਪ ਤੋਂ ਹਿਰਾਸਤ ਵਿਚ ਲਿਆ।

ਪੁਲਸ ਨੇ ਇਨ੍ਹਾਂ ਦੇ ਵਾਹਨ ਦੀ ਤਲਾਸ਼ੀ ਦੌਰਾਨ ਵੱਡੀ ਮਾਤਰਾ ਵਿਚ ਮੀਥੇਮਫੇਟਾਮਾਈਨ ਅਤੇ ਕੋਕੀਨ ਫੜੀ ਹੈ, ਜਿਨ੍ਹਾਂ ਦੀ ਬਾਜ਼ਾਰ ਵਿਚ ਕੀਮਤ ਲਗਭਗ 5,100 ਡਾਲਰ ਹੈ। ਇਸ ਦੇ ਨਾਲ ਹੀ ਦੋਹਾਂ ਕੋਲੋਂ 7600 ਡਾਲਰ ਦੀ ਨਕਦੀ ਵੀ ਫੜੀ ਗਈ ਹੈ। ਪੁਲਸ ਵਲੋਂ ਉਨ੍ਹਾਂ ਦਾ ਵਾਹਨ ਵੀ ਜ਼ਬਤ ਕਰ ਲਿਆ ਗਿਆ ਹੈ ਅਤੇ ਇਕ ਹੋਰ ਸ਼ੱਕੀ ਦੀ ਭਾਲ ਕੀਤੀ ਜਾ ਰਹੀ ਹੈ । ਦੱਸਿਆ ਜਾ ਰਿਹਾ ਹੈ ਕਿ ਦੋਹਾਂ ਨੂੰ 24 ਸਤੰਬਰ ਨੂੰ ਅਦਾਲਤ ਸਾਹਮਣੇ ਪੇਸ਼ ਕੀਤਾ ਜਾਣਾ ਹੈ। ਇਹ ਖਬਰ ਅਜਿਹੇ ਸਮੇਂ ਆਈ ਹੈ ਜਦ ਬ੍ਰਿਟਿਸ਼ ਕੋਲੰਬੀਆ ਸੂਬੇ ਨੇ ਆਪਣੀ ਰਿਪੋਰਟ ਵਿਚ ਦੱਸਿਆ ਕਿ ਸਾਲ 2020 ਦੇ ਪਹਿਲੇ 7 ਮਹੀਨਿਆਂ ਦੌਰਾਨ ਇੱਥੇ ਨਸ਼ਿਆਂ ਦੀ ਓਵਰਡੋਜ਼ ਕਾਰਨ 900 ਤੋਂ ਵੱਧ ਲੋਕਾਂ ਦੀ ਜਾਨ ਜਾ ਚੁੱਕੀ ਹੈ। 


Lalita Mam

Content Editor

Related News