ਜਾਣੋ ਕਿਵੇਂ ਦੀ ਰਹੀ ਨਰਿੰਦਰ ਮੋਦੀ-ਨਾਇਡੂ ਤੇ ਨਿਤੀਸ਼ ਦੇ ਰਿਸ਼ਤਿਆਂ ਦੀ ਕਹਾਣੀ

06/05/2024 5:40:16 PM

ਨਵੀਂ ਦਿੱਲੀ- ਨਰਿੰਦਰ ਮੋਦੀ ਨੂੰ ਬੌਤਰ ਪ੍ਰਧਾਨ ਮੰਤਰੀ 5 ਸਾਲ ਸਰਕਾਰ ਚਲਾਉਣੀ ਹੈ ਤਾਂ ਉਨ੍ਹਾਂ ਨੂੰ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਅਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਸਾਥ ਦੀ ਲੋੜ ਹੋਵੇਗੀ। ਉਹ ਇਸ ਲਈ ਕਿਉਂਕਿ 2014 ਅਤੇ 2019 ਵਿਚ ਆਪਣੇ ਦਮ 'ਤੇ ਬਹੁਮਤ ਲਿਆਉਣ ਵਾਲੀ ਭਾਜਪਾ ਇਸ ਵਾਰ 272 ਦਾ ਅੰਕੜਾ ਪਾਰ ਨਹੀਂ ਕਰ ਸਕੀ।  543 ਸੀਟਾਂ ਵਾਲੀ ਲੋਕ ਸਭਾ ਵਿਚ ਸਰਕਾਰ ਵਿਚ ਬਣੇ ਰਹਿਣ ਲਈ ਘੱਟੋ-ਘੱਟ 272 ਸੀਟਾਂ ਚਾਹੀਦੀਆਂ ਹਨ। ਭਾਜਪਾ ਕੋਲ ਇਸ ਵਾਰ 240 ਸੀਟਾਂ ਹੀ ਹਨ। ਹਾਲਾਂਕਿ NDA ਕੋਲ 292 ਸੀਟਾਂ ਹਨ, ਜੋ ਬਹੁਮਤ ਤੋਂ 20 ਜ਼ਿਆਦਾ ਹਨ। NDA 'ਚ ਸਭ ਤੋਂ ਵੱਡੀ ਪਾਰਟੀ ਭਾਜਪਾ ਹੈ। ਇਸ ਤੋਂ ਬਾਅਦ ਚੰਦਰਬਾਬੂ ਨਾਇਡੂ ਦੇ ਤੇਲੁਗੂ ਦੇਸ਼ਮ ਪਾਰਟੀ (TDP) ਹੈ, ਜਿਸ ਦੇ 16 ਸੰਸਦ ਮੈਂਬਰ ਹਨ। ਤੀਜੇ ਨੰਬਰ 'ਤੇ ਨਿਤੀਸ਼ ਕੁਮਾਰ ਦੀ ਜੇ . ਡੀ. ਯੂ ਹੈ, ਜਿਸ ਕੋਲ 12 ਸੀਟਾਂ ਹਨ। ਯਾਨੀ ਕਿ ਨਾਇਡੂ ਅਤੇ ਨਿਤੀਸ਼ ਕੋਲ ਕੁੱਲ 28 ਸੰਸਦ ਮੈਂਬਰ ਹਨ। 

