ਕਟੌਤੀਆਂ ਕਾਰਨ ਓਨਟਾਰੀਓ ਸਕੂਲ ਬੋਰਡ ਨੂੰ ਹੋਵੇਗਾ 28.7 ਮਿਲੀਅਨ ਡਾਲਰ ਦਾ ਨੁਕਸਾਨ

Saturday, Apr 13, 2019 - 01:47 AM (IST)

ਟੋਰਾਂਟੋ- ਓਨਟਾਰੀਓ ਦੇ ਸੱਭ ਤੋਂ ਵੱਡੇ ਸਕੂਲ ਬੋਰਡ ਦਾ ਕਹਿਣਾ ਹੈ ਕਿ ਪ੍ਰੋਵਿੰਸ ਵੱਲੋਂ ਫੰਡਿੰਗ 'ਚ ਕੀਤੀਆਂ ਜਾ ਰਹੀਆਂ ਤਬਦੀਲੀਆਂ ਕਾਰਨ ਅਗਲੇ ਸਾਲ ਬੋਰਡ ਨੂੰ 28.7 ਮਿਲੀਅਨ ਡਾਲਰ ਦੀ ਕਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਹ ਖੁਲਾਸਾ ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ ਦੀ ਬਜਟ ਕਮੇਟੀ ਵੱਲੋਂ ਪੇਸ ਕੀਤੇ ਗਏ ਦਸਤਾਵੇਜ 'ਚ ਆਖਿਆ ਗਿਆ।
ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਪ੍ਰੋਗਰੈਸਿਵ ਕੰਜਰਵੇਟਿਵ ਸਰਕਾਰ ਨੇ ਸਿੱਖਿਆ ਲਈ ਰਾਖਵੇਂ ਫੰਡਾਂ 'ਚ ਕਟੌਤੀ ਦਾ ਐਲਾਨ ਕੀਤਾ ਸੀ। ਇਸ ਦੇ ਨਾਲ ਹੀ ਸਰਕਾਰ ਨੇ 4ਥੀ ਕਲਾਸ ਤੋਂ 8ਵੀਂ ਕਲਾਸ ਦੇ ਆਕਾਰ 'ਚ 23.84 ਤੋਂ 24.5 ਤੱਕ ਦਾ ਵਾਧਾ ਕਰਨ ਦਾ ਐਲਾਨ ਵੀ ਕੀਤਾ ਸੀ। ਬੋਰਡ ਦਾ ਕਹਿਣਾ ਹੈ ਕਿ ਇਸ ਨਾਲ ਸਾਨੂੰ ਅਗਲੇ ਸਾਲ 10 ਮਿਲੀਅਨ ਡਾਲਰ ਦਾ ਨੁਕਸਾਨ ਹੋਵੇਗਾ।
ਟੀਡੀਐਸਬੀ ਦੀ ਚੇਅਰਵੁਮਨ ਰੌਬਿਨ ਪਿਲਕੇ ਦਾ ਆਖਣਾ ਹੈ ਕਿ ਇਨ੍ਹਾਂ ਕਟੌਤੀਆਂ ਦਾ ਕਿਹੋ ਜਿਹਾ ਅਸਰ ਰਹਿੰਦਾ ਹੈ ਇਸ ਬਾਰੇ ਅਜੇ ਵੀ ਬੋਰਡ ਨੇ ਹੋਰ ਪਤਾ ਲਾਉਣਾ ਹੈ। ਉਨ੍ਹਾਂ ਆਖਿਆ ਕਿ ਸਾਡੇ ਕੋਲ ਫਾਈਨਲ ਅੰਕੜੇ ਨਹੀਂ ਹਨ। ਅਸੀਂ ਇਨ੍ਹਾਂ ਦਾ ਹੀ ਪਤਾ ਲਾਉਣਾ ਹੈ। ਉਨ੍ਹਾਂ ਆਖਿਆ ਕਿ ਸਾਨੂੰ ਆਸ ਹੈ ਕਿ ਇਹ ਹੋਰ ਬਦਤਰ ਨਹੀਂ ਹੋਵੇਗੀ ਪਰ ਸਾਨੂੰ ਕੁੱਝ ਵੱਡੇ ਫੈਸਲੇ ਲੈਣੇ ਪੈਣਗੇ। ਬੋਰਡ ਨੇ ਅਜੇ ਇਹ ਫੈਸਲਾ ਕਰਨਾ ਹੈ ਕਿ ਉਹ ਇਹੋ ਜਿਹੀਆਂ ਕੀ ਕਟੌਤੀਆਂ ਕਰੇ ਕਿ ਉਨ੍ਹਾਂ ਦਾ ਬਜਟ ਸੰਤੁਲਿਤ ਹੋ ਜਾਵੇ। ਪਿਲਕੇ ਨੇ ਆਖਿਆ ਕਿ ਭਾਵੇਂ ਉਹ ਇਸ ਸਬੰਧ 'ਚ ਜੋ ਵੀ ਫੈਸਲਾ ਲੈਣ, ਇਸ ਦਾ ਸੇਕ ਵਿਦਿਆਰਥੀਆਂ ਨੂੰ ਜਰੂਰ ਸਹਿਣਾ ਪਵੇਗਾ। 
ਇਨ੍ਹਾਂ ਤਬਦੀਲੀਆਂ ਕਾਰਨ ਬਹੁਤ ਸਾਰੇ ਅਧਿਆਪਕਾਂ ਦੀ ਛੁੱਟੀ ਹੋਵੇਗੀ ਤੇ ਔਸਤਨ ਹਾਈ ਸਕੂਲ ਦੀਆਂ ਕਲਾਸਾਂ ਦੇ ਆਕਾਰ 'ਚ ਵੀ ਵਾਧਾ ਹੋਵੇਗਾ। ਪਰ ਇੱਥੇ ਦੱਸ ਦਈਏ ਕਿ ਸਿੱਖਿਆ ਮੰਤਰੀ ਲੀਜਾ ਥੌਂਪਸਨ ਦਾ ਕਹਿਣਾ ਹੈ ਕਿ ਕਿਸੇ ਵੀ ਅਧਿਆਪਕ ਦੀ ਮਰਜ਼ੀ ਤੋਂ ਬਿਨਾਂ ਉਸ ਨੂੰ ਨਹੀਂ ਕੱਢਿਆ ਜਾਵੇਗਾ।


Khushdeep Jassi

Content Editor

Related News