215 ਸਾਲਾ ਜੋੜੇ ਦਾ ਨਾਂ ਗਿਨੀਜ਼ ਬੁੱਕ 'ਚ, ਵਿਆਹ ਦੇ 79 ਸਾਲਾਂ ਬਾਅਦ ਵੀ ਹੈ ਗੂੜ੍ਹਾ ਪਿਆਰ
Saturday, Aug 29, 2020 - 02:58 PM (IST)

ਕਵੀਟੋ- ਇਕਵਾਡੋਰ ਵਿਚ ਘਰ ਵਾਲਿਆਂ ਦੀ ਮਰਜ਼ੀ ਬਿਨਾਂ ਭੱਜ ਕੇ ਵਿਆਹ ਕਰਵਾਉਣ ਵਾਲੇ ਜੂਲੀਆ ਮੋਰਾ ਅਤੇ ਉਨ੍ਹਾਂ ਦੀ ਪਤਨੀ ਵਾਲਡ੍ਰਾਮੀਵਾ ਕਵਿੰਟੇਰੋਸ ਪੂਰੀ ਦੁਨੀਆ ਵਿਚ ਸਭ ਤੋਂ ਵੱਧ ਉਮਰ ਦੇ ਵਿਆਹੇ ਜੋੜੇ ਦੇ ਰੂਪ ਵਿਚ ਰਿਕਾਰਡ ਬਣਾ ਚੁੱਕੇ ਹਨ। ਦੋਹਾਂ ਦੀ ਉਮਰ ਮਿਲਾ ਕੇ 215 ਸਾਲ ਬਣਦੀ ਹੈ। ਵਿਆਹ ਦੇ 79 ਸਾਲ ਬਾਅਦ ਵੀ ਦੋਵੇਂ ਇਕੱਠੇ ਹਨ। ਮੋਰਾ ਦੀ ਉਮਰ 110 ਤੇ ਉਨ੍ਹਾਂ ਦੀ ਪਤਨੀ ਦੀ ਉਮਰ 104 ਸਾਲ ਹੈ। ਜੋੜੇ ਦੀ ਉਮਰ ਦੇ 214 ਸਾਲ ਪੂਰੇ ਹੋ ਚੁੱਕੇ ਹਨ ਤੇ 215ਵਾਂ ਸਾਲ ਲੱਗ ਗਿਆ ਹੈ।
ਦੋਵਾਂ ਦਾ ਪਿਆਰ ਅਜੇ ਵੀ ਇਕ-ਦੂਜੇ ਲਈ ਘੱਟ ਨਹੀਂ ਹੋਇਆ ਤੇ ਉਨ੍ਹਾਂ ਦੀ ਸਿਹਤ ਵੀ ਚੰਗੀ ਹੈ। ਹਾਲਾਂਕਿ ਉਨ੍ਹਾਂ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਜੋੜਾ ਥੋੜਾ ਨਿਰਾਸ਼ ਹੈ ਕਿਉਂਕਿ ਕੋਰੋਨਾ ਵਾਇਰਸ ਕਾਰਨ ਉਨ੍ਹਾਂ ਨੂੰ ਪਰਿਵਾਰ ਤੋਂ ਦੂਰ ਰਹਿਣਾ ਪੈ ਰਿਹਾ ਹੈ।
ਗਿਨੀਜ਼ ਵਰਲਡ ਰਿਕਾਰਡ ਮੁਤਾਬਕ ਦੋਵੇਂ ਸਭ ਤੋਂ ਵੱਧ ਉਮਰ ਦੇ ਵਿਆਹੇ ਜੋੜੇ ਹਨ। ਇਨ੍ਹਾਂ ਤੋਂ ਪਹਿਲਾਂ ਅਮਰੀਕਾ ਦੇ ਜੋੜੇ ਦਾ ਨਾਂ ਸਭ ਤੋਂ ਵੱਧ ਉਮਰ ਦੇ ਜੋੜੇ ਵਜੋਂ ਦਰਜ ਸੀ, ਜਿਨ੍ਹਾਂ ਦੀ ਕੁੱਲ ਉਮਰ 212 ਸਾਲ 52 ਦਿਨ ਸੀ। ਮੋਰਾ ਦਾ ਜਨਮ 1910 ਅਤੇ ਕਵਿੰਟੇਰੋਸ ਦਾ 1915 ਵਿਚ ਹੋਇਆ ਤੇ ਦੋਹਾਂ ਨੇ ਇੱਥੋਂ ਦੇ ਪਹਿਲੇ ਸਪੈਨਿਸ਼ ਚਰਚ ਵਿਚ ਵਿਆਹ ਕਰਵਾ ਲਿਆ ਸੀ। ਉਨ੍ਹਾਂ ਦੇ 4 ਬੱਚੇ ਜਿਊਂਦੇ ਹਨ। ਉਨ੍ਹਾਂ ਦੇ 11 ਦੋਹਤੇ-ਪੋਤੇ ਅਤੇ 21 ਪੜਪੋਤੇ-ਪੜਦੋਤੇ ਹਨ। ਉਨ੍ਹਾਂ ਦੀ ਪੰਜਵੀਂ ਪੀੜ੍ਹੀ ਵਿਚ ਵੀ ਇਕ ਬੱਚਾ ਹੈ।