ਹਾਦਸੇ ''ਚ ਬੇਟੇ ਨੂੰ ਗਵਾਉਣ ਵਾਲੇ ਭਾਰਤੀ ਨੇ 61 ਹਮਵਤਨਾਂ ਨੂੰ ਭੇਜਿਆ ਘਰ
Wednesday, Jul 29, 2020 - 10:44 AM (IST)
ਦੁਬਈ (ਬਿਊਰੋ): ਦੁਬਈ ਵਿਚ ਇਕ ਹਾਦਸੇ ਦੇ ਵਿਚ ਆਪਣੇ ਬੇਟੇ ਨੂੰ ਗਵਾਉਣ ਵਾਲੇ ਭਾਰਤੀ ਮੂਲ ਦੇ ਕਾਰੋਬਾਰੀ ਟੀਐੱਨ ਕ੍ਰਿਸ਼ਨ ਕੁਮਾਰ ਨੇ 61 ਭਾਰਤੀਆਂ ਨੂੰ ਘਰ ਪਰਤਣ ਵਿਚ ਮਦਦ ਕੀਤੀ ਹੈ। ਉਹਨਾਂ ਨੇ ਯੂ.ਏ.ਈ. ਵਿਚ ਫਸੇ 61 ਭਾਰਤੀਆਂ ਦੇ ਟਿਕਟ ਦਾ ਪੂਰਾ ਖਰਚਾ ਉਠਾਇਆ। ਕ੍ਰਿਸ਼ਨ ਕੁਮਾਰ ਦੇ 19 ਸਾਲਾ ਬੇਟੇ ਰੋਹਿਤ ਅਤੇ ਗੁਆਂਢੀ ਸ਼ਰਤ (21) ਸਕੂਲ ਖਤਮ ਹੋਣ ਦੇ ਬਾਅਦ ਛੁੱਟੀਆਂ ਮਨਾਉਣ ਗਏ ਸਨ ਅਤੇ ਇਸੇ ਦੌਰਾਨ ਵਾਪਰੇ ਇਕ ਹਾਦਸੇ ਵਿਚ ਦੋਹਾਂ ਦੀ ਮੌਤ ਹੋ ਗਈ।ਕ੍ਰਿਸ਼ਨ ਕੁਮਾਰ ਦਾ ਇਕਲੌਤਾ ਬੇਟਾ ਰੋਹਿਤ ਬ੍ਰਿਟੇਨ ਵਿਚ ਮੈਨਚੈਸਟਰ ਯੂਨੀਵਰਸਿਟੀ ਵਿਚ ਤੀਜੇ ਸਾਲ ਦਾ ਮੈਡੀਕਲ ਵਿਦਿਆਰਥੀ ਸੀ।
ਆਪਣੇ ਬੇਟੇ ਦਾ ਅੰਤਮ ਸੰਸਕਾਰ ਕਰ ਕੇ ਕੇਰਲ ਤੋਂ ਪਰਤਣ ਦੇ ਬਾਅਦ ਕ੍ਰਿਸ਼ਨ ਕੁਮਾਰ ਨੇ ਆਪਣਾ ਸਮਾਂ ਸਮਾਜਿਕ ਸੇਵਾ ਵਿਚ ਬਿਤਾਉਣਾ ਸ਼ੁਰੂ ਕਰ ਦਿੱਤਾ। ਕ੍ਰਿਸ਼ਨ ਕੁਮਾਰ ਲੰਬੇ ਸਮੇਂ ਤੋਂ ਸਮਾਜਿਕ ਸੇਵਾ ਵਿਚ ਲੱਗੇ ਹੋਏ ਹਨ। ਬੇਟੇ ਦੇ ਜਾਣ ਦੇ ਦੁਖ ਨਾਲ ਜਿੱਥੇ ਉਹਨਾ ਦੀ ਪਤਨੀ ਹਾਲੇ ਤੱਕ ਉਭਰ ਨਹੀਂ ਪਾਈ ਹੈ ਉੱਥੇ ਕ੍ਰਿਸ਼ਨ ਕੁਮਾਰ ਸਮਾਜਿਕ ਖੇਤਰ ਸੇਵਾ ਵਿਚ ਖੁਦ ਨੂੰ ਬਿੱਜੀ ਰੱਖ ਕੇ ਰੋਹਿਤ ਦੇ ਜਾਣ ਦੇ ਦੁਖ ਨੂੰ ਭੁਲਾਉਣ ਵਿਚ ਲੱਗੇ ਹੋਏ ਹਨ।
