ਅਮਰੀਕਾ ਬਾਰੇ ਮੰਦਾ ਬੋਲ ਰਿਹਾ ਸੀ ਸੁਲੇਮਾਨੀ, ਇਸੇ ਲਈ ਮਾਰ ਦਿੱਤਾ: ਟਰੰਪ
Sunday, Jan 19, 2020 - 02:33 PM (IST)

ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਦੇ ਕੁਦਸ ਫੋਰਸ ਦੇ ਜਨਰਲ ਕਾਸਿਮ ਸੁਲੇਮਾਨੀ ਦੇ ਕਤਲ ਦੀ ਇਕ ਨਵਾਂ ਕਾਰਨ ਦੱਸਿਆ ਹੈ। ਰਿਪਬਲਿਕਨ ਪਾਰਟੀ ਨੂੰ ਦਾਨ ਦੇਣ ਵਾਲਿਆਂ ਦੇ ਇਕ ਸਮੂਹ ਨੂੰ ਸੰਬੋਧਿਤ ਕਰਦਿਆਂ ਟਰੰਪ ਨੇ ਕਿਹਾ ਕਿ ਕੁਦਸ ਫੋਰਸ ਦੇ ਜਨਰਲ ਹਮਲੇ ਤੋਂ ਪਹਿਲਾਂ ਤੱਕ ਅਮਰੀਕਾ ਬਾਰੇ ਬਹੁਤ ਖਰਾਬ ਗੱਲਾਂ ਕਹਿ ਰਹੇ ਸਨ। ਇਸੇ ਕਾਰਨ ਉਹਨਾਂ ਨੂੰ ਮਾਰਨ ਦਾ ਹੁਕਮ ਦੇਣਾ ਪਿਆ।
ਅਮਰੀਕੀ ਮੀਡੀਆ ਸੀ.ਐਨ.ਐਨ. ਨੇ ਟਰੰਪ ਦੀ ਪਾਰਟੀ ਦੇ ਲਈ ਫੰਡ ਇਕੱਠਾ ਕਰਨ ਵਾਲੇ ਇਕ ਵਿਅਕਤੀ ਦੇ ਬਿਆਨ ਦੇ ਹਵਾਲੇ ਨਾਲ ਕਿਹਾ ਕਿ ਟਰੰਪ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਅਸੀਂ ਉਹਨਾਂ ਨੂੰ ਹੋਰ ਕਿੰਨਾ ਬਰਦਾਸ਼ਤ ਕਰਦੇ? ਟਰੰਪ ਨੇ ਵਾਈਟ ਹਾਊਸ ਤੋਂ ਸੁਲੇਮਾਨੀ 'ਤੇ ਹਮਲੇ ਦਾ ਪੂਰਾ ਨਜ਼ਾਰਾ ਦੇਖਿਆ ਸੀ। ਉਹਨਾਂ ਨੇ ਫਲੋਰਿਡਾ ਦੇ ਪਾਮ ਬੀਚ 'ਤੇ ਇਕ ਕਲੱਬ ਵਿਚ ਆਯੋਜਿਤ ਸਮਾਗਮ ਵਿਚ ਇਸ ਦਾ ਜ਼ਿਕਰ ਕੀਤਾ। ਟਰੰਪ ਨੇ ਕਿਹਾ ਕਿ ਸਾਨੂੰ ਫੌਜੀ ਅਧਿਕਾਰੀ ਦੱਸ ਰਹੇ ਸਨ ਕਿ ਉਹ (ਸੁਲੇਮਾਨੀ ਤੇ ਹੋਰ) ਨਾਲ ਹਨ। ਫੌਜੀ ਅਧਿਕਾਰੀਆਂ ਨੇ ਟਰੰਪ ਨੂੰ ਕਿਹਾ ਕਿ ਸਰ, ਉਹਨਾਂ ਦੇ ਕੋਲ 2 ਮਿੰਟ ਤੇ 11 ਸਕਿੰਟ ਹਨ। ਇਸ ਤੋਂ ਕੁਝ ਹੀ ਦੇਰ ਬਾਅਦ ਅਧਿਕਾਰੀਆਂ ਨੇ ਕਿਹਾ ਕਿ ਗਿਣਤੀ ਸ਼ੁਰੂ ਹੋ ਗਈ ਹੈ, ਸਰ। ਇਸ ਤੋਂ ਬਾਅਦ ਜ਼ੋਰ ਨਾਲ ਆਵਾਜ਼ ਆਉਂਦੀ ਹੈ ਤੇ ਅਧਿਕਾਰੀ ਕਹਿੰਦੇ ਹਨ ਕਿ ਉਹ ਜਾ ਚੁੱਕੇ ਹਨ, ਸਰ।
ਅਮਰੀਕਾ ਵਿਚ ਡੈਮੋਕ੍ਰੇਟਸ ਤੇ ਹੋਰ ਨਿੰਦਕਾਂ ਨੇ ਅਮਰੀਕੀ ਰਾਸ਼ਟਰਪਤੀ ਦੇ ਹੁਕਮ 'ਤੇ ਹੋਏ ਹਮਲੇ ਦੇ ਸਮੇਂ 'ਤੇ ਸਵਾਲ ਚੁੱਕੇ ਹਨ। ਅਸਲ ਵਿਚ ਟਰੰਪ ਨੇ ਅਜਿਹੇ ਵੇਲੇ ਵਿਚ ਈਰਾਨੀ ਜਨਰਲ ਕਾਸਿਮ ਸੁਲੇਮਾਨੀ ਦੀ ਹੱਤਿਆ ਦਾ ਹੁਕਮ ਦਿੱਤਾ, ਜਦੋਂ ਸੈਨੇਟ ਵਿਚ ਉਹਨਾਂ ਨੂੰ ਕੁਝ ਦਿਨਾਂ ਵਿਚ ਮਹਾਦੋਸ਼ ਦੇ ਮਾਮਲੇ ਦਾ ਸਾਹਮਣਾ ਕਰਨਾ ਸੀ।