ਇਕਵਾਡੋਰ ਦੇ ਸਾਬਕਾ ਰਾਸ਼ਟਰਪਤੀ ਨੂੰ 8 ਸਾਲ ਦੀ ਜੇਲ, 25 ਸਾਲ ਲਈ ਇਹ ਬੈਨ ਵੀ ਲੱਗਾ

Wednesday, Apr 08, 2020 - 12:04 PM (IST)

ਇਕਵਾਡੋਰ ਦੇ ਸਾਬਕਾ ਰਾਸ਼ਟਰਪਤੀ ਨੂੰ 8 ਸਾਲ ਦੀ ਜੇਲ, 25 ਸਾਲ ਲਈ ਇਹ ਬੈਨ ਵੀ ਲੱਗਾ

ਇਕਵਾਡੋਰ-  ਇਕਵਾਡੋਰ ਦੇ ਸਾਬਕਾ ਰਾਸ਼ਟਰਪਤੀ ਰਾਫੇਲ ਕੋਰੇਆ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ 8 ਸਾਲਾਂ ਲਈ ਜੇਲ ਦੀ ਸਜ਼ਾ ਸੁਣਾਈ ਗਈ ਹੈ। ਇਸ ਤੋਂ ਇਲਾਵਾ ਉਹ 25 ਸਾਲ ਤਕ ਕਿਸੇ ਵੀ ਪਾਰਟੀ ਵਲੋਂ ਚੋਣ ਨਹੀਂ ਲੜ ਸਕਦੇ ਤੇ ਨਾ ਹੀ ਕਿਸੇ ਤਰ੍ਹਾਂ ਦਾ ਚੋਣ ਪ੍ਰਚਾਰ ਕਰ ਸਕਦੇ ਹਨ। 

ਇਕਵਾਡੋਰ ਦੀ ਉੱਚ ਅਦਾਲਤ ਨੇ ਸਾਬਕਾ ਰਾਸ਼ਟਰਪਤੀ ਸਣੇ 19 ਲੋਕਾਂ ਨੂੰ 7.5 ਮਿਲੀਅਨ ਡਾਲਰ ਦੀ ਰਿਸ਼ਵਤ ਲੈਣ ਦੇ ਦੋਸ਼ੀ ਪਾਇਆ ਹੈ ਤੇ ਸਜ਼ਾ ਸੁਣਾਈ ਹੈ। ਦੋਸ਼ ਹੈ ਕਿ ਉਨ੍ਹਾਂ ਨੇ ਰਿਸ਼ਵਤ ਲੈ ਕੇ ਕੁਝ ਗਿਣੇ-ਚੁਣੇ ਲੋਕਾਂ ਨੂੰ 2012-2016 ਵਿਚਕਾਰ ਸਰਕਾਰੀ ਠੇਕੇ ਦਿੱਤੇ ਸਨ ਤੇ ਮੋਟੀ ਰਿਸ਼ਵਤ ਖਾਧੀ ਸੀ। ਇਸ ਵਿਚ ਸਾਬਕਾ ਉਪ-ਰਾਸ਼ਟਰਪਤੀ ਜੋਰਜ ਗਲਾਸ ਦਾ ਨਾਂ ਵੀ ਹੈ, ਜੋ ਪਹਿਲਾਂ ਹੀ ਰਿਸ਼ਵਤ ਲੈਣ ਦੇ ਦੋਸ਼ ਤਹਿਤ 6 ਸਾਲ ਦੀ ਸਜ਼ਾ ਭੁਗਤ ਰਹੇ ਹਨ। ਸਾਬਕਾ ਰਾਸ਼ਟਰਪਤੀ ਰਾਫੇਲ ਨੇ 10 ਸਾਲ 2007 ਤੋਂ 2017 ਤਕ ਇਕਵਾਡੋਰ 'ਤੇ ਰਾਜ ਕੀਤਾ। 2013 ਵਿਚ ਰਾਸ਼ਟਰਪਤੀ ਚੋਣਾਂ ਦੇ ਪ੍ਰਚਾਰ ਲਈ ਉਨ੍ਹਾਂ ਨੇ ਪ੍ਰਾਈਵੇਟ ਕਾਰੋਬਾਰੀਆਂ ਕੋਲੋਂ ਰਿਸ਼ਵਤ ਲਈ ਸੀ ਤੇ ਉਨ੍ਹਾਂ ਨੂੰ ਕਿਹਾ ਸੀ ਕਿ ਸੱਤਾ ਵਿਚ ਆਉਣ 'ਤੇ ਉਹ ਉਨ੍ਹਾਂ ਨੂੰ ਸਰਕਾਰੀ ਠੇਕੇ ਦਿਵਾਉਣਗੇ। ਪਹਿਲਾਂ ਤਾਂ ਰਾਫੇਲ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕਰਦੇ ਰਹੇ ਕਿ ਉਨ੍ਹਾਂ ਨੇ ਕੋਈ ਰਿਸ਼ਵਤ ਲਈ ਹੈ ਅਤੇ ਕਹਿੰਦੇ ਰਹੇ ਕਿ ਉਨ੍ਹਾਂ 'ਤੇ ਇਹ ਦੋਸ਼ ਰਾਜਨੀਤਕ ਹਨ ਪਰ ਉੱਚ ਅਦਾਲਤ ਨੇ ਉਨ੍ਹਾਂ ਨੂੰ ਦੋਸ਼ੀ ਠਹਿਰਾਇਆ ਤੇ ਸਜ਼ਾ ਸੁਣਾਈ।