ਕੋਰੋਨਾ ਸੰਕਟ ਦੇ ਵਿਚ ਕ੍ਰਿਸ਼ਨ ਕੁਮਾਰ ਨੇ ਆਲ ਕੇਰਲਾ ਕਾਲਜ ਐਲਮੁਨਾਈ ਫੈਡਰੇਸ਼ਨ ਵਾਲੰਟੀਅਰ ਗਰੁੱਰ ਨੂੰ ਆਪਣਾ ਸਮਰਥਨ ਦਿੱਤਾ। ਇਸ ਸਮੂਹ ਨੂੰ ਕੇਰਲ ਦੇ 150 ਕਾਲਜਾਂ ਦੇ ਵਿਦਿਆਰਥੀਆਂ ਨੇ ਮਿਲ ਕੇ ਬਣਾਇਆ ਹੈ। ਇਹ ਸਮੂਹ ਲੋੜਵੰਦ ਲੋਕਾਂ ਨੂੰ ਖਾਣ ਦੀਆਂ ਕਿੱਟਾਂ ਅਤੇ ਮੈਡੀਕਲ ਮਦਦ ਮੁਹੱਈਆ ਕਰਾ ਰਿਹਾ ਹੈ। ਨਾਲ ਹੀ ਜਿਹੜੇ ਲੋਕ ਘਰ ਨਹੀਂ ਪਰਤ ਪਾ ਰਹੇ ਹਨ ਉਹਨਾਂ ਲਈ ਟਿਕਟ ਮੁਹੱਈਆ ਕਰਾ ਰਿਹਾ ਹੈ। ਕ੍ਰਿਸ਼ਨ ਕੁਮਾਰ ਨੇ ਆਪਣੇ ਖਰਚੇ 'ਤੇ 61 ਭਾਰਤੀਆਂ ਨੂੰ ਚਾਰਟਰਡ ਫਲਾਈਟ ਜ਼ਰੀਏ ਭਾਰਤ ਵਾਪਸ ਭੇਜਿਆ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ 'ਚ ਚੀਨੀ ਵਿਦਿਆਰਥੀਆਂ ਦੀ ਵਰਚੁਅਲ ਕਿਡਪੈਨਿੰਗ ਦੀ ਘਪਲੇਬਾਜ਼ੀ
ਟੀਐੱਨ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਬੇਟੇ ਦੀ ਮੌਤ ਨਾਲ ਉਹ ਟੁੱਟ ਗਏ ਸਨ। ਜਿਸ ਦੇ ਬਾਅਦ ਉਹਨਾਂ ਨੇ ਖੁਦ ਨੂੰ ਦੂਜਿਆਂ ਦੀ ਭਲਾਈ ਅਤੇ ਮਦਦ ਦੇ ਕੰਮਾਂ ਵਿਚ ਲੱਗਾ ਦਿੱਤਾ। ਉਹਨਾਂ ਨੇ ਕਿਹਾ,''ਜੀਵਨ ਵਿਚ ਜਦੋਂ ਕੁਝ ਅਜਿਹਾ ਹੁੰਦਾ ਹੈ ਉਦੋਂ ਸਮਝ ਵਿਚ ਆਉਂਦਾ ਹੈ ਕਿ ਪੈਸਾ ਹੀ ਸਭ ਕੁਝ ਨਹੀਂ ਹੁੰਦਾ। ਮੈਂ ਜੋ ਕੁਝ ਬਣਾਇਆ ਸੀ ਆਪਣੇ ਬੇਟੇ ਲਈ ਬਣਾਇਆ ਸੀ। ਉਸ ਦੇ ਜਾਣ ਦੇ ਬਾਅਦ ਸਭ ਕੁਝ ਬਦਲ ਗਿਆ।''