ਪੂਰਬੀ ਤੁਰਕਿਸਤਾਨ ਦੇ ਪੀ. ਐੱਮ. ਨੇ ਭਾਰਤ ਨੂੰ ਦਿੱਤੀਆਂ ਆਜ਼ਾਦੀ ਦਿਹਾੜੇ ਦੀਆਂ ਵਧਾਈਆਂ
Monday, Aug 17, 2020 - 03:36 PM (IST)
ਤੁਰਕਿਸਤਾਨ- ਪੂਰਬੀ ਤੁਰਕਿਸਤਾਨ ਦੀ ਸਰਕਾਰ ਨੇ ਭਾਰਤ ਨੂੰ 74ਵੇਂ ਆਜ਼ਾਦੀ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ ਅਤੇ ਕਿਹਾ ਕਿ ਲੰਬੇ ਸਮੇਂ ਤੋਂ ਚੀਨ ਦੇ ਕਬਜ਼ੇ ਅਤੇ ਨਸਲਕੁਸ਼ੀ ਨੇ ਸਾਨੂੰ ਸਿਖਾਇਆ ਹੈ ਕਿ ਆਜ਼ਾਦੀ ਦਾ ਕੀ ਮੁੱਲ ਹੈ। ਪ੍ਰਧਾਨ ਮੰਤਰੀ ਸਲੀਹ ਹੁਦੈਅਰ ਨੇ ਕਿਹਾ ਕਿ ਆਜ਼ਾਦੀ ਦੇ ਬਿਨਾ ਬੁਨਿਆਦੀ ਮਨੁੱਖੀ ਅਧਿਕਾਰਾਂ ਨੂੰ ਬਚਾਉਣਾ ਬਹੁਤ ਮੁਸ਼ਕਲ ਹੈ।
ਸਲੀਹ ਹੁਦੈਅਰ ਨੇ ਕਿਹਾ ਕਿ ਭਾਰਤ ਦਾ ਆਜ਼ਾਦੀ ਸੰਘਰਸ਼ ਪੂਰੀ ਦੁਨੀਆ ਲਈ ਮਿਸਾਲ ਹੈ ਅਤੇ ਸਾਨੂੰ ਵੀ ਪ੍ਰੇਰਿਤ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਲੋਕ ਪੁੱਛਦੇ ਹਨ ਕਿ ਸੁਤੰਤਰਤਾ ਇੰਨੀ ਮਹੱਤਵਪੂਰਣ ਕਿਉਂ ਹੈ? ਆਜ਼ਾਦੀ ਦਾ ਅਰਥ ਹੈ ਦੂਜਿਆਂ ਦੇ ਕੰਟਰੋਲ, ਪ੍ਰਭਾਵ ਅਤੇ ਸ਼ੋਸ਼ਣ ਤੋਂ ਮੁਕਤੀ, ਸੁਤੰਤਰ ਰੂਪ ਨਾਲ ਚੁਣਨਾ, ਸ਼ਾਸਨ ਕਰਨਾ, ਆਪਣੇ ਕਾਨੂੰਨ ਤੇ ਫੈਸਲੇ ਲੈਣ ਦੀ ਸ਼ਕਤੀ ਮਿਲਣਾ। ਸਲੀਹ ਨੇ ਕਿਹਾ ਕਿ ਕਿਸੇ ਦੇਸ਼ ਅਤੇ ਉਸ ਦੇ ਲੋਕਾਂ ਦੇਵਿਕਾਸ ਲਈ ਆਜ਼ਾਦੀ ਸਭ ਤੋਂ ਜ਼ਰੂਰੀ ਚੀਜ਼ ਹੈ।
ਦੱਸ ਦਈਏ ਕਿ ਪੂਰਬੀ ਤੁਰਕਿਸਤਾਨ ਦੇ ਖੇਤਰ ਨੂੰ ਚੀਨ ਵਲੋਂ ਸ਼ਿਨਜਿਆਂਗ ਉਈਗਰ ਖੁਦਮੁਖਤਿਆਰੀ ਖੇਤਰ ਦੇ ਰੂਪ ਵਿਚ ਪ੍ਰਸ਼ਾਸਤ ਕੀਤਾ ਜਾਂਦਾ ਹੈ। ਸਲੀਹ ਹੁਦੈਅਰ ਨੂੰ 11 ਨਵੰਬਰ, 2019 ਨੂੰ ਪੂਰਬੀ ਤੁਰਕਿਸਤਾਨ ਸਰਕਾਰ ਦੇ ਪ੍ਰਧਾਨ ਮੰਤਰੀ ਦੇ ਰੂਪ ਵਿਚ ਚੁਣਿਆ ਗਿਆ ਅਤੇ ਉਹ ਆਪਣੇ ਪਰਿਵਾਰ ਨਾਲ ਸੰਯੁਕਤ ਰਾਜ ਅਮਰੀਕਾ ਚਲੇ ਗਏ, ਜਿੱਥੇ ਉਹ ਰਾਜਨੀਤਕ ਸ਼ਰਣਾਰਥੀ ਬਣ ਗਏ। ਉਹ ਪੂਰਬੀ ਤੁਰਕਿਸਤਾਨ ਨੈਸ਼ਨਲ ਅਵੇਕਨਿੰਗ ਮੂਵਮੈਂਟਸ ਦੇ ਸੰਸਥਾਪਕ ਹਨ।