ਮੈਕਸੀਕੋ : ਲਾਸ਼ਾਂ ਨਾਲ ਭਰੀਆਂ ਮਿਲੀਆਂ ਦੋ ਵੈਨਾਂ, ਇਲਾਕੇ 'ਚ ਫੈਲੀ ਸਨਸਨੀ
Tuesday, Oct 06, 2020 - 09:39 AM (IST)
ਮੈਕਸੀਕੋ ਸਿਟੀ- ਮੈਕਸੀਕੋ ਦੇ ਪ੍ਰਸ਼ਾਸਨ ਨੇ ਉੱਤਰੀ ਸਾਨ ਲੁਈਸ ਪੋਤੋਸੀ ਸੂਬੇ ਦੇ ਵਿਲਾੜੀ ਰਾਮੋਨ ਨਗਰ ਵਿਚ ਸੜਕ ਕੋਲ ਖੜ੍ਹੀਆਂ ਦੋ ਵੈਨ ਗੱਡੀਆਂ ਵਿਚੋਂ 12 ਲਾਸ਼ਾਂ ਬਰਾਮਦ ਕੀਤੀਆਂ ਹਨ। ਇਸ ਖ਼ਬਰ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ ਹੈ।
ਸਾਨ ਲੁਈਸ ਪੋਤੋਸੀ ਜਾਂਚ ਅਧਿਕਾਰੀਆਂ ਦੇ ਦਫ਼ਤਰ ਵਲੋਂ ਬਿਆਨ ਜਾਰੀ ਕਰ ਕੇ ਦੱਸਿਆ ਗਿਆ ਹੈ ਕਿ ਉਨ੍ਹਾਂ ਨੂੰ ਗੱਡੀਆਂ ਵਿਚੋਂ 10 ਪੁਰਸ਼ਾਂ ਤੇ ਦੋ ਬੀਬੀਆਂ ਦੀਆਂ ਲਾਸ਼ਾਂ ਮਿਲੀਆਂ ਹਨ। ਸਥਾਨਕ ਸਰਕਾਰ ਦੇ ਜਨਰਲ ਸਕੱਤਰ ਲੀਲ ਨੇ ਸ਼ੱਕ ਦੇ ਆਧਾਰ 'ਤੇ ਜ਼ਾਕਾਟੇਕਾ ਵਿਚ ਨਸ਼ੀਲੀਆਂ ਦਵਾਈਆਂ ਦੀ ਤਸਕਰੀ ਨਾਲ ਸਬੰਧਤ ਗਰੁੱਪਾਂ ਨੂੰ ਇਸ ਦਾ ਦੋਸ਼ੀ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਸਰਹੱਦੀ ਖੇਤਰ ਤੋਂ ਦੋ ਸੂਬਿਆਂ ਵਿਚ 6 ਹੋਰ ਲੋਕਾਂ ਦੀਆਂ ਲਾਸ਼ਾਂ ਵੀ ਬਰਾਮਦ ਕੀਤੀਆਂ ਗਈਆਂ ਸਨ।
ਅਜੇ ਤੱਕ ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ। ਜਾਂਚ ਅਧਿਕਾਰੀਆਂ ਨੇ ਇਹ ਨਹੀਂ ਦੱਸਿਆ ਕਿ ਇਨ੍ਹਾਂ ਲੋਕਾਂ ਦੀ ਮੌਤ ਕਿਵੇਂ ਹੋਈ ਹੈ। ਜ਼ਿਕਰਯੋਗ ਹੈ ਕਿ ਇਸ ਖੇਤਰ ਵਿਚ ਨਸ਼ਾ ਤਸਕਰੀ ਕਾਰਨ ਗੈਂਗ ਵਾਰ ਹੁੰਦੀਆਂ ਰਹਿੰਦੀਆਂ ਹਨ, ਹੋ ਸਕਦਾ ਹੈ ਕਿ ਇਹ ਮਾਮਲਾ ਵੀ ਇਸ ਦੇ ਨਾਲ ਹੀ ਸਬੰਧਤ ਹੋਵੇ।
ਜਨਵਰੀ ਤੋਂ ਅਗਸਤ ਵਿਚਕਾਰ ਸੈਨ ਲੁਈਸ ਵਿਚ 411 ਲੋਕਾਂ ਦੇ ਕਤਲ ਹੋਏ। ਇਹ ਮਾਮਲੇ 2019 ਨਾਲੋਂ 43 ਫੀਸਦੀ ਵਧੇ ਹਨ। ਮੈਕਸੀਕੋ ਸਰਕਾਰ ਵਲੋਂ ਇਸ ਸਭ ਨੂੰ ਰੋਕਣ ਲਈ ਅਸਫਲ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ ਤੇ ਆਮ ਲੋਕਾਂ ਵਿਚ ਡਰ ਬਣਿਆ ਹੋਇਆ ਹੈ।