ਗਲਾਸਗੋ ਸੈਂਟਰਲ ਸਟੇਸ਼ਨ ਨੇੜੇ ਅੱਗ ਦਾ ਤਾਂਡਵ: 173 ਸਾਲ ਪੁਰਾਣੀ ਇਤਿਹਾਸਕ ਇਮਾਰਤ ਸੁਆਹ, ਟ੍ਰੇਨਾਂ ਰੱਦ
Monday, Mar 09, 2026 - 07:40 AM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) : ਸਕਾਟਲੈਂਡ ਦੇ ਸਭ ਤੋਂ ਵਿਅਸਤ ਰੇਲਵੇ ਸਟੇਸ਼ਨ, ਗਲਾਸਗੋ ਸੈਂਟਰਲ ਦੇ ਨੇੜੇ ਐਤਵਾਰ ਰਾਤ ਨੂੰ ਭਿਆਨਕ ਅੱਗ ਲੱਗਣ ਕਾਰਨ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਇਸ ਅੱਗ ਦੀ ਲਪੇਟ ਵਿੱਚ ਆਉਣ ਕਾਰਨ ਯੂਨੀਅਨ ਸਟ੍ਰੀਟ 'ਤੇ ਸਥਿਤ ਇੱਕ ਇਤਿਹਾਸਕ ਵਿਕਟੋਰੀਅਨ ਇਮਾਰਤ (B-listed) ਦਾ ਇੱਕ ਹਿੱਸਾ ਪੂਰੀ ਤਰ੍ਹਾਂ ਢਹਿ ਗਿਆ। ਹਾਲਾਂਕਿ, ਰਾਹਤ ਦੀ ਗੱਲ ਇਹ ਰਹੀ ਕਿ ਇਸ ਹਾਦਸੇ ਵਿੱਚ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।

ਵੇਪ ਦੀ ਦੁਕਾਨ ਤੋਂ ਸ਼ੁਰੂ ਹੋਈ ਅੱਗ
ਜਾਣਕਾਰੀ ਅਨੁਸਾਰ, ਅੱਗ ਐਤਵਾਰ ਦੁਪਹਿਰ ਕਰੀਬ 3:45 ਵਜੇ ਯੂਨੀਅਨ ਸਟ੍ਰੀਟ 'ਤੇ ਸਥਿਤ ਇੱਕ ਵੇਪ (vape) ਦੀ ਦੁਕਾਨ ਤੋਂ ਸ਼ੁਰੂ ਹੋਈ ਸੀ। ਦੇਖਦੇ ਹੀ ਦੇਖਦੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਅਤੇ ਪੂਰੀ ਇਮਾਰਤ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਅੱਗ ਇੰਨੀ ਜ਼ਬਰਦਸਤ ਸੀ ਕਿ ਰਾਤ ਹੁੰਦੇ-ਹੁੰਦੇ ਇਮਾਰਤ ਦਾ ਉਪਰਲਾ ਹਿੱਸਾ ਅਤੇ ਗੁੰਬਦ ਡਿੱਗ ਗਏ।

60 ਤੋਂ ਵੱਧ ਫਾਇਰ ਫਾਈਟਰਜ਼ ਨੇ ਮੋਰਚਾ ਸੰਭਾਲਿਆ
ਘਟਨਾ ਦੀ ਸੂਚਨਾ ਮਿਲਦੇ ਹੀ ਸਕਾਟਿਸ਼ ਫਾਇਰ ਐਂਡ ਰੈਸਕਿਊ ਸਰਵਿਸ ਦੀਆਂ 15 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ 60 ਤੋਂ ਵੱਧ ਕਰਮਚਾਰੀ ਮੌਕੇ 'ਤੇ ਪਹੁੰਚ ਗਏ। ਅੱਗ 'ਤੇ ਕਾਬੂ ਪਾਉਣ ਲਈ ਉੱਚੀਆਂ ਕਰੇਨਾਂ ਅਤੇ ਵਿਸ਼ੇਸ਼ ਸਾਜ਼ੋ-ਸਾਮਾਨ ਦੀ ਵਰਤੋਂ ਕੀਤੀ ਗਈ। ਪੁਲਸ ਨੇ ਸੁਰੱਖਿਆ ਦੇ ਮੱਦੇਨਜ਼ਰ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਹੈ ਅਤੇ ਲੋਕਾਂ ਨੂੰ ਖਿੜਕੀਆਂ ਬੰਦ ਰੱਖਣ ਤੇ ਇਲਾਕੇ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਹੈ।
🚨🏴 BREAKING: Huge fire erupts near Glasgow Central Station after an explosion at a vape shop on Union Street.
— Nova Intel (@intel_nova) March 8, 2026
Large emergency response on scene, area locked down and the station closed. pic.twitter.com/D9bpSNI6KS
ਰੇਲ ਸੇਵਾਵਾਂ ਅਤੇ ਕਾਰੋਬਾਰ ਪ੍ਰਭਾਵਿਤ
ਅੱਗ ਕਾਰਨ ਗਲਾਸਗੋ ਸੈਂਟਰਲ ਸਟੇਸ਼ਨ ਨੂੰ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤਾ ਗਿਆ ਹੈ। ਸੋਮਵਾਰ ਨੂੰ ਕੋਈ ਵੀ ਰੇਲ ਗੱਡੀ ਸਟੇਸ਼ਨ ਦੇ 'ਹਾਈ ਲੈਵਲ' ਤੋਂ ਨਹੀਂ ਚੱਲੇਗੀ, ਜਿਸ ਕਾਰਨ ਹਜ਼ਾਰਾਂ ਮੁਸਾਫਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਵਾਂਟੀ ਵੈਸਟ ਕੋਸਟ ਅਤੇ ਹੋਰ ਰੇਲ ਕੰਪਨੀਆਂ ਨੇ ਯਾਤਰੀਆਂ ਨੂੰ ਬਦਲਵੇਂ ਰੂਟਾਂ ਦੀ ਵਰਤੋਂ ਕਰਨ ਲਈ ਕਿਹਾ ਹੈ। ਇਸ ਤੋਂ ਇਲਾਵਾ, ਇਮਾਰਤ ਵਿੱਚ ਸਥਿਤ 'ਵਿਲੋ ਹੇਅਰ ਸੈਲੂਨ' (Willow hair salon) ਅਤੇ ਕਈ ਹੋਰ ਕਾਰੋਬਾਰ ਪੂਰੀ ਤਰ੍ਹਾਂ ਬਰਬਾਦ ਹੋ ਗਏ ਹਨ। ਨੇੜਲੇ 'ਵੋਕੋ ਗ੍ਰੈਂਡ ਸੈਂਟਰਲ ਹੋਟਲ' ਨੂੰ ਵੀ ਸੁਰੱਖਿਆ ਕਾਰਨਾਂ ਕਰਕੇ ਖਾਲੀ ਕਰਵਾ ਲਿਆ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
