IT ਖ਼ਰਾਬੀ ਕਾਰਨ ਸਾਰੀਆਂ ਉਡਾਣਾਂ ਰੱਦ! ਹੁਣ ਇਸ ਏਅਰਪੋਰਟ 'ਤੇ ਖੱਜਲ ਹੋ ਰਹੇ ਮੁਸਾਫ਼ਰ
Friday, Dec 05, 2025 - 04:42 PM (IST)
ਵੈੱਬ ਡੈਸਕ : ਭਾਰਤ 'ਚ ਆਈ ਦਿੱਕਤ ਤੋਂ ਬਾਅਦ ਹੁਣ ਐਡਿਨਬਰਗ ਵਿੱਚ ਵੀ ਹਵਾਈ ਉਡਾਣਾਂ ਦੇ ਸੰਚਾਲਨ ਵਿੱਚ ਭਾਰੀ ਮੁਸ਼ਕਲ ਆ ਗਈ ਹੈ। ਤਾਜ਼ਾ ਜਾਣਕਾਰੀ ਅਨੁਸਾਰ, ਸਕਾਟਲੈਂਡ ਦੇ ਸਭ ਤੋਂ ਰੁਝੇਵੇਂ ਵਾਲੇ ਹਵਾਈ ਅੱਡੇ, ਐਡਿਨਬਰਗ ਏਅਰਪੋਰਟ 'ਤੇ ਸਾਰੀਆਂ ਉਡਾਣਾਂ ਅਚਾਨਕ ਰੋਕ ਦਿੱਤੀਆਂ ਗਈਆਂ ਹਨ।
ਸ਼ੁਰੂਆਤੀ ਜਾਣਕਾਰੀ ਤੋਂ ਪਤਾ ਚੱਲਿਆ ਹੈ ਕਿ ਇਨ੍ਹਾਂ ਉਡਾਣਾਂ ਨੂੰ ਆਈ.ਟੀ. (IT) ਸਮੱਸਿਆ ਕਾਰਨ ਰੱਦ ਕੀਤਾ ਗਿਆ ਹੈ। ਆਈ.ਟੀ. ਵਿੱਚ ਆਈ ਇਸ ਖਰਾਬੀ ਕਾਰਨ ਐਡਿਨਬਰਗ ਦੀ ਹਵਾਈ ਆਵਾਜਾਈ ਕੰਟਰੋਲ ਪ੍ਰਣਾਲੀ (Air Traffic Control Systems) ਪ੍ਰਭਾਵਿਤ ਹੋਈ ਹੈ। ਹਵਾਈ ਯਾਤਰੀਆਂ ਦੀਆਂ ਮੁਸ਼ਕਲਾਂ ਇਸ ਵਿਘਨ ਕਾਰਨ ਵੱਧ ਗਈਆਂ ਹਨ ਅਤੇ ਉਨ੍ਹਾਂ ਨੂੰ ਭਾਰੀ ਦੇਰੀ ਅਤੇ ਲੰਮੀ ਉਡੀਕ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ, ਇਹ ਵਿਘਨ ਫਿਲਹਾਲ ਸਿਰਫ ਐਡਿਨਬਰਗ ਹਵਾਈ ਅੱਡੇ ਤੱਕ ਹੀ ਸੀਮਤ ਜਾਪਦਾ ਹੈ।
ਹਵਾਈ ਅੱਡੇ ਦੇ ਬੁਲਾਰੇ ਨੇ ਦੱਸਿਆ ਕਿ ਟੀਮਾਂ ਇਸ ਸਮੱਸਿਆ 'ਤੇ ਕੰਮ ਕਰ ਰਹੀਆਂ ਹਨ ਅਤੇ ਇਸ ਨੂੰ ਜਲਦ ਤੋਂ ਜਲਦ ਠੀਕ ਕਰ ਦਿੱਤਾ ਜਾਵੇਗਾ। ਯਾਤਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਆਪਣੀਆਂ ਉਡਾਣਾਂ ਦੀ ਤਾਜ਼ਾ ਜਾਣਕਾਰੀ ਲਈ ਸਿੱਧੇ ਆਪਣੀਆਂ ਏਅਰਲਾਈਨਾਂ ਨਾਲ ਸੰਪਰਕ ਕਰਨ। ਇਹ ਆਈ.ਟੀ. ਖਰਾਬੀ ਸ਼ੁੱਕਰਵਾਰ ਸਵੇਰੇ ਹਵਾਈ ਆਵਾਜਾਈ ਕੰਟਰੋਲ ਵਿੱਚ ਆਈ ਸੀ।