NDA ਦੀ ਸਰਕਾਰ ਬਣੀ ਰਹੇ, ਇਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੋਹਾਂ ਦਾ ਸਾਥ ਬਹੁਤ ਜ਼ਰੂਰੀ ਹੈ। ਇਸ ਲਈ NDA ਦੀ ਅੱਜ ਬੈਠਕ ਹੋ ਰਹੀ ਹੈ, ਜਿਸ ਵਿਚ ਨਾਇਡੂ ਅਤੇ ਨਿਤੀਸ਼ ਦੋਵੇਂ ਪਹੁੰਚੇ ਹਨ। ਇਹ ਬੈਠਕ ਨਰਿੰਦਰ ਮੋਦੀ ਦੀ ਰਿਹਾਇਸ਼ 'ਤੇ ਹੋ ਰਹੀ ਹੈ। ਜਿਸ ਵਿਚ ਨਵੀਂ ਸਰਕਾਰ ਦੇ ਗਠਨ ਨੂੰ ਲੈ ਕੇ ਰਣਨੀਤੀ ਤੈਅ ਹੋਵੇਗੀ। ਹਾਲਾਂਕਿ ਦੋਹਾਂ ਨੇਤਾਵਾਂ ਨੇ NDA ਨਾਲ ਆਉਣ ਦੀ ਗੱਲ ਆਖੀ ਹੈ।ਦੱਸ ਦੇਈਏ ਕਿ ਨਾਇਡੂ ਅਤੇ ਨਿਤੀਸ਼ ਦੋਹਾਂ ਦੇ ਹੀ ਰਿਸ਼ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਉਤਾਰ-ਚੜ੍ਹਾਅ ਵਾਲੇ ਰਹੇ ਹਨ। ਦੋਵੇਂ ਹੀ NDA ਦਾ ਸਾਥ ਛੱਡ ਚੁੱਕੇ ਹਨ ਅਤੇ ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਹੀ ਵਾਪਸ ਗਠਜੋੜ ਵਿਚ ਸ਼ਾਮਲ ਹੋਏ ਸਨ। 

ਨਿਤੀਸ਼ ਅਤੇ ਮੋਦੀ ਦੇ ਰਿਸ਼ਤੇ

ਨਰਿੰਦਰ ਮੋਦੀ ਅਤੇ ਨਿਤੀਸ਼ ਕੁਮਾਰ ਦੇ ਖਟਾਸ ਭਰੇ ਰਿਸ਼ਤੇ 2013 ਵਿਚ ਸਾਹਮਣੇ ਆਏ ਸਨ। ਸਤੰਬਰ 2013 ਵਿਚ ਭਾਜਪਾ ਨੇ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ ਬਣਾਇਆ ਸੀ ਤਾਂ ਨਿਤੀਸ਼ ਨਾਰਾਜ਼ ਹੋ ਗਏ। ਜੂਨ 2013 ਵਿਚ ਨਿਤੀਸ਼ ਕੁਮਾਰ ਨੇ NDA ਦਾ ਸਾਥ ਛੱਡ ਦਿੱਤਾ। ਭਾਜਪਾ ਅਤੇ ਜੇਡੀਯੂ 17 ਸਾਲਾਂ ਤੱਕ ਇਕੱਠੇ ਰਹੇ। ਗਠਜੋੜ ਤੋਂ ਵੱਖ ਹੋਣ ਦਾ ਐਲਾਨ ਕਰਦੇ ਹੋਏ ਨਿਤੀਸ਼ ਨੇ ਕਿਹਾ ਸੀ ਕਿ ਅਸੀਂ ਆਪਣੇ ਮੂਲ ਸਿਧਾਂਤਾਂ ਨਾਲ ਸਮਝੌਤਾ ਨਹੀਂ ਕਰ ਸਕਦੇ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਗਠਜੋੜ ਛੱਡਣ ਲਈ ਮਜਬੂਰ ਕੀਤਾ ਗਿਆ ਸੀ।

