ਡ੍ਰੈਗਨ ਅਤੇ ਭਾਰਤ ਦੀ ਨੋਕ-ਝੋਕ

08/14/2022 2:11:21 PM

ਅੱਜਕਲ ਭਾਰਤ ਅਤੇ ਡੈਗਨ (ਚੀਨ) ਦੇ ਦਰਮਿਆਨ ਕਾਫੀ ਨਰਮ-ਗਰਮ ਨੋਕ-ਝੋਕ ਚਲਦੀ ਨਜ਼ਰ ਆਉਂਦੀ ਹੈ। ਗਲਵਾਨ ਘਾਟੀ ਵਿਵਾਦ ਨੇ ਤਾਂ ਤੂਲ ਫੜੀ ਹੀ ਸੀ ਪਰ ਉਸ ਦੇ ਬਾਵਜੂਦ ਪਿਛਲੇ ਦੋ ਸਾਲ ’ਚ ਭਾਰਤ-ਚੀਨ ਵਪਾਰ ’ਚ ਅਥਾਹ ਵਾਧਾ ਹੋਇਆ ਹੈ। ਭਾਰਤ-ਚੀਨ ਹਵਾਈ ਸੇਵਾ ਅੱਜਕਲ ਬੰਦ ਹੈ ਪਰ ਇਸੇ ਹਫਤੇ ਭਾਰਤੀ ਵਪਾਰੀਆਂ ਦਾ ਵਿਸ਼ੇਸ਼ ਜਹਾਜ਼ ਚੀਨ ਪਹੁੰਚਿਆ ਹੈ।

ਗਲਵਾਨ ਘਾਟੀ ਵਿਵਾਦ ਤੋਂ ਜਨਮੀ ਕੁੜੱਤਣ ਦੇ ਬਾਵਜੂਦ ਦੋਵਾਂ ਦੇਸ਼ਾਂ ਦੇ ਫੌਜੀ ਅਧਿਕਾਰੀ ਵਾਰ-ਵਾਰ ਬੈਠ ਕੇ ਆਪਸੀ ਗੱਲਬਾਤ ਕਰ ਰਹੇ ਹਨ। ਕੁਝ ਕੌਮਾਂਤਰੀ ਬੈਠਕਾਂ ’ਚ ਭਾਰਤੀ ਅਤੇ ਚੀਨੀ ਵਿਦੇਸ਼ ਮੰਤਰੀ ਵੀ ਆਪਸ ’ਚ ਮਿਲੇ ਹਨ। ਇਸੇ ਦਾ ਨਤੀਜਾ ਹੈ ਕਿ ਵਿਦੇਸ਼ੀ ਮਾਮਲਿਆਂ ’ਤੇ ਕਾਫੀ ਖੁੱਲ੍ਹ ਕੇ ਬੋਲਣ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੀਨ ਦੇ ਵਿਰੁੱਧ ਲਗਭਗ ਚੁੱਪ ਦਿਖਾਈ ਦੇ ਰਹੇ ਹਨ। ਇਹੀ ਗੱਲ ਅਸੀਂ ਉਦੋਂ ਦੇਖੀ, ਜਦੋਂ ਅਮਰੀਕੀ ਸੰਸਦ ਦੀ ਮੁਖੀ ਨੈਨਸੀ ਪੇਲੋਸੀ ਦੀ ਤਾਈਵਾਨ ਯਾਤਰਾ ’ਤੇ ਜ਼ਬਰਦਸਤ ਹੰਗਾਮਾ ਹੋਇਆ। ਪੇਲੋਸੀ ਦੀ ਤਾਈਵਾਨ ਯਾਤਰਾ ਦੇ ਸਮਰਥਨ ਜਾਂ ਵਿਰੋਧ ’ਚ ਸਾਡੇ ਪ੍ਰਧਾਨ ਮੰਤਰੀ, ਵਿਦੇਸ਼ ਮੰਤਰੀ ਅਤੇ ਵਿਦੇਸ਼ ਮੰਤਰਾਲਾ ਦੇ ਬੁਲਾਰੇ ਦੀ ਚੁੱਪ ਹੈਰਾਨੀਜਨਕ ਸੀ ਪਰ ਇਹ ਚੁੱਪ ਹੁਣ ਟੁੱਟੀ ਹੈ।

ਪੜ੍ਹੋ ਇਹ ਅਹਿਮ ਖ਼ਬਰ-ਖੁਸ਼ਖ਼ਬਰੀ : ਆਸਟ੍ਰੇਲੀਆ ਨੇ ਪ੍ਰਵਾਸੀਆਂ ਦੇ ਦਾਖਲੇ ਨੂੰ ਵਧਾਉਣ ਦੀ ਯੋਜਨਾ ਨੂੰ ਦਿੱਤੀ ਹਰੀ ਝੰਡੀ

