WHO ਮਾਹਰ ਦਾ ਦਾਅਵਾ, ਕੋਰੋਨਾ ਵੈਕਸੀਨ ਆਉਣ ''ਚ ਲੱਗ ਸਕਦੇ ਹਨ ਢਾਈ ਸਾਲ

6/23/2020 6:10:41 PM

ਦੁਬਈ (ਬਿਊਰੋ): ਦੁਨੀਆ ਭਰ ਦੇ ਵਿਗਿਆਨੀ ਕੋਰੋਨਾਵਾਇਰਸ ਵੈਕਸੀਨ ਬਣਾਉਣ ਵਿਚ ਜੁਟੇ ਹੋਏ ਹਨ। ਇਸ ਦੌਰਾਨ ਬ੍ਰਿਟੇਨ ਤੋਂ ਲੈ ਕੇ ਇਟਲੀ, ਅਮਰੀਕਾ, ਨਾਈਜੀਰੀਆ ਦੇ ਵਿਗਿਆਨੀ ਕੋਰੋਨਾ ਵੈਕਸੀਨ ਬਣਾਉਣ ਦਾ ਦਾਅਵਾ ਕਰ ਚੁੱਕੇ ਹਨ। ਕਈ ਵੈਕਸੀਨ ਦੇ ਤਾਂ ਹਿਊਮਨ ਟ੍ਰਾਇਲ ਦੇ ਆਖਰੀ ਪੜਾਅ ਵਿਚ ਪਹੁੰਚਣ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਹਨ ਪਰ ਵਿਸ਼ਵ ਸਿਹਤ ਸੰਗਠਨ ਦੇ ਇਕ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਅਸਲ ਵਿਚ ਹੁਣ ਤੱਕ ਅਜਿਹਾ ਕੋਈ ਪ੍ਰਯੋਗ ਨਹੀਂ ਹੋਇਆ ਹੈ ਜਿਸ ਨਾਲ ਇਹ ਵਿਸ਼ਵਾਸ ਹੋ ਸਕੇ ਕਿ ਕੋਰੋਨਾਵਾਇਰਸ ਦੀ ਵੈਕਸੀਨ ਬਣ ਚੁੱਕੀ ਹੈ।

ਸੋਮਵਾਰ ਨੂੰ ਦੁਬਈ ਸਰਕਾਰ ਵੱਲੋਂ ਆਯੋਜਿਤ 8ਵੇਂ 'ਵਿਸ਼ਵ ਸਰਕਾਰ ਸੰਮੇਲਨ' ਵਿਚ ਵਿਸ਼ਵ ਸਿਹਤ ਸੰਗਠਨ ਦੇ ਸੀਨੀਅਰ ਅਧਿਕਾਰੀ ਡਾਕਟਰ ਡੇਵਿਡ ਨਬੈਰੋ ਨੇ ਕਿਹਾ,''ਪੂਰੀ ਦੁਨੀਆ ਦੀ ਆਸ ਕੋਰੋਨਾਵਾਇਰਸ ਵੈਕਸੀਨ 'ਤੇ ਟਿਕੀ ਹੈ ਪਰ ਇਸ ਮਹਾਮਾਰੀ ਤੋਂ ਛੁਟਕਾਰਾ ਦਿਵਾਉਣਾ ਵਾਲਾ ਟੀਕਾ ਆਉਣ ਵਿਚ ਹਾਲੇ ਕਰੀਬ ਢਾਈ ਸਾਲ ਹੋਰ ਲੱਗ ਸਕਦੇ ਹਨ।'' ਡਾਕਟਰ ਨਬੈਰੋ ਨੇ ਕਿਹਾ,''ਕੋਰੋਨਾਵਾਇਰਸ ਦੀ ਵੈਕਸੀਨ ਜੇਕਰ ਇਸ ਸਾਲ ਦੇ ਅਖੀਰ ਤੱਕ ਬਣ ਵੀ ਜਾਂਦੀ ਹੈ ਤਾਂ ਇਸ ਦੇ ਪ੍ਰਭਾਵ ਅਤੇ ਸੁਰੱਖਿਆਦੀ ਜਾਂਚ ਵਿਚ ਲੰਬਾ ਸਮਾਂ ਲੱਗ ਸਕਦਾ ਹੈ। ਨਾਲ ਹੀ ਇਸ ਮਹਾਮਾਰੀ ਨੂੰ ਜੜ ਤੋਂ ਖਤਮ ਕਰਨ ਲਈ ਇਸ ਦਾ ਵੱਡੇ ਪੱਧਰ 'ਤੇ ਉਤਪਾਦਨ ਕਰਨਾ ਹੋਵੇਗਾ ਜਿਸ ਵਿਚ ਕਾਫੀ ਸਮਾਂ ਲੱਗ ਸਕਦਾ ਹੈ।''