ਨਿਤੀਸ਼ ਨੇ 2014 ਦੀਆਂ ਲੋਕ ਸਭਾ ਚੋਣਾਂ ਇਕੱਲੇ ਹੀ ਲੜੀਆਂ ਸਨ। ਇਸ ਨਾਲ ਨਿਤੀਸ਼ ਦੀ ਜੇ. ਡੀ. ਯੂ ਨੂੰ ਭਾਰੀ ਨੁਕਸਾਨ ਹੋਇਆ। ਹਾਰ ਦੀ ਜ਼ਿੰਮੇਵਾਰੀ ਲੈਂਦੇ ਹੋਏ ਨਿਤੀਸ਼ ਨੇ ਮਈ 2014 'ਚ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਲਾਲੂ ਯਾਦਵ ਦੀ ਰਾਸ਼ਟਰੀ ਜਨਤਾ ਦਲ ਨਾਲ 2015 ਦੀਆਂ ਵਿਧਾਨ ਸਭਾ ਚੋਣਾਂ ਲੜੀਆਂ। ਨਿਤੀਸ਼-ਲਾਲੂ ਦੀ ਜੋੜੀ ਨੇ ਕੰਮ ਕੀਤਾ ਅਤੇ ਬਿਹਾਰ ਵਿਚ ਜੇ. ਡੀ. ਯੂ-ਆਰ. ਜੇ. ਡੀ ਦੀ ਸਰਕਾਰ ਬਣੀ ਪਰ ਸਿਰਫ਼ ਦੋ ਸਾਲ ਬਾਅਦ ਜੁਲਾਈ 2017 ਵਿਚ ਨਿਤੀਸ਼ ਨੇ ਵਾਪਸੀ ਕੀਤੀ ਅਤੇ ਦੁਬਾਰਾ NDA ਵਿਚ ਸ਼ਾਮਲ ਹੋ ਗਏ।

ਮੋਦੀ-ਨਾਇਡੂ ਦੀ ਦੋਸਤੀ

ਨਿਤੀਸ਼ ਵਾਂਗ ਮੋਦੀ ਅਤੇ ਚੰਦਰਬਾਬੂ ਨਾਇਡੂ ਦੀ ਦੋਸਤੀ ਵੀ ਉਤਰਾਅ-ਚੜ੍ਹਾਅ ਨਾਲ ਭਰੀ ਰਹੀ ਹੈ। 2018 ਤਕ ਨਾਇਡੂ ਦੀ  TDP, NDA ਦਾ ਹਿੱਸਾ ਸੀ। NDA ਤੋਂ ਵੱਖ ਹੋਣ ਤੋਂ ਬਾਅਦ ਨਾਇਡੂ ਦੀ TDP ਨੇ ਮਾਰਚ 2018 ਵਿਚ ਮੋਦੀ ਸਰਕਾਰ ਵਿਰੁੱਧ ਸੰਸਦ ਵਿਚ ਬੇਭਰੋਸਗੀ ਮਤਾ ਵੀ ਪੇਸ਼ ਕੀਤਾ ਸੀ। ਹਾਲਾਂਕਿ ਇਹ ਮਤਾ ਰੱਦ ਕਰ ਦਿੱਤਾ ਗਿਆ ਸੀ। 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਮੋਦੀ ਅਤੇ ਨਾਇਡੂ ਵਿਚਾਲੇ ਕਈ ਵਾਰ ਗਰਮਾ-ਗਰਮੀ ਹੋਈ। ਗਠਜੋੜ ਤੋਂ ਵੱਖ ਹੋਣ ਕਾਰਨ ਮੋਦੀ ਨੇ ਨਾਇਡੂ ਨੂੰ ‘ਯੂ-ਟਰਨ ਬਾਬੂ’ ਕਿਹਾ ਸੀ। ਇੰਨਾ ਹੀ ਨਹੀਂ 2002 ਦੇ ਗੁਜਰਾਤ ਦੰਗਿਆਂ ਤੋਂ ਬਾਅਦ ਨਾਇਡੂ ਉਨ੍ਹਾਂ ਨੇਤਾਵਾਂ 'ਚੋਂ ਇਕ ਸਨ, ਜਿਨ੍ਹਾਂ ਨੇ ਸਭ ਤੋਂ ਪਹਿਲਾਂ ਨਰਿੰਦਰ ਮੋਦੀ ਤੋਂ ਅਸਤੀਫਾ ਮੰਗਿਆ ਸੀ। ਮੋਦੀ ਉਦੋਂ ਗੁਜਰਾਤ ਦੇ ਮੁੱਖ ਮੰਤਰੀ ਸਨ ਅਤੇ ਗੁਜਰਾਤ ਦੰਗਿਆਂ ਕਾਰਨ ਉਨ੍ਹਾਂ 'ਤੇ ਅਸਤੀਫਾ ਦੇਣ ਦਾ ਦਬਾਅ ਵਧ ਗਿਆ ਸੀ।


Tanu

Content Editor

Related News