ਕਿਉਂ ਟੁੱਟੀ ਹੈ? ਕਿਉਂਕਿ ਚੀਨ ਨੇ ਇਧਰ ਦੋ ਵੱਡੇ ਗਲਤ ਕੰਮ ਕੀਤੇ ਹਨ। ਇਕ ਤਾਂ ਉਸ ਨੇ ਸੁਰੱਖਿਆ ਪ੍ਰੀਸ਼ਦ ’ਚ ਪਾਕਿਸਤਾਨੀ ਨਾਗਰਿਕ ਅਬਦੁਲ ਰਉਫ ਅਜ਼ਹਰ ਨੂੰ ਅੱਤਵਾਦੀ ਐਲਾਨਣ ਦੇ ਮਤੇ ਦਾ ਵਿਰੋਧ ਕਰ ਦਿੱਤਾ ਹੈ ਅਤੇ ਦੂਜਾ ਉਸ ਨੇ ਸ਼੍ਰੀਲੰਕਾ ਦੀ ਹੰਬਨਟੋਟਾ ਬੰਦਰਗਾਹ ’ਤੇ ਆਪਣਾ ਜਾਸੂਸੀ ਜਹਾਜ਼ ਠਹਿਰਾਉਣ ਦਾ ਐਲਾਨ ਕਰ ਦਿੱਤਾ ਸੀ। ਇਹ ਦੋਵੇਂ ਚੀਨੀ ਕਦਮ ਸ਼ੁੱਧ ਭਾਰਤ ਵਿਰੋਧੀ ਹਨ। ਅਜ਼ਹਰ ਨੂੰ ਅਮਰੀਕਾ ਅਤੇ ਭਾਰਤ, ਦੋਵਾਂ ਨੇ ਅੱਤਵਾਦੀ ਐਲਾਨਿਆ ਹੈ। ਚੀਨ ਨੇ ਪਾਕਿਸਤਾਨੀ ਅੱਤਵਾਦੀਆਂ ਨੂੰ ਬਚਾਉਣ ਦਾ ਇਹ ਭੈੜਾ ਕੰਮ ਪਹਿਲੀ ਵਾਰ ਨਹੀਂ ਕੀਤਾ।

ਲਗਭਗ 2 ਮਹੀਨੇ ਪਹਿਲਾਂ ਉਸ ਨੇ ਲਸ਼ਕਰ-ਏ-ਤੋਇਬਾ ਦੇ ਅਬਦੁਲ ਰਹਿਮਾਨ ਮੱਕੀ ਦੇ ਨਾਂ ’ਤੇ ਵੀ ਰੋਕ ਲਗਵਾ ਦਿੱਤੀ ਸੀ। ਇਸੇ ਤਰ੍ਹਾਂ ਜੈਸ਼-ਏ-ਮੁਹੰਮਦ ਦੇ ਸਰਗਣਾ ਮਸੂਦ ਨੂੰ ਅੱਤਵਾਦੀ ਐਲਾਨਣ ਦੇ ਰਾਹ ਵਿਚ ਵੀ ਚੀਨ ਨੇ 4 ਵਾਰ ਅੜਿੱਕਾ ਲਾਇਆ ਸੀ। ਅਬਦੁਲ ਰਉਫ ਅਜ਼ਹਰ ’ਤੇ ਦੋਸ਼ ਹੈ ਕਿ ਉਸ ਨੇ 1998 ’ਚ ਭਾਰਤੀ ਜਹਾਜ਼ ਦੇ ਅਗਵਾ, 2001 ’ਚ ਭਾਰਤੀ ਸੰਸਦ ’ਤੇ ਹਮਲੇ, 2014 ’ਚ ਕਠੂਆ ਦੇ ਫੌਜੀ ਕੈਂਪ ’ਤੇ ਹਮਲਾ ਅਤੇ 2016 ’ਚ ਪਠਾਨਕੋਟ ਦੀ ਹਵਾਈ ਫੌਜ ’ਤੇ ਹਮਲੇ ਆਯੋਜਿਤ ਕੀਤੇ ਸਨ।ਚੀਨ ਇਨ੍ਹਾਂ ਪਾਕਿਸਤਾਨੀ ਅੱਤਵਾਦੀਆਂ ਨੂੰ ਸ਼ਹਿ ਦੇ ਰਿਹਾ ਹੈ ਪਰ ਉਹ ਆਪਣੇ ਲੱਖਾਂ ਉਈਗਰ ਮੁਸਲਮਾਨਾਂ ਨੂੰ ਤਸੀਹਾ ਕੈਂਪਾਂ ’ਚ ਝੋਕ ਰਿਹਾ ਹੈ। ਇਹ ਪਾਕਿਸਤਾਨੀ ਅੱਤਵਾਦੀ ਉਨ੍ਹਾਂ ਨੂੰ ਵੀ ਉਕਸਾਉਣ ’ਚ ਲੱਗੇ ਰਹਿੰਦੇ ਹਨ। ਇਹ ਮੈਂ ਖੁਦ ਚੀਨ ਦੇ ਸ਼ਿਨਚਿਆਂਗ ਸੂਬੇ ’ਚ ਜਾ ਕੇ ਦੇਖਿਆ ਹੈ।ਇਸ ਲਈ ਇਸ ਚੀਨੀ ਕਦਮ ਦੀ ਭਾਰਤੀ ਆਲੋਚਨਾ ਸਟੀਕ ਹੈ। ਜਿੱਥੋਂ ਤੱਕ ਤਾਈਵਾਨ ਦਾ ਸਵਾਲ ਹੈ, ਭਾਰਤ ਵੱਲੋਂ ਕੀਤੀ ਗਈ ਨਰਮ ਆਲੋਚਨਾ ਵੀ ਸਮੇਂ ਅਨੁਸਾਰ ਹੈ। ਉਹ ਚੀਨ-ਅਮਰੀਕਾ ਵਿਵਾਦ ’ਚ ਖੁਦ ਨੂੰ ਕਿਸੇ ਵੀ ਪਾਸਿਓਂ ਕਿਉਂ ਤਿਲਕਣ ਦੇਵੇ?

ਡਾ. ਵੇਦਪ੍ਰਤਾਪ ਵੈਦਿਕ


Vandana

Content Editor

Related News