ਜ਼ਿਕਰਯੋਗ ਹੈ ਕਿ ਇਕਵਾਡੋਰ ਵੀ ਕੋਰੋਨਾ ਵਾਇਰਸ ਦੀ ਲਪੇਟ ਵਿਚ ਹੈ ਤੇ ਇੱਥੇ ਸਥਿਤੀ ਅਜਿਹੀ ਹੈ ਕਿ ਲੋਕ ਸੜਕਾਂ 'ਤੇ ਲਾਸ਼ਾਂ ਸੁੱਟਣ ਲਈ ਮਜਬੂਰ ਹਨ। ਵਾਇਰਸ ਦੇ ਡਰ ਕਾਰਨ ਕੋਈ ਅੰਤਿਮ ਸੰਸਕਾਰ ਕਰਨ ਲਈ ਨਹੀਂ ਜਾ ਰਿਹਾ ਤੇ ਸਰਕਾਰੀ ਕਰਮਚਾਰੀ ਹੀ ਲਾਸ਼ਾਂ ਨੂੰ ਲੈ ਜਾ ਕੇ ਅੰਤਿਮ ਸੰਸਕਾਰ ਕਰ ਰਹੇ ਹਨ। ਲੋਕਾਂ ਦਾ ਦੋਸ਼ ਹੈ ਕਿ ਕਰਮਚਾਰੀ ਲਾਸ਼ ਲੈ ਜਾਣ ਲਈ ਬਹੁਤ ਸਮਾਂ ਲਗਾ ਦਿੰਦੇ ਹਨ ਤੇ ਇਸ ਦੌਰਾਨ ਉਨ੍ਹਾਂ ਨੂੰ ਡਰ ਰਹਿੰਦਾ ਹੈ ਕਿ ਕਿਤੇ ਉਹ ਵੀ ਕੋਰੋਨਾ ਦੀ ਲਪੇਟ ਵਿਚ ਨਾ ਆ ਜਾਣ। ਲੋਕਾਂ ਦਾ ਕਹਿਣਾ ਹੈ ਕਿ ਹਸਪਤਾਲਾਂ ਵਿਚ ਥਾਂ ਨਾ ਹੋਣ ਕਾਰਨ ਉਹ ਘਰ ਹੀ ਕੋਰੋਨਾ ਪੀੜਤਾਂ ਨੂੰ ਰੱਖ ਲੈਂਦੇ ਹਨ ਤੇ ਮੌਤ ਹੋਣ ਦੇ ਬਾਅਦ ਉਹ ਲਾਸ਼ਾਂ ਨੂੰ ਘਰਾਂ ਦੇ ਬਾਹਰ ਰੱਖ ਦਿੰਦੇ ਹਨ।


author

Lalita Mam

Content Editor

Related News