ਨਬੈਰੋ ਨੇ ਅੱਗੇ ਕਿਹਾ,''ਜੇਕਰ ਮੇਰਾ ਅਨੁਮਾਨ ਗਲਤ ਸਾਬਤ ਹੋਇਆ ਤਾਂ ਮੈਨੂੰ ਬਹੁਤ ਖੁਸ਼ੀ ਹੋਵੇਗੀ। ਇਸ ਬੀਮਾਰੀ ਦਾ ਸਾਹਮਣਾ ਕੋਈ ਇਕ ਵਿਅਕਤੀ ਨਹੀਂ ਸਗੋਂ ਪੂਰੀ ਦੁਨੀਆ ਕਰ ਰਹੀ ਹੈ। ਇਹ ਵਾਇਰਸ ਹਾਲੇ ਵੀ ਸਾਡੇ ਨੇੜੇ ਹੈ। ਇਹ ਹਰ ਕਿਸੇ ਨੂੰ ਪ੍ਰਭਾਵਿਤ ਕਰੇਗਾ।'' ਆਪਣੇ ਕੰਮ ਦੇ ਅਨੁਭਵਾਂ ਨੂੰ ਸਾਂਝੇ ਕਰਦਿਆਂ ਨਬੈਰੋ ਨੇ ਕਿਹਾ,''ਹੁਣ ਤੱਕ ਮਲੇਰੀਆ ਅਤੇ ਐੱਚ.ਆਈ.ਵੀ. ਜਿਹੀਆਂ ਬੀਮਾਰੀਆਂ ਦੀ ਵੀ ਵੈਕਸੀਨ ਤਿਆਰ ਨਹੀਂ ਹੋ ਸਕੀ ਹੈ। ਮੈਂ ਸਿਰਫ ਇੰਨਾ ਕਹਿ ਰਿਹਾ ਹਾਂ ਕਿ ਇਸ ਸਾਲ ਜੇਕਰ ਕੋਈ ਚਮਤਕਾਰ ਨਹੀਂ ਹੁੰਦਾ ਤਾਂ ਕੋਰੋਨਾ ਦੀ ਵੈਕਸੀਨ ਮਿਲਣੀ ਕਾਫੀ ਮੁਸ਼ਕਲ ਹੈ।''

ਸ਼ੁਰੂਆਤ ਤੋਂ ਹੀ ਚੀਨ, ਅਮਰੀਕਾ ਅਤੇ ਯੂਰਪ ਕੋਰੋਨਾਵਾਇਰਸ ਦੀ ਸੰਭਾਵਿਤ ਵੈਕਸੀਨ ਕੈਡਿਡੇਟ ਨੂੰ ਲੈ ਕੇ ਵੱਖ-ਵੱਖ ਦਾਅਵੇ ਕਰ ਰਹੇ ਹਨ। ਪਰ ਵੈਕਸੀਨ ਬਣਨ ਦੇ ਬਾਅਦ ਵੀ ਇਸ ਦੇ ਪ੍ਰਭਾਵ ਅਤੇ ਸੁਰੱਖਿਆ ਦੀ ਜਾਂਚ ਵਿਚ ਕਰੀਬ 6 ਮਹੀਨੇ ਦਾ ਸਮਾਂ ਲੱਗ ਸਕਦਾ ਹੈ। ਉਹਨਾਂ ਨੇ ਕਿਹਾ ਕਿ ਇਕ ਆਦਰਸ਼ ਵੈਕਸੀਨ ਦਾ ਪੂਰੀ ਤਰ੍ਹਾਂ ਸੁਰੱਖਿਅਤ ਹੋਣਾ ਜ਼ਰੂਰੀ ਹੈ। ਰੋਗੀਆਂ 'ਤੇ ਉਸ ਦਾ ਕੋਈ ਸਾਈਡਇਫੈਕਟ ਨਹੀਂ ਹੋਣਾ ਚਾਹੀਦਾ। ਅਜਿਹਾ ਨਾ ਹੋਵੇ  ਕਿ ਇਸ ਬੀਮਾਰੀ ਤੋਂ ਬਚਣ ਲਈ ਰੋਗੀ ਨੂੰ ਜਿਹੜੀ ਵੈਕਸੀਨ ਦਿੱਤੀ ਜਾਵੇ ਉਹ ਬੀਮਾਰੀ ਦਾ ਇਕ ਨਵਾਂ ਰੂਪ ਪੈਦਾ ਕਰ ਦੇਵੇ। ਇੱਥੇ ਦੱਸ ਦਈਏ ਕਿ ਪੂਰੀ ਦੁਨੀਆ ਵਿਚ ਕੋਰੋਨਾ ਦੇ 91 ਲੱਖ ਤੋਂ ਵਧੇਰੇ ਮਾਮਲੇ ਸਾਹਮਣੇ ਆ ਚੁੱਕੇ ਹਨ। ਜਿਹਨਾਂ ਵਿਚੋਂ 4 ਲੱਖ 74 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਮਾਮਲੇ ਵਿਚ ਭਾਰਤ ਹੁਣ 4 ਲੱਖ 40 ਹਜ਼ਾਰ ਤੋਂ ਵਧੇਰੇ ਮਾਮਲਿਆਂ ਦੇ ਨਾਲ ਬ੍ਰਿਟੇਨ ਤੋਂ ਇਕ ਕਦਮ ਅੱਗੇ ਚੌਥੇ ਨੰਬਰ 'ਤੇ ਆ ਗਿਆ ਹੈ। 


Vandana

Content Editor Vandana