ਜਾਣੋ ਕਿਵੇਂ 27 ਮਿੰਟ 'ਚ ਦੂਰ ਹੋ ਜਾਵੇਗੀ ਸੁਸਤੀ!

09/12/2018 1:48:24 AM

ਨਿਊਯਾਰਕ— ਸਵੇਰੇ ਅੱਖ ਖੁੱਲ੍ਹਦੇ ਹੀ ਬਿਸਤਰਾ ਛੱਡਣ ਨੂੰ ਦਿਲ ਨਹੀਂ ਕਰਦਾ? ਮਨ ਮਾਰ ਕੇ ਬਿਸਤਰਾ ਛੱਡ ਵੀ ਦਿੰਦੇ ਹੋ ਤਾਂ ਅਜੀਬ ਜਿਹੀ ਸੁਸਤੀ ਅਤੇ ਚਿੜਚਿੜਾਪਨ ਮਹਿਸੂਸ ਹੁੰਦਾ ਹੈ? ਜੇ ਹਾਂ ਤਾਂ ਪ੍ਰੇਸ਼ਾਨ ਹੋਣ ਦੀ ਲੋੜ ਨਹੀਂ। ਅਮਰੀਕਾ ਸਥਿਤ ਸਟੈਨਫੋਰਡ ਯੂਨੀਵਰਸਿਟੀ ਦੀ ਮਸ਼ਹੂਰ ਮਨੋਵਿਗਿਆਨੀ ਐਮਾ ਸੈਪ ਨੇ ਵਿਗਿਆਨ ਦੇ ਆਧਾਰ 'ਤੇ 27 ਮਿੰਟ ਦੀ ਰੋਜ਼ਾਨਾ ਦੀ ਰੁਟੀਨ ਬਾਰੇ ਸੁਝਾਅ ਦਿੱਤਾ ਹੈ, ਜਿਸ ਨਾਲ ਸਵੇਰੇ ਉੱਠਣ ਦੇ ਨਾਲ ਹੀ ਤੁਸੀਂ ਨਾ ਸਿਰਫ ਤਰੋਤਾਜ਼ਾ ਮਹਿਸੂਸ ਕਰਨ ਲੱਗੋਗੇ, ਸਗੋਂ ਦਿਨ ਭਰ ਤਨਾਅ ਮੁਕਤ ਵੀ ਰਹਿ ਸਕੋਗੇ। ਮਨ ਵਿਚ ਹਾਂ-ਪੱਖੀ ਊਰਜਾ ਦਾ ਸੰਚਾਰ ਕਰਨ ਅਤੇ  ਰਚਨਾਤਕਤਾ ਵਧਾਉਣ ਵਿਚ ਵੀ ਇਹ ਕਿਰਿਆ ਕਾਫੀ ਅਸਰਦਾਰ ਸਾਬਤ ਹੋ ਸਕਦੀ ਹੈ।
5 ਮਿੰਟ : ਸਾਹ ਸਬੰਧੀ ਕਸਰਤ 
ਮਨੋਵਿਗਿਆਨੀ ਐਮਾ ਸੇਪ ਮੁਤਾਬਕ ਸਾਹ ਕਿਰਿਆਵਾਂ ਦਾ ਇਨਸਾਨੀ ਭਾਵਨਾਵਾਂ ਨਾਲ ਡੂੰਘਾ ਨਾਤਾ ਹੈ। ਵੱਖ-ਵੱਖ ਅਧਿਐਨਾਂ ਵਿਚ ਸਟ੍ਰੈੱਸ ਹਾਰਮੋਨ 'ਕੋਰਟੀਸੋਲ' ਦਾ ਪੱਧਰ ਘਟਾਉਣ ਅਤੇ 'ਫੀਲ ਗੁੱਡ' ਹਾਰਮੋਨ 'ਸੇਰੋਟੋਨਿਨ' ਦਾ ਉਤਪਾਦਨ ਵਧਾਉਣ ਵਿਚ ਸਾਹ ਸਬੰਧੀ ਕਸਰਤ ਅਤੇ ਕਪਾਲਭਾਤੀ ਨੂੰ ਖਾਸਾ ਫਾਇਦੇਮੰਦ ਦੱਸਿਆ ਗਿਆ ਹੈ। ਇਸ ਲਈ ਸਵੇਰ ਦਾ ਅਲਾਰਮ ਵੱਜਦੇ ਹੀ ਉੱਠ ਜਾਓ। ਬੈੱਡ 'ਤੇ ਬੈਠੇ-ਬੈਠੇ ਹੀ 5 ਮਿੰਟ ਤੱਕ ਲੰਮਾ ਸਾਹ ਲਓ ਅਤੇ ਫਿਰ ਸਾਹ ਨੂੰ ਛੱਡੋ। ਇਸ ਤੋਂ ਬਾਅਦ ਤੁਹਾਨੂੰ ਤੁਰੰਤ ਹੀ ਤਾਜ਼ਗੀ ਦਾ ਅਹਿਸਾਸ ਹੋਣ ਲੱਗੇਗਾ।
2 ਮਿੰਟ ਪ੍ਰਮਾਤਮਾ ਦਾ ਸ਼ੁਕਰਾਨਾ ਕਰੋ
ਸਾਹ ਸਬੰਧੀ ਕਸਰਤ ਪੂਰੀ ਕਰਨ ਤੋਂ ਬਾਅਦ ਆਪਣੀ ਜ਼ਿੰਦਗੀ ਦੀਆਂ ਸਭ ਤੋਂ ਅਹਿਮ ਤਿੰਨ ਵਸਤੂਆਂ ਅਤੇ ਪ੍ਰਾਪਤੀਆਂ ਨੂੰ ਯਾਦ ਕਰੋ। ਹੁਣ ਇਨ੍ਹਾਂ ਨੂੰ ਕਾਗਜ਼ 'ਤੇ ਲਿਖਣ ਦੇ ਨਾਲ ਹੀ ਪ੍ਰਮਾਤਮਾ ਦਾ ਸ਼ੁਕਰਾਨਾ ਕਰੋ। ਮਨੋਵਿਗਿਆਨੀ ਐਮਾ ਸੇਪ ਦੀ ਮੰਨੀਏ ਤਾਂ ਜੀਵਨ ਦੇ ਚੰਗੇ ਪਹਿਲੂਆਂ ਨੂੰ ਯਾਦ ਕਰਨ ਨਾਲ ਦਿਮਾਗ ਹਾਂ-ਪੱਖੀ ਗੱਲਾਂ 'ਤੇ ਧਿਆਨ ਦੇਣ ਅਤੇ ਨਾਂਹ-ਪੱਖੀ ਚੀਜ਼ਾਂ ਨੂੰ ਨਜ਼ਰਅੰਦਾਜ਼ ਕਰਨ ਦੀ ਕਲਾ ਵਿਚ ਮਾਹਰ ਹੋ ਜਾਂਦਾ ਹੈ। ਉਹ ਔਖਿਆਈਆਂ ਨੂੰ ਚੁਣੌਤੀਆਂ ਦੇ ਰੂਪ ਵਿਚ ਲੈਣ ਲੱਗਦਾ ਹੈ। ਇਸ ਨਾਲ ਤੁਹਾਨੂੰ ਉਤਪਾਦਕਤਾ ਵਧਾਉਣ ਵਿਚ ਵੀ ਮਦਦ ਮਿਲਦੀ ਹੈ। 
20 ਮਿੰਟ ਕੁਝ ਨਵਾਂ ਜਾਣੋ
ਅਖੀਰ ਦੇ 20 ਮਿੰਟ ਕੁਝ ਨਵਾਂ ਜਾਣਨ ਜਾਂ ਸਿੱਖਣ ਦਾ ਯਤਨ ਕਰੋ। ਇਸ ਲਈ ਤੁਸੀਂ ਕਿਤਾਬਾਂ ਅਤੇ ਇੰਟਰਨੈੱਟ ਦਾ ਸਹਾਰਾ ਲੈਣ ਦੇ ਨਾਲ ਹੀ ਕਿਸੇ ਜਾਣਕਾਰ ਜਾਂ ਆਪਣੇ ਨਾਲ ਗੱਲ ਕਰ ਸਕਦੇ ਹੋ। ਸੇਪ ਮੁਤਾਬਕ ਕੁਝ ਨਵਾਂ ਸਿੱਖਣ ਨਾਲ ਗਿਆਨ ਵਧਣ ਦੇ ਨਾਲ-ਨਾਲ ਆਤਮ-ਵਿਸ਼ਵਾਸ 'ਚ ਵਾਧਾ ਹੁੰਦਾ ਹੈ। ਮਨ 'ਚ ਆਤਮ ਸੰਤੁਸ਼ਟੀ ਦਾ ਅਨੋਖਾ ਜਿਹਾ ਭਾਵ ਜਗਦਾ ਹੈ। ਉਨ੍ਹਾਂ ਨੇ ਰੋਜ਼ ਕੁਝ ਨਵਾਂ ਸਿੱਖਣ ਦੀ ਚਾਹਤ ਨੂੰ ਇਨਸਾਨੀ ਰਿਸ਼ਤਿਆਂ ਨੂੰ ਮਜ਼ਬੂਤ ਬਣਾਉਣ ਅਤੇ ਆਪਣਿਆਂ ਨੂੰ ਬਿਹਤਰ ਢੰਗ ਨਾਲ ਸਮਝਣ 'ਚ ਵੀ ਮਦਦਗਾਰ ਕਰਾਰ ਦਿੱਤਾ ਹੈ।
ਚਿੰਤਾ ਦਾ ਸਬੱਬ
*
54 ਫੀਸਦੀ ਲੋਕ ਸਵੇਰੇ ਸੁਸਤੀ, ਥਕਾਵਟ ਅਤੇ ਚਿੜਚਿੜੇਪਨ ਦੀ ਸ਼ਿਕਾਇਤ ਨਾਲ ਉੱਠਦੇ ਹਨ।
* 80 ਫੀਸਦੀ ਮਾਮਲਿਆਂ ਵਿਚ 7 ਤੋਂ 8 ਘੰਟੇ ਦੀ ਜ਼ਰੂਰੀ ਨੀਂਦ ਨਾ ਮਿਲ ਸਕਣਾ ਇਸ ਦਾ ਮੁੱਖ ਕਾਰ।
* ਮਨ ਵਿਚ ਹਾਂ-ਪੱਖੀ ਊਰਜਾ ਦਾ ਸੰਚਾਰ ਕਰਨ, ਰਚਨਾਤਮਕਤਾ ਵਧਾਉਣ ਵਿਚ ਵੀ ਇਹ ਕਾਫੀ ਅਸਰਦਾਰ।


Related News